ਕ੍ਰਿਸਮਿਸ ਦੀ ਸਹੀ ਸਾਰਥਿਕਤਾ

Saini Sa'aB

K00l$@!n!
ਕ੍ਰਿਸਮਿਸ ਦੀ ਸਹੀ ਸਾਰਥਿਕਤਾ
ਪਾਸਟਰ ਜਤਿੰਦਰ ਪ੍ਰਕਾਸ਼ ਗਿੱਲ, ਨਿਊਯਾਰਕ

“ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ਇਹੋ ਆਦ ਵਿੱਚ ਪਰਮੇਸ਼ਰ ਦੇ ਸੰਗ ਸੀ। ਸਭੋ ਕੁੱਝ ਉਸਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸਤੋਂ ਬਿਨਾ ਨਹੀਂ ਰਚੀ ਗਈ। ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ ”। (ਯੂਹੰਨਾ 1:1-4)
“ਅਤੇ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ…।” ( ਯੂਹੰਨਾ 1 :14)
ਯਿਸੂ ਮਸੀਹ ਦਾ ਜਨਮ ਇਸਰਾਇਲ ਦੇਸ਼ ਵਿੱਚ ਯਰੂਸ਼ਲੇਮ ਸ਼ਹਿਰ ਦੇ ਇੱਕ ਛੋਟੇ ਜਿਹੇ ਨਗਰ ਬੈਤਲਹਮ ਵਿਖੇ ਕੋਈ 2000 ਸਾਲ ਪਹਿਲਾਂ ਈਸਾ ਪੂਰਵ 05 ਵਿੱਚ ਹੈਰੋਦੇਸ ਰਾਜੇ ਦੇ ਰਾਜ ਕਾਲ ਦੌਰਾਨ ਹੋਇਆ।
jesuschild1_200p-1.jpg
ਪ੍ਰਭੂ ਯਿਸੂ ਮਸੀਹ ਕੋਈ 33 1/2 ਵਰ੍ਹੇ ਜਿੰਦਾ ਰਹੇ ਪ੍ਰੰਤੂ ਉਹਨਾਂ ਦਾ ਪ੍ਰਭਾਵ ਪੂਰੇ ਸੰਸਾਰ ਵਿੱਚ ਫੈਲ ਚੁੱਕਾ ਸੀ, ਉਹਨਾਂ ਨੇ ਕੋਈ ਸਾਢੇ ਤਿੰਨ ਸਾਲ ਮਸੀਹੀ ਧਰਮ ਦਾ ਪ੍ਰਚਾਰ ਕੀਤਾ ਪ੍ਰੰਤੂ ਉਹਨਾਂ ਦੀ ਕਹਿਣੀ ਤੇ ਕਰਨੀ, ਚਾਲ ਢਾਲ ਨੇ ਲੋਕਾਂ ਨੂੰ ਪੂਰੀ ਤਰਾਂ ਕਾਇਲ ਕਰ ਲਿਆ।
