'84 ਦੇ ਸਿੱਖ ਵਿਰੋਧੀ ਦੰਗਿਆਂ 'ਚ ਹੋਈਆਂ 2733 ਮੌਤਾਂ

[JUGRAJ SINGH]

Prime VIP
Staff member
ਨਵੀਂ ਦਿੱਲੀ, 5 ਜਨਵਰੀ (ਏਜੰਸੀ)-ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸੰਦਰਭ 'ਚ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਬਿਆਨ ਰਾਹੀਂ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਦਿੱਲੀ 'ਚ 1984 ਵਿਚ ਸਿੱਖ ਵਿਰੋਧੀ ਦੰਗਿਆਂ 'ਚ 2733 ਲੋਕ ਮਾਰੇ ਗਏ ਅਤੇ ਇਸ ਸਿਲਸਿਲੇ 'ਚ ਗਿ੍ਫਤਾਰ 3163 ਲੋਕਾਂ 'ਚੋਂ ਕੇਵਲ 442 ਨੂੰ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਜਾ ਸਕਿਆ ਹੈ | ਸਰਕਾਰ ਨੇ ਹਾਲਾਂ ਕਿ ਇਸ ਮਾਮਲੇ 'ਚ ਮਿ੍ਤਕਾਂ ਅਤੇ ਪੀੜਤਾਂ ਦਾ ਵੇਰਵਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਗ੍ਰਹਿ ਮੰਤਰਾਲੇ 'ਚ ਇਸ ਪ੍ਰਕਾਰ ਦਾ ਕੋਈ ਅੰਕੜਾ ਨਹੀਂ ਰੱਖਿਆ ਜਾਂਦਾ |
ਸੂਚਨਾ ਦਾ ਅਧਿਕਾਰ ਆਰ. ਟੀ. ਆਈ. ਤਹਿਤ ਗ੍ਰਹਿ ਮੰਤਰਾਲੇ ਕੋਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਿਲ ਵਿਅਕਤੀਆਂ ਦਾ ਵੇਰਵਾ ਮਿ੍ਤਕਾਂ, ਜ਼ਖ਼ਮੀਆਂ ਤੇ ਬੇਘਰ ਹੋਏ ਲੋਕਾਂ ਦਾ ਵੇਰਵਾ ਅਤੇ ਹੁਣ ਤੱਕ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਸੰਪੂਰਨ ਜਾਣਕਾਰੀ ਮੰਗੀ ਗਈ ਸੀ | ਲੋਕ ਸਭਾ 'ਚ ਹਾਲਾਂਕਿ ਇਕ ਪ੍ਰਸ਼ਨ ਦੇ ਲਿਖਤ ਉੱਤਰ 'ਚ ਗ੍ਰਹਿ ਰਾਜ ਮੰਤਰੀ ਮੁੱਲਾ ਪੱਲੀ ਰਾਮਚੰਦਰਨ ਨੇ ਦੱਸਿਆ ਸੀ ਕਿ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ 'ਚ 3163 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਸ 'ਚ ਕੇਵਲ 442 ਲੋਕਾਂ ਨੂੰ ਇਸ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਜਾ ਸਕਿਆ ਹੈ | ਆਰ. ਟੀ. ਆਈ. ਤਹਿਤ 1984 ਦੇ ਦੰਗਿਆਂ 'ਚ ਮਾਰੇ ਗਏ ਲੋਕਾਂ ਦਾ ਵੇਰਵਾ ਮੰਗੇ ਜਾਣ 'ਤੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮੰਗੀ ਗਈ ਸੂਚਨਾ ਦਾ ਸਬੰਧ ਕਾਨੂੰਨ ਤੇ ਵਿਵਸਥਾ ਅਤੇ ਲੋਕ ਵਿਵਸਥਾ ਨਾਲ ਸੰਬੰਧਿਤ ਹੈ ਜੋ ਭਾਰਤ ਦੇ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਭਾਗ-2 ਰਾਜ ਸੂਚੀ 'ਚ ਵਰਣਿਤ ਰਾਜ ਦਾ ਵਿਸ਼ਾ ਹੈ ਅਤੇ ਗ੍ਰਹਿ ਮੰਤਰਾਲੇ 'ਚ ਇਸ ਪ੍ਰਕਾਰ ਦਾ ਕੋਈ ਡਾਟਾ ਨਹੀਂ ਰੱਖਿਆ ਜਾਂਦਾ | ਸਿੱਖ ਵਿਰੋਧੀ ਦੰਗਿਆਂ ਦੇ ਸੰਦਰਭ 'ਚ ਮੰਤਰਾਲੇ ਨੇ ਦੱਸਿਆ ਕਿ ਆਹੂਜਾ ਸਮਿਤੀ ਦੀ ਰਿਪੋਰਟ ਅਨੁਸਾਰ ਦਿੱਲੀ 'ਚ 2733 ਲੋਕ ਮਾਰੇ ਗਏ ਸਨ | ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਦਿੱਲੀ ਸਥਿਤ ਆਰ. ਟੀ. ਆਈ. ਕਾਰਕੁਨ ਗੋਪਾਲ ਪ੍ਰਸਾਦ ਨੇ ਗ੍ਰਹਿ ਮੰਤਰਾਲੇ ਕੋਲੋਂ ਇਹ ਜਾਣਕਾਰੀ ਮੰਗੀ ਸੀ | ਸ੍ਰੀ ਰਾਮਚੰਦਰਨ ਨੇ ਜਾਣਕਾਰੀ ਦਿੱਤੀ ਸੀ ਕਿ ਦਿੱਲੀ 'ਚ ਇਸ ਘਟਨਾ ਦੇ ਸਿਲਸਿਲੇ 'ਚ 650 ਮਾਮਲੇ ਦਰਜ ਕੀਤੇ ਗਏ ਜਿਸ 'ਚ 3163 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਨ੍ਹਾਂ ਵਿਚੋਂ 442 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦ ਕਿ 2706 ਲੋਕਾਂ ਨੂੰ ਬਰੀ ਕੀਤਾ ਗਿਆ ਹੈ | 15 ਲੋਕਾਂ ਵਿਰੁੱਧ ਅਜੇ ਵੀ ਸੁਣਵਾਈ ਜਾਰੀ ਹੈ | ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1984 ਦੇ ਦੰਗਿਆਂ ਤੋਂ ਪ੍ਰਭਾਵਿਤ ਸਿੱਖਾਂ ਲਈ ਸਰਕਾਰ ਨੇ ਕਾਫੀ ਕੁਝ ਕੀਤਾ ਹੈ ਪਰ ਬਹੁਮੁਲੇ ਜੀਵਨ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਵੀ ਮੁਆਵਜ਼ਾ ਕਾਫੀ ਨਹੀਂ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੰਗਿਆਂ ਦੇ ਸਿਲਸਿਲੇ 'ਚ ਸਿੱਖ ਭਾਈਚਾਰੇ ਦੇ ਲੋਕਾਂ ਤੋਂ ਸੰਸਦ 'ਚ ਮੁਆਫੀ ਮੰਗ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਜਿੱਥੋਂ ਤੱਕ ਸੰਭਵ ਹੋਇਆ ਪੀੜਤ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੀ ਸਰਕਾਰ ਨੇ ਸਿੱਖ ਪੀੜਤਾਂ ਲਈ ਕਾਫੀ ਕੁਝ ਕੀਤਾ ਹੈ | ਮੈਂ ਦੇਸ਼ ਦੀ ਸਰਕਾਰ ਵੱਲੋਂ ਸੰਸਦ 'ਚ ਸਿੱਖ ਭਾਈਚਾਰੇ ਨਾਲ 1984 'ਚ ਜੋ ਕੁਝ ਹੋਇਆ ਉਸ ਦੇ ਲਈ ਸਰਬਜਨਕ ਤੌਰ 'ਤੇ ਮੁਆਫ਼ੀ ਮੰਗੀ ਹੈ ਤੇ ਅਜਿਹਾ ਫਿਰ ਕਦੀ ਨਹੀਂ ਹੋਣਾ ਚਾਹੀਦਾ |
 
Top