ਤੂੰ ਮੇਰਾ ਰਾਖਾ

ਪਲ-ਪਲ ਯਾਦ ਕਰਾਂ ਮੈਂ ਤੈਨੂੰ,
ਹੋਰ ਨਾਂ ਦਿਸੇ ਸਹਾਰਾ ਮੈਨੂੰ..
ਜਦ ਵੀ ਕੋਈ ਸੰਕਟ ਆਵੇ,
ਦੇਕੇ ਹੱਥ ਬਚਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||

ਨਾਮ ਤੇਰੇ ਦਾ ਰੰਗ ਹੈ ਚੜ੍ਹਿਆ,
ਦਾਤਾ ਤੇਰਾ ਪੱਲਾ ਫ਼ੜਿਆ..
ਔਗੁਣ-ਹਾਰ ਨਿਮਾਣੇ ਨੂੰ ਤੂੰ,
ਦੇਖੀਂ ਛੱਡ ਨਾਂ ਜਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||

ਮੈਨੂੰ ਤੇਰੇ ਬਾਜ਼ ਨੀਂ ਸਰਦਾ,
ਮੈਂ ਹਾਂ ਕੂਕਰ ਤੇਰੇ ਦਰ ਦਾ..
ਤੇਰਾ ਦਰ ਨੀਂ ਛੱਡਣਾਂ,
ਭਾਵੇਂ ਛਮਕਾਂ ਮਾਰ ਭਜਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||

ਭਵ-ਜਲ ਪਾਰ ਕਰਾਦੇ ਮਾਲਿਕਾ,
ਬੇੜੀ ਬੰਨ੍ਹੇ ਲਾ ਦੇ ਮਾਲਿਕਾ..
ਏਥੇ-ਓਥੇ ਦੋਹੀਂ ਜਹਾਨੀਂ,
ਪੂਰਾ ਸਾਥ ਨਿਭਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||

ਚਰਨਾਂ ਦੇ ਨਾਲ ਜੋੜਕੇ ਰੱਖੀਂ,
ਬੁਰੇ ਕੰਮਾਂ ਤੋਂ ਮੋੜਕੇ ਰੱਖੀਂ..
ਆਪਣੀ ਸਾਰੀ ਸੰਗਤ ਉੱਤੇ,
ਨਜ਼ਰ ਮਿਹਰ ਦੀ ਪਾਈਂ..
ਤੂੰ ਮੇਰਾ ਰਾਖਾ,
ਸਭਨੀਂ ਥਾਈਂ..||
 
Top