ਮੈਨੂੰ ਯਾਰ ਮੇਰੇ ਜਾਪਦੇ ਖ਼ੁਦਾ ਵਰਗੇ

ਇਹ ਗੱਲ ਤਾਂ ਹਰ ਕੋਈ ਜਾਣਦਾ ਏ
ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ
ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ
ਹੀਰ ਛੱਡ ਕਈ ਪੂਰ ਸਹੇਲੀਆਂ ਦਾ"

ਜਾਪਦੇ ਨੇ ਯਾਰ ਬੇਲੀ ਜਿੰਦਗੀ ‘ਚ ਡਿੱਠੇ ਕਿਸੇ ਹੁਸੀਨ ਖ਼ਾਅਬ ਦੇ ਅਹਿਸਾਸ ਵਰਗੇ, ਕਿਸੇ ਕੋਮਲ ਜਿਹੀ ਯਾਦ ਵਰਗੇ ਤੇ ਜਾਂ ਫਿਰ ਕਹਿ ਲਓ ਖੁਦਾ ਵਰਗੇ। ਵਾਕਿਆ ਹੀ ਦੋਸਤ ਤਾਂ ਖੁਦਾ ਵਰਗੇ ਈ ਹੁੰਦੇ ਨੇ, ਪਿਆਰੇ ਪਿਆਰੇ ਕਿਸੇ ਅਹਿਸਾਸ ਜਿਹੇ । ਦੋਸਤੀ ਇਕ ਅਜਿਹਾ ਬੰਧਨ ਹੈ, ਜਿਹੜਾ ਕਿਸੇ ਬੰਦਿਸ਼ ਦਾ ਮੁਹਥਾਜ ਨਹੀਂ ਹੁੰਦਾ । ਇਹ ਅਜਿਹਾ ਰਿਸ਼ਤਾ ਹੈ ਜਿਹੜਾ ਅਸੀਂ ਆਪ ਆਪਣੀ ਮਰਜ਼ੀ ਨਾਲ ਕਾਇਮ ਕਰਦੇ ਹਾਂ । ਮਾਂ, ਬਾਪ, ਭਾਈ ਭੈਣ ਅਤੇ ਰਿਸ਼ਤੇਦਾਰ ਅਸੀਂ ਆਪ ਨਹੀਂ ਬਣਾਉਂਦੇ ਸਗੋ ਇਹ ਰਿਸ਼ਤੇ ਸਾਡੇ ਜਨਮ ਤੋਂ ਪਹਿਲਾਂ ਹੀ ਮੌਜੂਦ ਹੁੰਦੇ ਨੇ, ਪਰ ਦੋਸਤ ਅਸੀਂ ਆਪਣੀ ਮਰਜ਼ੀ ਨਾਲ ਚੁਣਦੇ ਹਾਂ। ਦੁਨੀਆਂ ਦਾ ਮੇਲਾ ਤਾਂ ਯਾਰਾਂ ਬੇਲੀਆਂ ਨਾਲ ਹੀ ਮੰਨਾਇਆ ਜਾ ਸਕਦਾ ਹੈ । ਇਕੱਲਾ ਤਾਂ ਰੁੱਖ ਵੀ ਮਾੜਾ ਹੁੰਦਾ ਹੈ । ਦੋਸਤੀ ਦਾ ਰਿਸ਼ਤਾ ਇਨਸਾਨ ਦੀਆਂ ਅੰਦਰੂਨੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ । ਕਈ ਵਾਰੀ ਜਿਹੜੀ ਗੱਲ ਅਸੀਂ ਆਪਣੇ ਵੱਡੇ ਜਾਂ ਛੋਟੇ ਭੈਣ ਭਰਾ ਜਾਂ ਮਾਂ ਬਾਪ ਨਾਲ ਕਰਦਿਆਂ ਹਿਚਕਚਾਉਂਦੇ ਹਾਂ ਉਹ ਗੱਲ ਆਪਣੇ ਦੋਸਤਾਂ ਨਾਲ ਕਰਦਿਆਂ ਸਾਨੂੰ ਕਿਸੇ ਤਰ੍ਹਾਂ ਦੀ ਹਿਚਕਚਾਹਟ ਜਾਂ ਸੰਗ ਮਹਿਸੂਸ ਨਹੀਂ ਹੁੰਦੀ । ਦੋਸਤ ਚਾਹੇ ਬਚਪਨ ਦੇ ਹੋਣ ਚਾਹੇ ਸਕੂਲ ਜਾਂ ਕਾਲਜ ਦੇ ਹਮੇਸ਼ਾਂ ਸਕੇ ਰਿਸਤਿਆਂ ਨਾਲੋਂ ਉੱਪਰ ਹੁੰਦੇ ਨੇ, ਕਿਉਕਿ ਕਈ ਵਾਰੀ ਦੋਸਤ ਦੋਸਤਾਂ ਦੀ ਐਸੀ ਮਦਦ ਕਰ ਦਿੰਦੇ ਹਨ ਜਿਹੜੇ ਸਕੇ ਰਿਸ਼ਤੇਦਾਰ ਵੀ ਕਦੀ ਨਹੀਂ ਕਰ ਸਕਦੇ । ਦੋਸਤਾਂ ਦੀ ਗਿਣਤੀ ਵਧਾਉਣ ਨਾਲੋ ਚੰਗਾ ਇਹ ਹੋਵੇਗਾ ਕਿ ਇਕ ਚੰਗੇ ਦੋਸਤ ਨਾਲ ਦੋਸਤੀ ਹੋਰ ਵਧਾਈ ਜਾਵੇ । ਤੁਸੀਂ ਆਪਣੇ ਦੋਸਤਾਂ ਨੂੰ ਪਿਆਰ ਅਤੇ ਸਨੇਹ ਦੇਵੋ, ਉਸ ਦੇ ਬਦਲੇ ਜੋ ਤੁਹਾਨੂੰ ਮਿਲੇਗਾ ਉਹ ਕਿਸੇ ਨਿਆਮਤ ਨਾਲੋਂ ਘੱਟ ਨਹੀਂ ਹੋਵੇਗਾ ।
ਮਨੋਵਿਗਿਆਨੀਆਂ ਦੇ ਕਹਿਣ ਅਨੁਸਾਰ ਭਾਵਨਾਤਮਿਕ ਸਹਾਰੇ ਅਤੇ ਮਾਨਸਿਕ ਸ਼ਾਂਤੀ ਲਈ ਜੀਵਨ ਵਿੱਚ ਚੰਗੇ ਦੋਸਤਾਂ ਅਤੇ ਸੁਭਚਿੰਤਕਾਂ ਦਾ ਬਹੁਤ ਮਹੱਤਵ ਹੈ । ਜ਼ਿਆਦਾ ਸੁਭਚਿੰਤਕਾਂ ਦੀ ਮਜ਼ੂਦਗੀ ਮਾਨਸਿਕ ਰੂਪ ਵਿੱਚ ਜ਼ਿਆਦਾ ਸੁਰੱਖਿਅਤ ਹੋਣ ਦਾ ਅਹਿਸਾਸ ਦਵਾਉਂਦੀ ਹੈ । ਬੁਰੇ ਸਮੇਂ ਜਾਂ ਬਿਮਾਰੀ ਵਿੱਚ ਤੁਹਾਡੇ ਕੋਲ ਦੋਸਤਾਂ ਦੀ ਮਜ਼ੂਦਗੀ ਅਤੇ ਉਹਨਾਂ ਦੀ ਹਮਦਰਦੀ ਤੁਹਾਡੇ ਲਈ ਔਸ਼ਧੀ ਦਾ ਕੰਮ ਕਰਦੀ ਹੈ ਅਤੇ ਅਜਿਹੇ ਸਮੇਂ ਤੁਸੀਂ ਆਪਣੀਆਂ ਭਾਵਨਾਵਾਂ ਤੇ ਕਾਬੂ ਨਾ ਰੱਖਦੇ ਹੋਏ ਮਲੋ ਮੱਲੀ ਰੋ ਵੀ ਪੈਂਦੇ ਹੋ। ਚੰਗੇ ਦੋਸਤ ਰੱਬ ਵੱਲੋਂ ਦਿੱਤੀ ਅਨਮੋਲ ਸੁਗਾਤ ਹੁੰਦੇ ਨੇ।
ਸਰਵੇਖਣਾਂ ਅਨੁਸਾਰ ਜਿਹੜੇ ਦਿਲ ਦੇ ਮਰੀਜਾਂ ਦੇ ਚੰਗੇ ਦੋਸਤ ਨਹੀਂ ਹੁੰਦੇ ਉਹਨਾਂ ਨੂੰ ਚੰਗੇ ਦੋਸਤਾਂ ਵਾਲੇ ਦਿਲ ਦੇ ਮਰੀਜਾਂ ਦੇ ਮੁਕਾਬਲੇ ਦੁਬਾਰਾ ਦਿਲ ਦਾ ਦੋਰਾ ਪੈਣ ਦੇ ਜ਼ਿਆਦਾ ਆਸਾਰ ਹੁੰਦੇ ਨੇ । ਭਾਵਨਾਤਮਿਕ ਸਹਾਰੇ ਲਈ ਅਸੀਂ ਸਕੇ ਰਿਸ਼ਤਿਆਂ ਨਾਲੋਂ ਦੋਸਤਾਂ ਤੇ ਜ਼ਿਆਦਾ ਨਿਰਭਰ ਹੁੰਦੇ ਹਾਂ, ਕਿਉਕਿ ਸੱਚੇ ਦੋਸਤ ਦਾ ਬੰਧਨ ਨਿੱਜੀ ਸਵਾਰਥਾਂ ਤੋਂ ਰਹਿਤ, ਸਨੇਹ ਅਤੇ ਵਿਸਵਾਸ਼ ਨਾਲ ਬੱਝਾ ਹੁੰਦਾ ਹੈ ਅਤੇ ਉਸ ਉਤੇ ਕਿਸੇ ਪ੍ਰਕਾਰ ਦੀ ਜ਼ਬਰਦਸਤੀ ਜਾਂ ਰਿਸ਼ਤੇ ਦਾ ਦਬਾਅ ਨਹੀਂ ਹੁੰਦਾ ।