ਯਿਸੂ ਦੀ ਮਾਤਾ “ਮਰੀਯਮ” ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ਼ ਰੱਖਣ ਵਾਲੀ ਔਰਤ ਸੀ ਜਿਸਦੀ ਮੰਗਣੀ ਯੂਸਫ ਨਾਂ ਦੇ ਇੱਕ ਵਿਅਕਤੀ ਨਾਲ ਹੋ ਚੁੱਕੀ ਸੀ ਜੋ ਕਿ ਬਹੁਤ ਹੀ ਸਾਦਾ ਤੇ ਧਰਮੀ ਵਿਅਕਤੀ ਸੀ। ਯਿਸੂ ਮਸੀਹ ਦੇ ਜਨਮ ਦੀ ਭਵਿੱਖਬਾਣੀ ਕੋਈ 750 ਸਾਲ ਪਹਿਲਾਂ ਯਹੂਦੀ ਪਵਿੱਤਰ ਗ੍ਰੰਥਾਂ ਅਤੇ ਪਵਿੱਤਰ ਬਾਈਬਲ ਵਿੱਚ ਹੋ ਚੁੱਕੀ ਸੀ ਜਿਸਦਾ ਪ੍ਰਮਾਣ ਪਵਿੱਤਰ ਬਾਈਬਲ ਵਿੱਚ ਇਸ ਤਰਾਂ ਮਿਲਦਾ ਹੈ “ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹੋ ਉਸਦਾ ਨਾਮ ਇੰਮਾਨੂਏਲ ਰੱਖੇਗੀ” ਜਿਸਦਾ ਅਰਥ ਹੈ “ਪ੍ਰਮੇਸ਼ਰ ਅਸਾਡੇ ਸੰਗ ”। ( ਯਸਾਯਾਹ 7:14)
ਮਰੀਯਮ ਇੱਕ ਯਹੂਦੀ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਬਹੁਤ ਹੀ ਸਧਾਰਨ ਜ਼ਿੰਦਗੀ ਜੀਅ ਰਹੀ ਸੀ ਜਿਸਨੂੰ ਕਿ ਇੱਕ ਦਿਨ ਅਚਾਨਕ ਹੀ ਫਰਿਸ਼ਤੇ ਨੇ ਦਰਸ਼ਨ ਦੇ ਕੇ ਫੁਰਮਾਇਆ “ਵਧਾਇਉ ਜਿਹਦੇ ਉੱਤੇ ਕਿਰਪਾ ਹੋਈ! ਪ੍ਰਭੂ ਤੇਰੇ ਨਾਲ ਹੈ” ਤੂੰ ਔਰਤਾਂ ਵਿਚੋਂ ਧੰਨ ਹੈਂ ਦੂਤ ਨੇ ਉਹਨੂੰ ਆਖਿਆ ਤੂੰ ਗਰਭਵਤੀ ਹੋਵੇਂਗੀ ਤੇ ਪੁੱਤਰ ਨੂੰ ਜਣੇਂਗੀ ਉਹਦਾ ਨਾਮ ਯਿਸੂ ਰੱਖਣਾ। (ਲੂਕਾ 1:28-31)
ਜਿਸਨੂੰ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਈ ਤੇ ਮਨ ਹੀ ਮਨ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਸਥਿਤੀ ਬਣ ਗਈ ਹੈ ਜੋ ਕਿ ਅਸੰਭਵ ਹੈ। ਉਸਦੇ ਪੈਰਾਂ ਥੱਲਿਉ ਜ਼ਮੀਨ ਖਿਸਕ ਗਈ ਤੇ ਉਸਦੇ ਮਨ ਅੰਦਰ ਅਜੀਬੋਗਰੀਬ ਸਵਾਲ ਉੱਠਣ ਲੱਗੇ। ਉਹ ਫਰਿਸ਼ਤੇ ਨਾਲ ਬਹਿਸ ਕਰਨ ਲੱਗੀ ਕਿ ਮੈਂ ਤਾਂ ਕੁਆਰੀ ਹਾਂ ਇਹ ਕਿਵੇਂ ਹੋ ਸਕਦਾ ਹੈ ਜਦਕਿ ਮੈਂ ਅੱਜ ਤੱਕ ਕਿਸੇ ਪੁਰਸ਼ ਦਾ ਸੰਗ ਨਹੀਂ ਕੀਤਾ। ਅਗਰ ਅਜਿਹਾ ਵਾਪਰਿਆ ਤਾਂ ਉਹ ਸਮਾਜ, ਪਰਿਵਾਰ ਤੇ ਆਪਣੇ ਮੰਗੇਤਰ ਨੂੰ ਕੀ ਦੱਸੇਗੀ। ਬੇਸ਼ੱਕ ਉਹ ਇਹ ਭਲੀ ਤਰਾਂ ਜਾਣਦੀ ਸੀ ਕਿ ਇਹ ਪਰਮਾਤਮਾਂ ਦੀ ਮਰਜੀ ਹੀ ਹੈ ਪਰ ਸਮਾਜ ਤਾਂ ਇਸ ਗੱਲ ਤੋਂ ਅਣਜਾਣ ਹੈ। ਪਰਮੇਸ਼ਰ ਦੀ ਮਰਜੀ ਨੂੰ ਹਾਂ ਕਰਕੇ ਉਸਦੀ ਮੰਗਣੀ ਟੁੱਟ ਸਕਦੀ ਸੀ, ਘਰੋਂ ਬੇਘਰ ਹੋ ਸਕਦੀ ਸੀ, ਸਮਾਜ ਵਿੱਚ ਚਰਿਤਰਹੀਣ ਸਮਝੀ ਜਾ ਸਕਦੀ ਸੀ ਕਿਉਕਿ ਉਹਨਾਂ ਸਮਿਆਂ ਵਿੱਚ ਯਹੂਦੀ ਸ਼ਰ੍ਹਾ ਤੇ ਨੇਮਾ ਮੁਤਾਬਿਕ ਅਗਰ ਕੋਈ ਵੀ ਲੜਕੀ ਵਿਆਹ ਤੋਂ ਪਹਿਲਾਂ ਗਰਭਵਤੀ ਹੁੰਦੀ ਹੈ ਤਾਂ ਉਸਨੂੰ ਪਰਿਵਾਰ, ਸਮਾਜ ਅਤੇ ਧਰਮ ਦੇ ਆਗੂ ਬਦਚਲਣ ਜਾਣ ਕੇ ਪੱਥਰ ਮਾਰ ਮਾਰ ਕੇ ਹਲਾਕ ਕਰ ਦਿੰਦੇ ਸਨ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਦੋਂ ਉਹ ਫਰਿਸ਼ਤੇ ਨਾਲ ਵਿਵਾਦ ਕਰ ਰਹੀ ਸੀ ਤਾਂ ਫਿਰ ਫਰਿਸ਼ਤੇ ਨੇ ਉਸਨੂੰ ਕਿਹਾ ਮਰੀਯਮ ਤੂੰ ਨਾਂ ਡਰ ਤੂੰ ਪਵਿੱਤਰ ਹੀ ਹੈਂ ਅਤੇ “ਪਵਿੱਤਰ ਆਤਮਾ ਤੇਰੇ ਉਪਰ ਆਵੇਗਾ ਅਰ ਅੱਤ ਮਹਾਣ ਦੀ ਕੁਦਰਤ ਤੇਰੇ ਉਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪ੍ਰਮੇਸ਼ਰ ਦਾ ਪੁੱਤਰ ਕਹਾਵੇਗਾ” (ਲੂਕਾ 1:35)
ਫਰਿਸ਼ਤੇ ਦੇ ਇਹ ਸਭ ਕਹਿਣ ਤੇ ਅੰਤ ਵਿੱਚ ਮਰੀਯਮ ਨੇ ਪ੍ਰਮੇਸ਼ਰ ਦੀ ਮਰਜੀ ਨੂੰ ਸਵੀਕਾਰ ਕਰ ਲਿਆ ਅਤੇ ਆਪਣੇ ਆਪ ਨੂੰ ਉਸਦੇ ਕਹੇ ਮੁਤਾਬਿਕ ਸਪੁਰਦ ਕਰ ਦਿੱਤਾ, ਆਖਦੀ ਹੈ “ਵੇਖ ਮੈਂ ਪ੍ਰਭੂ ਦੀ ਬਾਂਦੀ ਹਾਂ ,ਮੇਰੇ ਨਾਲ ਤੇਰੇ ਆਖੇ ਅਨੁਸਾਰ ਹੋਵੇ”।( ਲੂਕਾ 1:38)
