ਮੇਰਾ ਪੰਜਾਬ! ਪੰਥ ਜ਼ਿੰਦਾਬਾਦ।

ਮੇਰਾ ਪੰਜਾਬ! ਪੰਥ ਜ਼ਿੰਦਾਬਾਦ।
ਆਕਾਸ਼ ਤੋਂ ਤਾਰਾ ਟੁੱਟਿਆ।
ਧਰਤੀ ਦਾ ਚਾਨਣ ਲੁੱਟਿਆ।
ਚਲਾ ਗਿਆ ਖਾਲੀ ਹੱਥ ਝਾੜ ਕੇ,
ਚੰਡੀਗੜ੍ਹ 'ਤੇ ਜਿਸ ਡੋਰਾ ਸੁੱਟਿਆ।
ਚੰਡੀਗੜ੍ਹ ਚੰਡੀਗੜ੍ਹ ਕੂਕਦੀ,
ਵਿਲਕਦੀ ਜਾ ਰਹੀ ਦੂਰ,
ਪਾਣੀ ਬਿਨ ਮੱਛੀ ਵਾਂਗ,
ਠੰਢੀ ਹੋ ਰਹੀ,
ਗੱਜਦੀ ਖੂੰਖਾਰ ਆਵਾਜ਼।
ਜਮਹੂਰੀ ਮੰਗਾਂ ਦੀ ਪੈੜ ਨੱਪਦਾ,
ਰੀਂਗਦਾ ਲੜਖੜਾਉਂਦਾ,
ਡੱਕੋ ਡੋਲੇ ਖਾਂਦਾ,
ਬੋਟੀ ਬੋਟੀ ਤੁੜਾਉਂਦਾ,
ਤੂਫ਼ਾਨ ਨੂੰ ਪਛਾੜ ਕੇ,
ਪੱਥਰਾਂ ਨੂੰ ਮੱਥਾ ਮਾਰਦਾ,
ਮੰਜ਼ਿਲ ਨੇੜੇ ਜਾ ਰਿਹਾ,
ਆਖ਼ਰ ਡੁੱਬ ਗਿਆ ਜਹਾਜ਼।
ਤੁਹਾਡੇ ਸਿਰ ਚੜ੍ਹ ਕੇ,
ਮੌਤ ਪਰਨਾ ਰਿਹਾ,
ਵਚਨ ਕੀਤਾ ਜੋ,
ਤੁਸਾਂ ਨਾ ਪਾਲਿਆ।
ਰੋਕੋ ਨਾ ਮੈਨੂੰ ਸ਼ਹਾਦਤ ਤੋਂ,
ਪੀਣ ਦਿਓ ਰੂਹਾਨੀ ਜਾਮ।
ਹੱਕ ਸੱਚ ਇਨਸਾਫ਼ ਲਈ,
ਜੂਝਦਾ ਰਿਹਾ ਕਿੰਨੀ ਦੇਰ,
'ਪੰਜਾਬ ਦੇ ਮਸਲੇ ਨਾ ਲਟਕਾਓ,
ਸਾਡੇ ਹੱਕ ਸਾਡੀ ਝੋਲੀ ਪਾਓ।'
ਦਿੱਲੀ ਪੰਜਾਬ ਦਾ ਇੱਟ-ਖੜੱਕਾ,
ਦਿੱਲੀ ਦੀ ਬੇਰੁਖ਼ੀ ਤੇ ਜਬਰ,
ਪੰਜਾਬ ਦੀ ਸਹਿਨਸ਼ੀਲਤਾ ਤੇ ਸਬਰ,
ਆਜ਼ਮਾਉਂਦੇ ਰਹੇ ਹਮੇਸ਼ਾ,
ਖੇਡਦੇ ਰਹੇ ਫਰੈਂਡਲੀ ਮੈਚ।
ਇਹ ਕਲਬੂਤ ਪੰਥ ਦੀ ਅਮਾਨਤ,
ਮੈਂ ਦੇਸ਼ ਕੌਮ ਲੇਖੇ ਲਾ ਲਿਆ।
ਸ਼ੁਕਰ ਤੇਰਾ ਲੱਖ ਵਾਰ,
ਮੇਰੇ ਪ੍ਰਣ ਦੀ ਰੱਖੀ ਲਾਜ।
ਅਕਾਲ ਤਖ਼ਤ 'ਤੇ ਕੀਤੀ,
ਮਰਜੀਵੜੇ ਦੀ ਅਰਦਾਸ,
ਚੰਡੀਗੜ੍ਹ ਜਾਂ ਮੌਤ,
ਬਿਰਥੀ ਨਾ ਜਾਏ ਕਦੇ ਰੁਕੇ ਨਾ,
ਦਰਿਆਵਾਂ ਦੇ ਵਹਿਣ ਵਾਂਗ।
ਜੇਲ੍ਹ ਭਰੋ ਅੰਦੋਲਨ,
ਮਾਸਟਰ ਜੀ ਦੇ ਮੋਰਚੇ,
ਮਰਨ ਵਰਤ ਤੇ ਸੱਤਿਆਗ੍ਰਹਿ,
ਖੁੱਲ੍ਹਦੇ ਟੁੱਟਦੇ ਕੱਚੇ ਤੰਦ ਵਾਂਗ,
ਪਵਿੱਤਰ ਪ੍ਰਸਾਦਿ ਤੇ ਜੂਸ ਨਾਲ।
ਅਕਾਲ ਤਖ਼ਤ ਦੀ ਛੱਤ,
ਦੱਖਣ ਪੂਰਬੀ ਨੁੱਕਰੇ,
ਸੰਤ ਜੀ ਦਾ ਉਸਰਿਆ,
ਆਤਮ ਦਾਹ ਹਵਨ-ਕੁੰਡ,
ਸ਼ਾਮੀਂ ਚਾਰ ਵਜੇ ਦੀ ਉਡੀਕ ਵਿੱਚ,
ਹੋ ਗਿਆ ਠੰਢਾ ਅੰਗੀਠਾ,
ਇੱਕ ਝਲਕ ਪਾ ਕੇ,
ਹੁਕਮ ਸਿੰਘ ਦੇ ਜਹਾਜ਼ ਦੀ।
'ਮੰਨ ਲਈ ਈਨ ਉਨ੍ਹਾਂ।'
ਜੈਕਾਰੇ ਬੁਲਾ ਕੇ,
ਸੋਧੇ ਅਰਦਾਸੇ ਪ੍ਰਤਿਗਿਆ ਦਾ,
ਮਹੱਤਵ ਛੁਟਿਆ ਕੇ,
ਸਿਰ ਨਿਵਾ ਕੇ,
ਤੌਹੀਨ ਚਿਪਕਾ ਕੇ,
ਗੁਮਰਾਹਕੁਨ ਲਾਰੇ ਝੋਲੀ ਪਵਾ ਕੇ।
ਮੈਨੂੰ ਸ਼ਹੀਦ ਕਹਿੰਦਿਆਂ,
ਦੇਸ਼ ਭਗਤ ਗਰਦਾਨਦਿਆਂ,
ਨਮੋਸ਼ੀ ਆਏਗੀ ਤੁਹਾਨੂੰ।
ਮੈਨੂੰ ਨਾ ਅਪਨਾਇਓ ਬੇਸ਼ਕ,
ਯਾਦਗਾਰ ਨਾ ਬਣਾਇਓ ਮੇਰੀ,
ਮੈਂ ਧੜਕਦਾ ਰਹਾਂਗਾ ਹਰ ਦਮ,
ਪੰਜਾਬ ਦੇ ਹਰ ਜ਼ੱਰੇ ਵਿੱਚ।
ਫ਼ੈਮਿਲੀ ਵਾਰਡ ਅੰਮ੍ਰਿਤਸਰ,
ਕਰਦੀ ਰਹੇਗੀ ਯਾਦ ਹਮੇਸ਼ਾ,
ਚੁਹੱਤਰ ਦਿਨਾ ਦਾ ਨਿਰਣਾਂ ਫ਼ੱਕਰ,
'ਝੂਲਦੇ ਨਿਸ਼ਾਨ ਰਹਿਣ,
ਪੰਥ ਮਹਾਰਾਜ ਦੇ' ਗੁਣਗੁਣਾਉਂਦਾ,
ਸੁਖਮਣੀ ਜਾਪ ਕਰਦਾ ਮਰੀਜ਼।
