ਪੀੜ ਪੁਰਾਣੀ

ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ।
ਕੁਝ ਦਰਦਾਂ ਦੀ ਕੁਝ ਯਾਦਾ ਦੀ, ਹੁਣ ਹੋਰ ਕਹਾਣੀ ਕੀ ਦੱਸੀਏ।
ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,
ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ।
ਇਸ ਥਲ ਵਿਚ ਦਿਸਦਾ ਕੋਈ ਨਾ, ਕਦੇ ਊਠਾਂ ਵਾਲੇ ਲੰਘ ਜਾਂਦੇ,
ਤੇ ਸੰਦਲੀ ਪੈੜਾਂ ਪਾ ਜਾਂਦੇ, ਇਹ ਵਗਦੇ ਪਾਣੀ ਕੀ ਦੱਸੀਏ।
ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ,
ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ ਹਾਣੀ ਕੀ ਦੱਸੀਏ।
ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, ਹੁਣ ਆਸ ਵਸਲ ਦੀ ਰੱਖੀਏ,
ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, ਹੰਝੂਆਂ ਨੂੰ ਪਾਣੀ ਕੀ ਦੱਸੀਏ।
 
Top