ਟੁੱਟ ਕੇ ਅਸਾਡਾ ਰਿਸ਼ਤਾ ਹੁਣ ਹੋਰ ਵੀ ਸੁੰਦਰ ਹੋ ਗਿਆ

ਟੁੱਟ ਕੇ ਅਸਾਡਾ ਰਿਸ਼ਤਾ ਹੁਣ ਹੋਰ ਵੀ ਸੁੰਦਰ ਹੋ ਗਿਆ
ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫ਼ਿਰ ਹੋ ਗਿਆ।

ਹੌਲੀ ਹੌਲੀ ਪੁੱਜ ਗਈ ਹੈ ਦੀਵਾਨਗੀ ਕਿਸ ਮੋੜ 'ਤੇ
ਤੇਰਾ ਹਾਸਾ ਤੇ ਤੇਰਾ ਤੀਰ ਇੱਕ ਬਰਾਬਰ ਹੋ ਗਿਆ।

ਉਹ ਪਾਣੀ ਦੇ ਬੱਦਲ ਮੇਰੇ ਗਮ 'ਚ ਸ਼ਰੀਕ ਹੋ ਜਾ।
ਤੂੰ ਦੇਰ ਕਰਕੇ ਆਇਆ ਹੁਣ ਤਾਂ ਖੇਤ ਬੰਜਰ ਹੋ ਗਿਆ।


ਸਾਗਰ ਦਾ ਮਾਲਕ ਵੀ ਅੱਗ ਦੀ ਲਪੇਟ 'ਚ ਆ ਗਿਆ
ਅਜੀਬੋ ਗਰੀਬ ਹਾਦਸਾ ਤੇ ਅਜੀਬ ਮੰਜ਼ਿਰ ਹੋ ਗਿਆ।

ਉਹ ਵੀ ਤਾਂ ਪੜ੍ਹਦਾ ਰੋਜ਼ ਹੀ ਨਵੇਂ ਧਰਮਾਂ ਦਾ ਫ਼ਲਸਫ਼ਾ
ਇਹੀ ਸੋਚ ਕੇ ਮੈਂ ਵੀ ਮਸਜਿਦ ਤੋਂ ਮੰਦਰ ਹੋ ਗਿਆ।

ਤੇਰੀ ਪਿਆਸ ਦਾ ਦੇਖੋ ਉਹਨੂੰ ਕਿੰਨਾਂ ਕੁ ਫ਼ਿਕਰ ਹੋਣਾ
ਉਹਦੀ ਮਿਹਰਬਾਨੀ ਦੇਖੋ ਬੂੰਦ ਤੋਂ ਸੁਮੰਦਰ ਹੋ ਗਿਆ।

ਤੇਰੀ ਗੁਸਤਾਖ਼ੀ ਦੀ ਹੁਣ ਤਾਂ ਏ ਦਾਦ ਦੇਣੀ ਬਣਦੀ
ਗਲਵੱਕੜੀ 'ਚ ਲੈ ਕੇ ਤੂੰ ਜੋ ਯਾਰ ਖੰਜਰ ਹੋ ਗਿਆ।

'ਜਸ' ਤਾਂ ਐਸੀ ਕਥਾ ਸੀ ਜਿਹੜੀ ਚੱਲਦੀ ਰਾਤ ਭਰ
ਸਿਮਟਿਆ ਉਹ ਏਨਾ ਕਿ ਬੱਸ ਇੱਕ ਅੱਖਰ ਹੋ ਗਿਆ।
 
Top