ਚਲੋ ਇੱਕ ਵਾਰ ਫਿਰ ਤੋਂ…

ਚਲੋ ਇੱਕ ਵਾਰ ਫਿਰ ਤੋਂ…


ਪਤੀ-ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਰਿਸ਼ਤਾ ਹੁੰਦਾ ਹੈ। ਇਕ ਦੂਜੇ ਦਾ ਹੱਥ ਫੜ ਕੇ ਜਦੋਂ ਪਤੀ-ਪਤਨੀ ਫੇਰੇ ਲੈਂਦੇ ਹਨ ਤਾਂ ਉਹ ਕਈ ਵਚਨਾਂ ਨਾਲ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਹਨ। ਇਹ ਇਕ ਅਜਿਹਾ ਰਿਸ਼ਤਾ ਹੁੰਦਾ ਹੈ, ਜਿਸ ’ਚ ਉਤਸ਼ਾਹ, ਉਮੰਗ ਅਤੇ ਖੁਸ਼ੀ ਹੁੰਦੀ ਹੈ। ਇਹ ਵਿਸ਼ਵਾਸ ਦਾ ਇਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ’ਚ ਦੋਵੇਂ ਸਾਥੀ ਮਨ, ਕਰਮ ਅਤੇ ਵਚਨ ਨਾਲ ਇਕ ਦੂਜੇ ਨੂੰ ਅਪਣਾ ਕੇ ਗ੍ਰਹਿਸਥ ਆਸ਼ਰਮ ’ਚ ਦਾਖਲ ਹੁੰਦੇ ਹਨ। ਇਕ ਦੂਜੇ ਦੀ ਸਰੀਰਕ ਖਿੱਚ ਉਨ੍ਹਾਂ ਦੇ ਰਿਸ਼ਤਿਆਂ ਦੀ ਡੋਰ ਨੂੰ ਕੁਝ ਸਾਲਾਂ ਤੱਕ ਤਾਂ ਮਜ਼ਬੂਤੀ ਨਾਲ ਬੰਨ੍ਹੀ ਰੱਖਦੀ ਹੈ ਪਰ ਉਮਰ ਦੇ ਨਾਲ-ਨਾਲ ਸਰੀਰਕ ਖਿੱਚ ਵੀ ਘਟਦੀ ਜਾਂਦੀ ਹੈ ਅਤੇ ਹੌਲੀ-ਹੌਲੀ ਪਤੀ ਪਤਨੀ ਇਕ ਦੂਜੇ ਤੋਂ ਦੂਰ ਹੋਣ ਲੱਗ ਜਾਂਦੇ ਹਨ।
ਵਿਆਹ ਦੇ ਪਹਿਲੇ 10 ਸਾਲ ਤਾਂ ਪਤੀ-ਪਤਨੀ ਦੀ ਜ਼ਿੰਦਗੀ ਇਕ ਦੂਜੇ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਕਰਨ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ’ਚ ਹੀ ਨਿਕਲ ਜਾਂਦੀ ਹੈ। ਜਦੋਂ ਪਤੀ-ਪਤਨੀ ਦਾ ਇਕ-ਦੂਜੇ ਨਾਲ ਸਮਾਂ ਗੁਜ਼ਾਰਨ ਦਾ ਵਕਤ ਆਉਂਦਾ ਹੈ ਤਾਂ ਉਦੋਂ ਤੱਕ ਉਹ ਇਕ ਦੂਜੇ ਤੋਂ ਅੱਕ ਚੁੱਕੇ ਹੁੰਦੇ ਹਨ। ਹਾਲਾਂਕਿ ਗ੍ਰਹਿਸਥ ਜ਼ਿੰਦਗੀ ਦੀ ਬੁਨਿਆਦ ’ਚ ਹੀ ਸੈਕਸ ਹੈ ਪਰ ਇਸ ਨਾਲ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਇਹ ਭਾਵਨਾਵਾਂ ਬਦਲਣੀਆਂ ਨਹੀਂ ਚਾਹੀਦੀਆਂ। ਇਹ ਉਹੀ ਰਹਿਣੀਆਂ ਚਾਹੀਦੀਆਂ ਹਨ, ਜਿਹੜੀਆਂ ਕਿ ਵਿਆਹ ਦੇ ਪਹਿਲੇ ਦਿਨਾਂ ’ਚ ਸਨ। ਖੇਡ ਕੇ ਸੁੱਟਣ ਦੀ ਚੀਜ਼ ਖਿਡੌਣੇ ਹੁੰਦੇ ਹਨ, ਇਨਸਾਨ ਨਹੀਂ। ਜ਼ਿੰਦਗੀ ਰੁਕਣ ਦਾ ਨਹੀਂ ਲਗਾਤਾਰ ਚਲਣ ਦਾ ਨਾਂ ਹੈ। ਜੇ ਇਹ ਨਿਰੰਤਰ ਚਲਦੀ ਰਹੇ ਤਾਂ ਹੀ ਜ਼ਿੰਦਗੀ ਦਾ ਮਜ਼ਾ ਆਉਂਦਾ ਹੈ।
ਰਿਸ਼ਤਿਆਂ ’ਤੇ ਵੀ ਇਹੀ ਸਿਧਾਂਤ ਲਾਗੂ ਹੁੰਦਾ ਹੈ। ਖ਼ਾਸ ਕਰਕੇ ਪਤੀ-ਪਤਨੀ ਦੇ ਰਿਸ਼ਤੇ ’ਚ ਵੀ ਲਗਾਤਾਰ ਨਵੇਂਪਣ ਅਤੇ ਤਾਜ਼ਗੀ ਦੀ ਲੋੜ ਹੁੰਦੀ ਹੈ। ‘ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ’ ਇਕ ਹਿੰਦੀ ਫ਼ਿਲਮ ਦੇ ਗਾਣੇ ਦੀਆਂ ਇਹ ਲਾਈਨਾਂ ਗ੍ਰਹਿਸਥ ਜ਼ਿੰਦਗੀ ਦੀ ਤਾਜ਼ਗੀ ਹਮੇਸ਼ਾ ਬਣਾਈ ਰੱਖਣ ਦਾ ਸਭ ਤੋਂ ਬੇਹਤਰੀਨ ਮੰਤਰ ਵੀ ਹੈ।

ਇਹ ਗੱਲ ਸਹੀ ਹੈ ਕਿ ਇਕ ਵਾਰ ਅਜਨਬੀ ਬਣ ਕੇ ਹੀ ਇਕ ਨਵੀਂ ਤਾਜ਼ਗੀ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਕ-ਦੂਜੇ ਤੋਂ ਉਕਤਾਉਣ ਦੀ ਬਜਾਇ ਕਿਉਂ ਨਾ ਫਿਰ ਤੋਂ ਨਵੀਂ ਤਾਜ਼ਗੀ ਨਾਲ ਜ਼ਿੰਦਗੀ ’ਚ ਪਿਆਰ ਦਾ ਰੰਗ ਭਰਿਆ ਜਾਵੇ। ਅੱਜ ਲੋੜ ਹੈ ਜ਼ਿੰਦਗੀ ਦੀ ਬੈਟਰੀ ਨੂੰ ਚਾਰਜ ਕਰਕੇ ਆਪਣੀ ਜ਼ਿੰਦਗੀ ’ਚ ਇਕ ਵਾਰ ਫਿਰ ਤੋਂ ਨਵਾਂਪਣ ਲਿਆਉਣ ਦੀ।
 
Top