ਦਿੱਲੀ ਦੇ ਗੁਰਦੁਆਰੇ 'ਚ ਭਿੜੇ ਦੋ ਗਰੁੱਪ, 8 ਜ਼ਖ਼ਮੀ

Android

Prime VIP
Staff member
ਨਵੀਂ ਦਿੱਲੀ :¸ ਸਰਾਏ ਕਾਲੇ ਖਾਨ ਇਲਾਕੇ 'ਚ ਇਕ ਗੁਰਦੁਆਰੇ ਨਾਲ ਜੁੜੇ ਹਸਪਤਾਲ ਦੀ ਜ਼ਮੀਨ ਨੂੰ 7 ਸਾਲ ਲਈ ਪਟੇ 'ਤੇ ਦੇਣ ਦੀ ਕੋਸ਼ਿਸ਼ 'ਚ ਪੈਦਾ ਹੋਏ ਵਿਵਾਦ ਨੇ ਸ਼ੁੱਕਰਵਾਰ ਹਿੰਸਕ ਰੂਪ ਧਾਰਨ ਕਰ ਲਿਆ। ਸਨਲਾਈਟ ਕਾਲੋਨੀ ਵਿਖੇ ਗੁਰਦੁਆਰਾ ਬਾਲਾ ਸਾਹਿਬ ਨਾਲ ਜੁੜੇ ਗੁਰੂ ਹਰਕ੍ਰਿਸ਼ਨ ਹਸਪਤਾਲ ਦੀ ਜ਼ਮੀਨ ਬੀ. ਐੱਲ. ਕਪੂਰ ਨੂੰ ਲੀਜ਼ ਉੱਤੇ ਦੇਣ ਦੀ ਕੋਸ਼ਿਸ਼ ਨੂੰ ਲੈ ਕੇ ਦੋ ਗਰੁੱਪਾਂ ਦਰਮਿਆਨ ਹੋਈ ਝੜਪ ਨੂੰ ਖਤਮ ਕਰਵਾਉਣ ਲਈ ਪੁਲਸ ਨੂੰ ਭਾਰੀ ਮਿਹਨਤ ਕਰਨੀ ਪਈ। ਕੁੱਟਮਾਰ ਦੌਰਾਨ ਦੋਹਾਂ ਧਿਰਾਂ ਦੇ 8 ਤੋਂ ਵੱਧ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋਏ। ਦਿੱਲੀ ਪੁਲਸ ਦੇ ਤਿੰਨ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਵਿਵਾਦ ਦੀ ਜੜ੍ਹ ਗੁਰਦੁਆਰਾ ਬਾਲਾ ਸਾਹਿਬ ਨਾਲ ਜੁੜਿਆ ਗੁਰੂ ਹਰਕ੍ਰਿਸ਼ਨ ਹਸਪਤਾਲ ਹੈ, ਜਿਸਦੀ ਜ਼ਮੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਮਨੀਪਾਲ ਗਰੁੱਪ ਨੂੰ ਵੇਚ ਦਿੱਤੀ ਪਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨੇਤਾ ਕੁਲਦੀਪ ਸਿੰਘ ਨੇ ਇਸ ਸੌਦੇ ਦਾ ਵਿਰੋਧ ਕਰਦੇ ਹੋਏ ਅਦਾਲਤ ਵਿਚ ਅਪੀਲ ਦਾਇਰ ਕਰ ਦਿੱਤੀ।
ਅਦਾਲਤ ਨੇ ਇਸ ਮਾਮਲੇ 'ਚ ਪੁਲਸ ਨੂੰ ਜਾਂਚ ਕਰਨ ਲਈ ਕਿਹਾ। ਇਸ ਪਿਛੋਂ ਮਨੀਪਾਲ ਗਰੁੱਪ ਨੇ ਸਰਨਾ ਨੂੰ ਪੈਸੇ ਵਾਪਸ ਕਰਨ ਅਤੇ ਹਸਪਤਾਲ ਦੀ ਜ਼ਮੀਨ ਦਾ ਕਬਜ਼ਾ ਦੇਣ ਲਈ ਕਿਹਾ। ਸੌਦਾ ਰੱਦ ਹੋਣ ਪਿਛੋਂ ਕਥਿਤ ਤੌਰ 'ਤੇ ਸਰਨਾ ਨੇ ਹਸਪਤਾਲ ਦੀ ਜ਼ਮੀਨ ਬੀ. ਐੱਲ. ਕਪੂਰ ਨਾਮੀ ਇਕ ਵਿਅਕਤੀ ਨੂੰ ਪਟੇ 'ਤੇ ਦੇ ਦਿੱਤੀ। ਸ਼ੁੱਕਰਵਾਰ ਨੂੰ ਬੀ. ਐੱਲ. ਕਪੂਰ ਭੂਮੀ ਪੂਜਨ ਕਰ ਰਹੇ ਹਨ।