ਦੋਸਤੀ ਸਾਡੀ ਮਾਨਸਿਕ ਲੋੜ ਹੈ । ਹਰ ਬੰਦਾ ਦੂਸਰੇ ਦਾ ਪਿਆਰ, ਮੋਹ ਅਤੇ ਸਨੇਹ ਚਾਹੁੰਦਾ ਹੈ । ਬਾਕੀ ਜ਼ਰੂਰਤਾਂ ਵਾਂਗੂੰ ਇਹ ਵੀ ਸਾਡੀ ਅਹਿਮ ਜਰੂਰਤ ਹੈ । ਇਸ ਦੀ ਘਾਟ ਨਾਲ ਵਿਅਕਤੀ ਵਿੱਚ ਕਈ ਤਰਾਂ ਦੀਆਂ ਵਿਵਹਾਰਕ ਅਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਦੋਸਤਾਂ ਤੋਂ ਬਿਨਾਂ ਇਕੱਲ ਪਸੰਦ ਕਰਨ ਵਾਲਾ ਬੰਦਾ ਚਿੜਚਿੜਾ ਹੋ ਜਾਂਦਾ ਹੈ ਅਤੇ ਉਹ ਪੂਰੀ ਤਰਾਂ ਵਿਕਸਿਤ ਨਹੀਂ ਹੁੰਦਾ । ਅਜਿਹਾ ਵਿਅਕਤੀ ਅੰਤਰਮੁਖੀ ਬਣ ਕਿ ਰਹਿ ਜਾਂਦਾ ਹੈ । ਉਸ ਵਿੱਚ ਆਤਮ ਵਿਸਵਾਸ ਅਤੇ ਫੈਸਲਾ ਕਰਨ ਦੀ ਘਾਟ ਹੋ ਜਾਂਦੀ ਹੈ । ਉਹ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਨਹੀਂ ਕਰ ਸਕਦਾ ਅਤੇ ਅਕਸਰ ਹਿੰਸਕ ਰੂਪ ਵੀ ਲੈ ਲੈਂਦਾ ਹੈ।
ਦੋਸਤਾਂ ਦਾ ਸਾਡੇ ਵਿਅਕਤੀਤਵ ਵਿੱਚ ਇੰਨਾ ਜਜ਼ਆਦਾ ਮਹੱਤਵ ਹੋਣ ਦੇ ਬਾਵਜ਼ੂਦ ਵੀ ਕਈ ਵਾਰੀ ਅਸੀਂ ਨਿੱਕੀ ਮੋਟੀ ਗੱਲ ਤੋਂ ਦੋਸਤਾਂ ਨਾਲ ਆਪਣੇ ਸਬੰਧ ਵਿਗਾੜ ਲੈਂਦੇ ਹਾਂ । ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ, ਮਾਨਸਿਕ ਸ਼ਾਂਤੀ ਅਤੇ ਭਾਵਨਾਤਮਿਕ ਸੁਰੱਖਿਆ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਦੋਸਤਾਂ ਨਾਲ ਆਪਣੇ ਸਬੰਧ ਮਧੁਰ ਬਣਾਈਏ । ਸੱਜਣ ਮਿੱਤਰ ਜਾਂ ਦੋਸਤ ਯਾਰ ਤਾਂ ਰੱਬ ਦੇ ਨਾਂ ਵਰਗੇ ਹੁੰਦੇ ਨੇ ਜਿਹੜੇ ਕਦੀ ਭੁਲਾਏ ਨਹੀਂ ਜਾਣੇ ਚਾਹੀਦੇ। ਹਾਂ ਜੁਦਾਈ ਹੁੰਦੀ ਹੈ, ਪਰ ਜੁਦਾ ਹੋਣ ਤੋ ਬਾਅਦ ਮਿਲਣ ਦਾ ਸੁਆਦ ਕੁਝ ਹੋਰ ਹੀ ਹੁੰਦਾ ਹੈ । ਤਾਂ ਹੀ ਤਾਂ ਗੁਰਦਾਸ ਮਾਨ ਵਰਗੇ ਵਧੀਆ ਗਾਇਕ ਆਖਦੇ ਨੇ :-
ਮੈਨੂੰ ਯਾਰ ਮੇਰੇ ਜਾਪਦੇ ਖ਼ੁਦਾ ਵਰਗੇ
ਕਿਸੇ ਅੱਲਾ ਦੇ ਫਕੀਰ ਦੀ ਦੁਵਾ ਵਰਗੇ ।
 
Top