ਯਹੂਦੀਆਂ ਦੇ ਕੱਟੜ ਨੇਮਾਂ ਤੇ ਸਮਾਜ ਦੀਆਂ ਸਭ ਰੀਤਾਂ ਰਸਮਾਂ ਦੇ ਬਾਵਜੂਦ ਉਸਨੇ ਇਹ ਸਭ ਕਬੂਲ ਕਰ ਲਿਆ ਜੋ ਕਿ ਉਸ ਲਈ ਬਹੁਤ ਵੱਡੀ ਚੁਣੌਤੀ ਜਾਂ ਕਿਹਾ ਜਾਵੇ ਬਹੁਤ ਵੱਡੀ ਕੁਰਬਾਨੀ ਸੀ।
jesuschild3_160-1.jpg
ਯੂਸਫ ਇੱਕ ਧਰਮੀ ਪੁਰਸ਼ ਸੀ ਜਿਸਨੇ ਕਿ ਇੱਕ ਸਧਾਰਨ ਵਿਅਕਤੀ ਦੀ ਤਰਾਂ ਆਪਣੀ ਸ਼ਾਦੀ ਅਤੇ ਜੀਵਨਸਾਥੀ ਲਈ ਸੁਪਨੇ ਸੰਜੋਏ ਹੋਏ ਸਨ। ਜਦੋਂ ਉਸਨੂੰ ਮਰੀਯਮ ਦੇ ਗਰਭਵਤੀ ਹੋਣ ਦੀ ਭਿਣਕ ਪਈ ਤਾਂ ਉਸਨੂੰ ਆਪਣੇ ਸਭ ਸੁਪਨੇ ਟੁੱਟਦੇ ਨਜਰ ਆਏ ਤੇ ਉਸਨੇ ਸਮਾਜ ਦੀ ਬਦਨਾਮੀ ਦੇ ਡਰੋਂ ਇਸਤੋਂ ਪਹਿਲਾਂ ਕਿ ਇਹ ਗੱਲ ਚਰਚਾ ਦਾ ਵਿਸ਼ਾ ਬਣੇ ਉਸਨੇ ਚੁੱਪ ਚਪੀਤੇ ਮਰੀਯਮ ਨੂੰ ਤਿਆਗਣ ਦਾ ਫੈਸਲਾ ਕਰ ਲਿਆ। ਜਦੋਂ ਉਹ, ਇਹ ਸਭ ਬਾਰੇ ਸੋਚ ਰਿਹਾ ਸੀ ਤਾਂ ਫਰਿਸ਼ਤੇ ਨੇ ਉਸਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਯੂਸਫ, ਮਰੀਯਮ ਨੂੰ ਆਪਣੇ ਘਰ ਲਿਆਉਣੋ ਨਾਂ ਡਰ ਉਹ ਅਜੇ ਵੀ ਉੱਚੇ ਤੇ ਸੁੱਚੇ ਕਿਰਦਾਰ ਵਾਲੀ ਪਵਿੱਤਰ ਲੜਕੀ ਹੈ, ਕਿੳਕਿ ਜਿਹੜਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ ਅਤੇ ਉਹ ਪੁੱਤਰ ਜਣੇਗੀ ਤੂੰ ਉਸਦਾ ਨਾਮ ਯਿਸੂ ਰੱਖੀਂ ਕਿਉਂ ਜੋ ਉਹ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ।
ਹੁਣ ਯੂਸਫ ਸਾਹਮਣੇ ਦੂਹਰੀ ਚੁਣੌਤੀ ਸੀ; ਜਾਂ ਤਾਂ ਉਹ ਪ੍ਰਮੇਸ਼ਰ ਦੇ ਭਾਣੇ ਨੂੰ ਕਬੂਲ ਕਰਕੇ ਆਪਣੀਆਂ ਸਭ ਖਾਹਿਸ਼ਾਂ ਤੇ ਉਮੰਗਾਂ ਨੂੰ ਭੁੱਲ ਜਾਵੇ ਜਾਂ ਫਿਰ ਦੂਸਰੇ ਲੋਕਾਂ ਦੀ ਤਰਾਂ ਸਿੱਧੀ ਸਾਧੀ ਜਿੰਦਗੀ ਜਿਉਣ ਵਾਲਾ ਪੁਰਸ਼ ਬਣ ਕੇ ਇਸ ਦੁਨੀਆਂ ਦੀ ਭੀੜ ਵਿੱਚ ਕਿਤੇ ਲਾਂਭੇ ਹੋ ਜਾਵੇ। ਪਰ ਉਸਨੇ ਔਖੇ ਤੇ ਸੰਕਟ ਭਰਿਆ ਫੈਸਲਾ ਲੈਂਦੇ ਹੋਏ ਮਰੀਯਮ ਨੂੰ ਘਰ ਲਿਆਉਣ ਦਾ ਫੈਸਲਾ ਕਰ ਲਿਆ ।
ਇਹਨਾਂ ਸਭ ਔਕੜਾਂ ਮੁਸੀਬਤਾਂ ਦੇ ਬਾਵਜੂਦ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਣ ਵਾਲਾ ਸੀ ਤਾਂ ਮਰੀਯਮ ਤੇ ਯੂਸਫ ਨੂੰ ਰਹਿਣ ਲਈ ਜਗਾ ਨਹੀਂ ਦਿੱਤੀ, ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜੇ ਬੰਦ ਕਰ ਲਏ। ਆਖਿਰਕਾਰ ਉਹਨਾਂ ਨੂੰ ਇੱਕ ਗਊਸ਼ਾਲਾ ਵਿੱਚ ਜਗਾ ਮਿਲ ਗਈ ਜਿੱਥੇ ਮਰੀਯਮ ਤੋ ਸਿਰਜਣਹਾਰ ਨੇ ਇੱਕ ਛੋਟੀ ਜਿਹੀ ਖੁਰਲੀ ਵਿੱਚ ਜਨਮ ਲਿਆ। ਦੇਖੋ ਕੈਸੀ ਵਿਡੰਬਨਾ ਹੈ ਸਿਰਜਣਹਾਰ ਨੇ ਮਹਿਲ ਮਾੜੀਆਂ ਨੂੰ ਛੱਡ ਕੇ ਇੱਕ ਮਾਮੂਲੀ ਜਿਹੀ ਜਗਾ ਚੁਣ ਲਈ ਕਿਉਕਿ ਲੋਕ ਇਹ ਗੱਲ ਨਹੀਂ ਸੀ ਜਾਣਦੇ ਕਿ ਉਹ ਇਹ ਸਭ ਕਰਕੇ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਵਾਂਝੇ ਹੋ ਰਹੇ ਹਨ। ਅੱਜ ਵੀ ਜਦੋਂ ਅਸੀ ਪ੍ਰਭੂ ਦੇ ਮਿਲਾਪ ਲਈ ਆਪਣੇ ਦਿਲਾਂ ਦੇ ਦਰਵਾਜੇ ਨਹੀਂ ਖੋਲ੍ਹਦੇ ਤਾਂ ਉਹ ਇਸੇ ਤਰਾਂ ਕਿਸੇ ਹੋਰ ਜਗਾ ਤੇ ਕਿਸੇ ਹੋਰ ਦਿਲਾਂ ਵਿੱਚ ਜਨਮ ਲੈ ਲੈਂਦਾ ਹੈ।
jesuschild2_160-1.jpg
ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਤਾਂ ਪੂਰਬ ਦੇਸ਼ੋਂ ਕੁੱਝ ਜੋਤਸ਼ੀ, ਪ੍ਰਭੂ ਨੂੰ ਆਪਣੀਆਂ ਭੇਟਾਵਾਂ ਤੇ ਨਜਰਾਨੇ ਭੇਂਟ ਕਰਨ ਲਈ ਆਏ, ਉਹ ਸਭ ਇੱਕ ਤਾਰੇ ਦੀ ਅਗਵਾਈ ਵਿਚ ਆ ਰਹੇ ਸਨ ਜਿਵੇਂ ਹੀ ਉਹ ਯਰੂਸ਼ਲੇਮ ਦੇ ਵਿਚ ਦਾਖਲ ਹੋਏ ਤਾਂ ਉਹਨਾਂ ਨੇ ਉਸ ਤਾਰੇ ਦੀ ਅਗਵਾਈ ਛੱਡ ਕੇ ਉਸ ਸਮੇ ਦੇ ਰਾਜੇ ਹੈਰੋਦੇਸ ਕੋਲ ਜਾ ਕੇ ਬੱਚੇ ਜਨਮ ਦੇ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਤਖਤੋ ਤਾਜ ਨੂੰ ਖਤਰਾ ਮਹਿਸੂਸ ਕਰਦੇ ਹੋਏ ਆਪਣੇ ਰਾਜ ਦੇ ਵਿਦਵਾਨਾਂ ਨੂੰ ਹੁਕਮ ਦਿੱਤਾ ਕਿ ਜਲਦ ਤੋਂ ਜਲਦ ਇਸ ਬੱਚੇ ਬਾਰੇ ਪਤਾ ਕੀਤਾ ਜਾਵੇ ਅਤੇ ਜੋਤਸ਼ੀਆਂ ਨੂੰ ਵੀ ਹੁਕਮ ਕੀਤਾ ਕਿ ਜਿਉ ਹੀ ਉਹ ਇਸ ਬਾਲਕ ਬਾਰੇ ਕੁੱਝ ਜਾਨਣ ਤਾਂ ਉਸਨੂੰ ਵੀ ਸੂਚਿਤ ਕੀਤਾ ਜਾਵੇ ਤਾਂ ਕਿ ਉਹ ਵੀ ਉਸਦੇ ਦਰਸ਼ਨ ਕਰੇ। ਜਿਵੇਂ ਹੀ ਉਹ ਰਾਜੇ ਦੇ ਮਹਿਲ ਤੋਂ ਬਾਹਰ ਨਿੱਕਲੇ ਤਾਂ ਉਹੋ ਹੀ ਤਾਰਾ ਫਿਰ ਉਹਨਾਂ ਦੀ ਅਗਵਾਈ ਕਰਨ ਲੱਗ ਪਿਆ ਤੇ ਉਹ ਬਿਲਕੁਲ ਉੱਥੇ ਜਾ ਕੇ ਖਲੋ ਗਿਆ ਜਿਥੇ ਬਾਲਕ ਦਾ ਜਨਮ ਹੋਇਆ ਸੀ । ਉਹਨਾਂ ਜੋਤਸ਼ੀਆਂ ਨੇ ਬਾਲਕ ਯਿਸੂ ਦੇ ਦੀਦਾਰ ਕੀਤਾ ਤੇ ਆਪਣੀਆਂ ਵਡਮੁੱਲੀਆਂ ਸੌਗਾਤਾਂ ਅਰਪਣ ਕੀਤੀਆਂ ਤੇ ਸੁਪਨੇ ਵਿਚ ਫਰਿਸ਼ਤੇ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਉਹ ਵਾਪਸ ਹੈਰੋਦੇਸ ਕੋਲ ਨਾ ਜਾਣ। ਸਿੱਧੇ ਆਪਣੇ ਘਰੀਂ ਚਲੇ ਜਾਣ ਤੇ ਉਹਨਾਂ ਨੇ ਹੁਕਮ ਦੀ ਪਾਲਣਾ ਕੀਤੀ। ਬਿਲਕੁਲ ਇਸੇ ਤਰਾਂ ਸਾਡੇ ਨਾਲ ਵੀ ਹੁੰਦਾ ਹੈ ਜਦੋਂ ਅਸੀਂ ਪ੍ਰਮੇਸ਼ਰ ਦੇ ਕੰਮਾ ਨੂੰ ਆਪਣੀ ਮਨੁੱਖੀ ਬੁੱਧੀ ਨਾਲ ਕਰਨਾ ਚਾਹੁੰਦੇ ਹਾਂ, ਅਸੀਂ ਸੋਚਦੇ ਹਾਂ ਕਿ ਅਸੀਂ ਪ੍ਰਮੇਸ਼ਰ ਨਾਲੋਂ ਜਿਆਦਾ ਹੁਸ਼ਿਆਰ ਤੇ ਆਧੁਨਿਕ ਹਾਂ ਅਤੇ ਪ੍ਰਮੇਸ਼ਰ ਬਹੁਤ ਪੁਰਾਤਨ ਤੇ ਧੀਮਾ ਹੈ। ਅਜਿਹਾ ਕਰਕੇ ਅਸੀਂ ਪ੍ਰਮੇਸ਼ਰ ਦੀਆਂ ਬਰਕਤਾਂ ਤੇ ਜਲਾਲ ਤੋਂ ਸੱਖਣੇ ਹੋ ਜਾਂਦੇ ਹਾਂ। ਪ੍ਰਮੇਸ਼ਰ ਆਖਦਾ ਹੈ “ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ”। ( ਯਸਾਯਾਹ 55:9)
ਉਨੀ ਦਿਨੀ ਕੁੱਝ ਆਜੜੀ ਮੈਦਾਨ ਵਿੱਚ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ ਤਾਂ ਉਹੋ ਹੀ ਫਰਿਸ਼ਤਾ ਉਹਨਾਂ ਕੋਲ ਪ੍ਰਗਟ ਹੋਇਆ ਤੇ ਉਹਨਾਂ ਨੂੰ ਆਖਿਆ “ਨਾਂ ਡਰੋ ਕਿਉਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ। ਭਈ ਦਾਊਦ ਦੇ ਨਗਰ ਅੱਜ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ ,ਜਿਹੜਾ ਮਸੀਹ ਪ੍ਰਭੂ ਹੈ”।(ਲੁਕਾ 2:10-11)
ਜਦੋਂ ਉਹਨਾਂ ਨੇ ਫਰਿਸ਼ਤੇ ਦੇ ਕਹੇ ਅਨੁਸਾਰ ਬਾਲਕ ਨੂੰ ਉਵੇਂ ਹੀ ਡਿੱਠਾ ਤਾਂ ਇਹ ਖਬਰ ਉਹਨਾਂ ਜਾ ਕੇ ਪੂਰੇ ਨਗਰ ਵਿੱਚ ਖਿੰਡਾ ਦਿੱਤੀ। ਤੇ ਪ੍ਰਭ ਦੇ ਆਗਿਆਕਾਰੀ ਹੋਣ ਦਾ ਸਬੂਤ ਦਿੱਤਾ।
jesus2_160p-1.jpg
