ਜਰਮਨੀ 'ਚ ਪਹਿਲਾ ਭੰਗੜਾ ਗਰੁੱਪ:ਝਲਕ ਪੰਜਾਬ ਦੀ

Saini Sa'aB

K00l$@!n!
ਵਿਸਾਖੀ 1999 ਦੀ ਸਮੁੱਚੇ ਸੰਸਾਰ ਦੇ ਕੋਨੇ ਕੋਨੇ 'ਚ ਵਸਦੇ ਸਿੱਖਾਂ, ਪੰਜਾਬੀਆਂ ਨੇ ਆਪਣੇ ਧਾਰਮਿਕ, ਸਭਿਆਚਾਰਕ ਪੱਖਾਂ ਤੋਂ ਧੂਮ-ਧਾਮ ਨਾਲ ਮਨਾਈ। ਬਰਤਾਨੀਆ, ਕੈਨੇਡਾ, ਅਮਰੀਕਾ ਜਿਥੇ ਸਿੱਖਾਂ, ਪੰਜਾਬੀਆਂ ਦੀ ਵਸੋਂ ਕਾਫੀ ਹੈ, ਉਥੇ ਤਾਂ ਪਹਿਲਾਂ ਹੀ ਖਾਲਸਾਈ ਗੱਤਕਾ ਜਥੇ ਅਤੇ ਭੰਗੜਾ ਗਰੁੱਪ ਹੋਂਦ 'ਚ ਹਨ।
ਜਰਮਨੀ 'ਚ ਪਹਿਲੀ ਵਾਰ ਗੱਤਕਾ ਜਥਾ ਭਾਈ ਰਣਜੀਤ ਸਿੰਘ ਗਿੱਲਾਂ ਵਾਲੇ ਅਤੇ ਭੰਗੜਾ ਗਰੁੱਪ ਅਵਤਾਰ ਸਿੰਘ ਹੁੰਦਲ ਦੀ ਅਗਵਾਈ ਹੇਠ ਹੋਂਦ 'ਚ ਆਏ ਹਨ।
ਜਰਮਨੀ ਵਸਦੇ ਪੰਜਾਬੀਆਂ ਨੇ ਜਦ ਵੀ ਕਦੇ ਸਭਿਆਚਾਰਕ ਪ੍ਰੋਗਰਾਮ ਉਲੀਕੇ ਤਾਂ ਜਿਥੇ ਗਾਇਕ ਆਦਿ ਮੰਗਵਾਉਣ ਲਈ ਮਾਲੀ ਗਿਣਤੀਆਂ ਅਤੇ ਮਿਣਤੀਆਂ ਠਠੰਬਰ ਕੇ ਰਹਿ ਜਾਂਦੀਆਂ ਹਨ, ਉਥੇ ਬਰਤਾਨੀਆ ਤੋਂ ਭੰਗੜਾ ਗਰੁੱਪ ਮੰਗਵਾਉਣ ਲਈ ਵੱਡੀ ਰਾਸ਼ੀ ਲਈ ਰਸਤਾ ਸਾਫ ਕਰਨਾ ਬੜਾ ਕਠਿਨ ਜਿਹਾ ਲੱਗਦਾ ਸੀ। 'ਭੰਗੜਾ ਗਰੁੱਪ' 'ਚ ਸ਼ਾਮਲ ਜਵਾਨਾਂ ਦੀਆਂ ਟਿਕਟਾਂ ਫਿਰ ਹੌਸਲਾ ਅਫਜ਼ਾਈ ਕਰਨੀ, ਪ੍ਰਬੰਧਕਾਂ ਦਾ ਹੌਸਲਾ ਕੇਰ ਕੇ ਰੱਖ ਦਿੰਦਾ ਸੀ। ਸਿਆਣਿਆਂ ਦਾ ਕਥਨ ਹੈ ਕਿ ਲੋੜ ਕਾਢ ਦੀ ਮਾਂ ਹੈ। ਪਰ ਇਥੇ ਤਾਂ ਲੋੜ ਨੇ ਸਿਰਫ ਪਰਦਾ ਚੁੱਕ ਕੇ ਅਵਤਾਰ ਸਿੰਘ ਹੁੰਦਲ ਨੂੰ ਸਿਖਾਂਦਰੂ ਦੇ ਰੂਪ 'ਚ ਪੇਸ਼ ਕਰ ਦਿੱਤਾ। ਹੁੰਦਲ ਜਿਹੜਾ 1986 'ਚ ਐਸ.ਡੀ. ਕਾਲਜ ਚੰਡੀਗੜ੍ਹ ਦੇ ਕੋਚ ਪੀਟਰ ਤੋਂ ਭੰਗੜਾ ਪਾਉਣ ਦੀ ਸਿੱਖਿਆ ਪ੍ਰਾਪਤ ਕਰਕੇ ਆਇਆ ਸੀ, ਆਪਣੀ ਕਲਾ ਨੂੰ ਦਬਾ ਕੇ ਕਿੰਨਾ ਕੁ ਚਿਰ ਹੋਰ ਰੱਖ ਸਕਦਾ ਸੀ। ਖਾਲਸਾ ਕਾਲਜ ਚੰਡੀਗੜ੍ਹ 'ਚ 1992 ਤਕ ਭੰਗੜਾ ਗਰੁੱਪ ਲਈ ਸਮਾਂ ਦਿੱਤਾ ਸੀ। ਪੰਜਾਬੀ ਕਲਚਰਲ ਸੁਸਾਇਟੀ ਫੂਲ ਰਾਜ ਸਿੰਘ ਫੂਲੀ ਮੁਹਾਲੀ ਦਾ ਸਾਥ ਦਿੱਤਾ। ਇਹ ਸਭਿਆਚਾਰਕ ਸੁਸਾਇਟੀ ਵਲੋਂ ਭੰਗੜਾ (ਮਲਵਈ ਗਿੱਧਾ) ਗੱਤਕਾ ਅਤੇ ਨਾਚ ਅੱਜ ਵੀ ਲਗਾਤਾਰ ਪੇਸ਼ ਕੀਤੇ ਜਾਂਦੇ ਹਨ। ਬੱਸ ਫਿਰ ਕੀ ਸੀ, ਜਿਥੇ ਚਾਹ ਉਥੇ ਰਾਹ। ਅਵਤਾਰ ਸਿੰਘ ਹੁੰਦਲ ਨੇ ਭੰਗੜਾ ਗਰੁੱਪ ਦੀ ਸਿਰਜਨਾ ਲਈ ਮੜਾਸਾ ਮਾਰ ਲਿਆ। ਡੰਡੀਆਂ ਅਤੇ ਰਾਹ ਲੱਭ ਕੇ ਅੱਠ-ਦੱਸ ਸੋਹਣੇ ਸੁਨੱਖੇ, ਛੋਹਲੇ ਪੈਰ ਉਠਾਉਣ ਵਾਲੇ ਲੱਕ ਦੂਹਰਾ ਕਰਦੇ, ਢੋਲ ਦੇ ਡੱਗੇ ਉਤੇ ਮਸਤ ਹੋਣ ਵਾਲੇ ਗੱਭਰੂ ਲੱਭ ਕੇ ਦਿਨ-ਰਾਤ ਅਭਿਆਸ ਕਰਵਾ ਕੇ, ਝਲਕ ਪੰਜਾਬ ਦੀ ਰੰਗ ਮੰਚ ਉਪਰ ਝਲਕ ਪੁਆ ਦਿੱਤੀ।
ਉਸ ਨੇ ਪੰਜਾਬ 'ਚ ਆਪਣੇ ਭੰਗੜਾ ਗਰੁੱਪ ਨਾਲ ਪਟਿਆਲਾ, ਲੁਧਿਆਣਾ, ਚੰਡੀਗੜ੍ਹ, ਡੇਹਰਾਦੂਨ ਤੇ ਦਿੱਲੀ ਆਦਿ ਸ਼ਹਿਰਾਂ 'ਚ ਪ੍ਰਭਾਵਸ਼ਾਲੀ ਪ੍ਰੋਗਰਾਮ ਦਿੱਤੇ।