ਮੌਕੇ 'ਤੇ ਸਰਨਾ ਦੇ ਭਰਾ ਹਰਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਮੌਜੂਦ ਸਨ। ਇਸ ਦੌਰਾਨ ਸਨਲਾਈਟ ਕਾਲੋਨੀ ਦੇ ਲੋਕਾਂ ਨੇ ਹਰੀ ਮੋਹਨ ਸਿੰਘ ਦੀ ਅਗਵਾਈ ਵਿਚ ਮੌਕੇ 'ਤੇ ਪਹੁੰਚ ਕੇ ਵਿਰੋਧ ਕੀਤਾ। ਲੋਕਾਂ ਨੇ ਹਰਵਿੰਦਰ ਸਿੰਘ ਤੇ ਰਵਿੰਦਰ ਸਿੰਘ ਸਰਨਾ ਨੂੰ ਕੁੱਟ ਸੁੱਟਿਆ। ਇਸ ਪਿਛੋਂ ਦੋਵੇਂ ਧਿਰਾਂ ਭਿੜ ਗਈਆਂ। ਧੀਰ ਸਿੰਘ ਨਾਮੀ ਇਕ ਵਿਅਕਤੀ ਨੂੰ ਗੰਭੀਰ ਰੂਪ ਵਿਚ ਸੱਟ ਲੱਗੀ ਹੈ।
ਸਰਨਾ ਕੋਲੋਂ ਗੁਰਦੁਆਰੇ ਆਜ਼ਾਦ ਕਰਵਾਏ ਜਾਣਗੇ : ਮੱਕੜ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸਰਨਾ ਝੂਠ ਬੋਲ ਰਿਹਾ ਹੈ ਕਿਉਂਕਿ ਅਦਾਲਤ ਦੇ ਹੁਕਮਾਂ ਅਨੁਸਾਰ ਪਰਚਾ ਦਰਜ ਹੋਇਆ ਹੈ ਤੇ ਸਮਾਂ ਆਉਣ 'ਤੇ ਸਾਰੇ ਦਸਤਾਵੇਜ਼ ਸਾਹਮਣੇ ਆ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬਾਲਾ ਸਾਹਿਬ ਦੀ ਜ਼ਮੀਨ ਦੀ ਸੇਲ ਡੀਡ ਲਈ ਅੰਤਿੰ੍ਰਗ ਕਮੇਟੀ ਤੋਂ ਕੋਈ ਵੀ ਮਤਾ ਤਕ ਪਾਸ ਨਹੀਂ ਕਰਵਾਇਆ ਗਿਆ। ਸਰਨਾ ਭਰਾਵਾਂ ਵਲੋਂ ਕੌਮ ਦੇ ਇਸ ਵਿਰਸੇ ਨੂੰ ਮਨੀਪਾਲ ਕੋਲ ਵੇਚ ਦਿੱਤਾ ਗਿਆ, ਜਿਸ ਨੂੰ ਕੁਲਦੀਪ ਸਿੰਘ ਭੋਗਲ ਨੇ ਅਦਾਲਤ 'ਚ ਜਾ ਕੇ ਰੁਕਵਾ ਲਿਆ। ਉਨ੍ਹਾਂ ਕਿਹਾ ਕਿ ਅੱਜ ਮਨੀਪਾਲ ਦੇ ਬੰਦੇ ਆਪਣੇ ਪੈਸੇ ਵਾਪਸ ਲੈਣ ਲਈ ਹਸਪਤਾਲ ਦੇ ਬਾਹਰ ਮੰਜਾ ਡਾਹੀ ਬੈਠੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅਰਦਾਸ ਦੀ ਥਾਂ ਭੂਮੀ ਪੂਜਨ ਕੀਤਾ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੀ ਜੋ ਪਵਿੱਤਰਤਾ ਭੰਗ ਹੋਈ ਹੈ, ਉਸ ਲਈ ਸਰਨਾ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੌਮ ਵਲੋਂ ਉਸ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾਵੇਗਾ ਅਤੇ ਇਕ ਦਿਨ ਜਿਵੇਂ ਨਰਾਇਣੂ ਮਹੰਤ ਕੋਲੋਂ ਕੌਮ ਨੇ ਗੁਰਦੁਆਰੇ ਆਜ਼ਾਦ ਕਰਵਾਏ ਸਨ, ਉਵੇਂ ਹੀ ਦਿੱਲੀ ਦੇ ਗੁਰਦੁਆਰੇ ਵੀ ਸਰਨਾ ਕੋਲੋਂ ਅਜ਼ਾਦ ਕਰਵਾ ਲਏ ਜਾਣਗੇ।
ਗੁਰਦੁਆਰੇ ਤੇ ਗੁਰੂ ਦੀ ਗੋਲਕ ਚੋਰਾਂ ਦੇ ਹੱਥ ਨਹੀਂ ਜਾਣ ਦਿੱਤੇ ਜਾਣਗੇ : ਸਰਨਾ
ਅੰਮ੍ਰਿਤਸਰ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦਿਆਂ ਬੇਸ਼ੱਕ ਮੇਰੀ ਜਾਨ ਚਲੀ ਜਾਵੇ ਪਰ ਗੁਰਦੁਆਰੇ ਗੁੰਡਿਆਂ, ਬਦਮਾਸ਼ਾਂ, ਲੁਟੇਰਿਆਂ ਅਤੇ ਗੋਲਕ ਚੋਰਾਂ ਦੇ ਹੱਥਾਂ ਵਿਚ ਨਹੀਂ ਜਾਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾਨ ਚਲਾਉਣ ਲਈ ਗੁਰੂ ਦੀ ਗੋਲਕ 'ਚੋਂ ਮਾਇਆ ਖਰਚਦੀ ਹੈ ਪਰ ਦਿੱਲੀ ਕਮੇਟੀ ਨੇ ਹਸਪਤਾਲ ਚਲਾਉਣ ਵਾਲੀ ਸੰਸਥਾਂ ਤੋਂ 375 ਕਰੋੜ ਲੈਣੇ ਹਨ।
ਸਰਨਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਆਪਣੀ ਹਾਰ ਕਬੂਲਦਿਆਂ ਦਿੱਲੀ ਦੇ ਗੁਰਧਾਮਾਂ ਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਉਣਾ ਚਾਹਿਆ ਹੈ।
ਸਰਨਾ ਨੇ ਕਿਹਾ ਕਿ ਉਹ ਇਹ ਸਾਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ 'ਚ ਲਿਆ ਕੇ ਇਹ ਅਪੀਲ ਕਰਨ ਜਾ ਰਹੇ ਹਨ ਕਿ ਉਹ ਪ੍ਰੋ. ਸਰਬਜੀਤ ਸਿੰਘ ਧੂੰਦਾਂ ਵਾਂਗ ਜਲਦੀ ਹੀ ਇਸ ਦਾ ਗੁਰਮਤਿ ਮਰਿਆਦਾ ਅਨੁਸਾਰ ਫੈਸਲਾ ਦੇਣ, ਨਾ ਕਿ ਸੁਨਹਿਰੀ ਬੀੜਾਂ ਦੇ ਮਾਮਲੇ ਵਾਂਗ ਲਟਕਾ ਹੀ ਛੱਡਣ।
 
Top