ਅੱਜ ਕ੍ਰਿਸਮਿਸ ਦਾ ਸਮਾਂ ਹੈ। ਅਸਾਨੂੰ ਸਾਰਿਆਂ ਨੂੰ ਬਹੁਤ ਸਾਰੇ ਤੋਹਫੇ ਤੇ ਸੌਗਾਤਾਂ ਮਿਲਣਗੀਆਂ ਪਰ ਅਕਸਰ ਕੀ ਹੁੰਦਾ ਹੈ? ਅਸੀਂ ਇਹਨਾਂ ਚੀਜਾਂ ਨੂੰ ਘਰ ਦੀ ਅਲਮਾਰੀ ਵਿਚ ਬਿਨਾਂ ਖੋਹਲੇ ਹੀ ਰੱਖ ਛੱਡਦੇ ਹਾਂ। ਕਦੇ ਖੋਹਲਣ ਦੀ ਵੀ ਤਕਲੀਫ ਨਹੀ ਕਰਦੇ। ਕ੍ਰਿਸਮਿਸ ਇੱਕ ਰਵਾਇਤ ਬਣ ਚੁੱਕੀ ਹੈ। ਸਕੇ ਸਬੰਧੀਆਂ ਨੂੰ ਕਾਰਡ ਭੇਜਣੇ ਤੇ ਪ੍ਰਾਪਤ ਕਰਨੇ। ਪਰ ਕੀ ਉਹਨਾਂ ਆਜੜੀਆਂ ਵਾਂਗੂ ਕਦੇ ਪ੍ਰਮੇਸ਼ਰ ਦੇ ਦਿੱਤੇ ਹੋਏ ਤੋਹਫੇ ਨੂੰ ਕਦੇ ਖੋਹਲ ਕੇ ਵੇਖਿਆ ? ਕਦੇ ਉਸਦੇ ਦੀਦਾਰ ਕੀਤੇ ਨੇ? ਕੀ ਉਹ ਵਾਕਿਆ ਤੁਹਾਡੇ ਦਿਲ ਦੇ ਕਿਸੇ ਕੋਣੇ ਵਿੱਚ ਜਨਮ ਲੈ ਚੁੱਕਿਆ ਹੈ ? ਜੇ ਦੀਦਾਰ ਕਰ ਲਏ ਨੇ, ਕੀ ਕਿਸੇ ਹੋਰ ਨੂੰ ਵੀ ਜਾਣੂ ਕਰਵਾਇਆ ਹੈ, ਜਿਸਦਾ ਜਨਮ ਦਿਨ ਹੈ ? ਅਗਰ ਉਸ ਨਾਲ ਹੀ ਮੁਲਾਕਾਤ ਨਹੀਂ ਹੋਈ, ਅਗਰ ਉਸਨੂੰ ਅਰਪਿਤ ਨਹੀਂ ਹੋ ਸਕੇ ਤਾਂ ਫਿਰ ਸਾਡਾ ਮੁਕਤੀ ਦਾਤੇ ਦੇ ਜਨਮ ਨੂੰ ਮਨਾਉਣਾ ਕੀ ਹੋਇਆ।
ਕ੍ਰਿਸਮਿਸ ਬੇਸ਼ੱਕ ਸਾਡੇ ਲਈ ਇੱਕ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੈ ਪਰ ਮਰੀਯਮ ਤੇ ਯੂਸਫ ਲਈ ਸਮਰਪਣ ਦਾ ਦਿਨ ਸੀ। ਜਿਥੇ ਅਸੀਂ ਇਸ ਦਿਨ ਨੂੰ ਚਾਵਾਂ ਤੇ ਸੱਧਰਾਂ ਨਾਲ ਮਨਾਉਣਾ ਹੈ ਉੱਥੇ ਅਸੀਂ ਉਸਦੇ ਹੁਕਮ ਨੂੰ ਮੰਨ ਕੇ ਉਸਦਾ ਪ੍ਰਕਾਸ਼ ਆਪਣੇ ਦਿਲਾਂ ਅੰਦਰ ਕਰਨਾਂ ਹੈ ਤਾਂ ਹੀ ਅਸੀ ਉਸਦੇ ਸੱਚੇ ਪੈਰੋਕਾਰ ਕਹਾ ਸਕਦੇ ਹਾਂ।
ਆਖਿਰ ਵਿਚ ਕ੍ਰਿਸਮਿਸ ਦੇ ਸ਼ੁੱਭ ਦਿਨ ਦੀਆਂ ਲੱਖ ਲੱਖ ਮੁਬਾਰਕਾਂ! ਖੁਦਾ ਕਰੇ ਤੁਸੀਂ ਸਭ ਖੁਸ਼ੀਆਂ ਤੇ ਖੇੜਿਆਂ ਭਰਿਆਂ ਜੀਵਨ ਬਤੀਤ ਕਰੋ ਤੇ ਤੁਹਾਨੂੰ ਸਭੇ ਨਿਹਮਤਾਂ ਪ੍ਰਾਪਤ ਹੋਣ!
 
Top