ਤੁਹਾਨੂੰ ਲਗਣ ਕਿੱਥੋਂ ਲੱਗੀ? ਜਵਾਬ 'ਚ ਹੁੰਦਲ ਨੇ ਦੱਸਿਆ ਕਿ ਭੰਗੜੇ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ ਕਿਉਂਕਿ ਸਾਡੇ ਬਜ਼ੁਰਗ ਸਿਆਲਕੋਟੀ ਹੋਣ ਕਰਕੇ ਭੰਗੜੇ ਦੀ ਹੀ ਕਥਾ, ਵਾਰਤਾ ਕਰਦੇ ਰਹਿੰਦੇ। ਉਨ੍ਹਾਂ ਗੱਲਾਂ ਦਾ ਮੇਰੇ ਮਨ ਉਪਰ ਕਾਫੀ ਪ੍ਰਭਾਵ ਪਿਆ। ਦਰਅਸਲ ਭੰਗੜਾ ਸਿਆਲ ਕੋਟ 'ਚ ਬੜਾ ਮਸ਼ਹੂਰ ਸੀ। ਭੰਗੜੇ ਦੀ ਦਿਲੀ ਖਾਹਿਸ਼ ਹੁੰਦਲ ਨੇ ਕਾਲਜ ਦੇ ਦਿਨਾਂ 'ਚ ਪੂਰੀ ਹੀ ਨਹੀਂ ਕੀਤੀ ਸਗੋਂ ਇਕ ਵਧੀਆ ਪੇਸ਼ਕਾਰ ਬਣ ਗਿਆ। ਭੰਗੜਾ-ਕਲਾ ਨੂੰ ਬਿਹਤਰ ਬਣਾਉਣ ਲਈ ਹੁੰਦਲ ਨੇ ਢੇਰ ਸਾਰਾ ਪੰਜਾਬੀ ਸਾਹਿਤ ਪੜ੍ਹਿਆ ਅਤੇ ਇਸ ਕਲਾ ਨੂੰ ਹੋਰ ਸ਼ਿੰਗਾਰਿਆ, ਨਿਖਾਰਿਆ। ਭੰਗੜੇ ਦੌਰਾਨ ਬੋਲੀਆਂ ਦਾ ਮੁੱਖ ਧੁਰਾ ਪੰਜਾਬੀਆਂ ਦਾ ਮਾਣਮੱਤਾ, ਸੂਰਮਗਤੀ ਜੀਵਨ ਹੈ। ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬੀ ਇਤਿਹਾਸ ਨੂੰ ਵੀ ਸਟੇਜ ਉਤੇ ਪੇਸ਼ ਕੀਤਾ ਜਾਵੇ।
'ਝਲਕ ਪੰਜਾਬ ਦੀ' ਭੰਗੜਾ ਗਰੁੱਪ ਜਰਮਨੀ ਵਸਦੇ ਪੰਜਾਬੀਆਂ 'ਚ ਮਸ਼ਹੂਰ ਹੋ ਚੁੱਕਾ ਹੈ। ਕਿਧਰੇ ਵੀ ਕਦੇ ਕੋਈ ਸਭਿਆਚਾਰਕ ਸਮਾਗਮ ਹੋਵੇ, 'ਝਲਕ ਪੰਜਾਬ ਦੀ' ਬਿਨਾਂ ਅਧੂਰਾ ਹੀ ਜਾਪਦਾ ਹੈ। ਜਿਨ੍ਹਾਂ ਜਰਮਨ ਲੋਕਾਂ ਨੇ ਭੰਗੜੇ ਦੇ ਝਲਕਾਰੇ ਵੇਖੇ ਹਨ, ਉਹ ਝੂਮ ਉਠੇ।
 
Top