ਲਾਰਿਆਂ ਨਾਲ ਹੁਣ ਨਹੀਂ ਸਰਨਾ,
ਹਕੀਕੀ ਦਸਤਾਵੇਜ਼ ਬਿਨਾ,
ਨਹੀਂ ਟੁੱਟਣਾ ਇਹ ਮਰਨ ਵਰਤ।
ਇੰਦਰਾ ਦੇ ਦੂਤ/ਜਮਦੂਤ,
ਮੁੜ ਗਏ ਖਾਲੀ ਨਿਸਫ਼ਲ ਮੈਥੋਂ,
ਪਰਣਾਲਾ ਉੱਥੇ ਹੀ ਛੱਡ ਕੇ।
ਹੱਥ ਖੜ੍ਹੇ ਕਰਨ ਵਾਲੇ,
ਮੌਤ ਤੋਂ ਡਰਨ ਵਾਲੇ,
ਸੋਧੇ ਅਰਦਾਸੇ ਭੰਗ ਕਰਨ ਵਾਲੇ,
ਤੁਹਾਡੀ ਬੁਜ਼ਦਿਲ ਆਤਮਾ,
ਤੜਫਾਏਗੀ ਤੁਹਾਨੂੰ,
ਮਰਯਾਦਾ ਸਿਖਾਏਗੀ ਤੁਹਾਨੂੰ।
ਮਿਆਨ 'ਚੋਂ ਕੱਢੀ ਤਲਵਾਰ ਵਾਂਗ,
ਪਰਬਤਾਂ ਤੋਂ ਉੱਚੀ,
ਸਮੁੰਦਰ ਤੋਂ ਸੁੱਚੀ,
ਸਿੱਖ ਦੀ ਕੀਤੀ ਅਰਦਾਸ,
ਨੇਪਰੇ ਚੜ੍ਹਾ ਰਿਹਾਂ,
ਸਹੀ ਪੂਰਨੇ ਪਾ ਰਿਹਾਂ।
ਕੁਰਬਾਨੀ ਪਿਤਾ ਦਸ਼ਮੇਸ਼ ਦੀ,
ਨੌਂਵੇਂ ਗੁਰੂ ਤੇ ਅਰਜਨ ਗੁਰੂ ਦੀ,
ਭੁੱਲਦੀ ਜਾ ਰਹੀ ਦੂਰ।
ਬੁਝਦੀ ਇਸ ਚੰਗਿਆੜੀ ਨੂੰ,
ਫੂਕਾਂ ਮਾਰ ਜਗਾ ਰਿਹਾਂ।
ਕਾਇਮ ਕਰ ਰਿਹਾਂ ਮਿਸਾਲ,
ਪ੍ਰਾਣ ਅਹੂਤੀ ਪਾ ਕੇ,
ਧਰਮ ਯੁੱਧ ਦੇ ਇਤਿਹਾਸ ਵਿੱਚ।
ਸਾਂਭੋ ਤੁਸੀਂ ਸੱਤਾ ਦੀਆਂ ਚਾਬੀਆਂ,
ਇਹ ਮੇਰੇ ਮੁਆਫ਼ਕ ਨਹੀ।
ਨਵੇਂ ਰਤਨ ਕੱਢਣ ਲਈ,
ਸਮੁੰਦਰ ਰਿੜਕਣ ਦੀ ਲੋੜ ਨਹੀਂ।
ਆਤਮਾ ਰਿੜਕ ਰਿਹਾਂ,
ਫ਼ਰਜ਼ ਆਪਣਾ ਨਿਭਾ ਰਿਹਾਂ।
ਮੈਂ ਮਰਾਂ ਪੰਥ ਖਿੜਦਾ ਰਹੇ,
ਦੇਸ਼ ਆਬਾਦ ਰਹੇ,
ਮੇਰੇ ਲੋਕ ਖੁਸ਼ਹਾਲ ਰਹਿਣ।
ਆਪਣੀ ਪ੍ਰਤਿਗਿਆ ਤੇ
ਫੁੱਲ ਚੜ੍ਹਾ ਰਿਹਾ ਹਾਂ।
ਧੁਖਦਾ ਰਹੇ ਹੌਲੀ ਹੌਲੀ,
ਗਿੱਲਾ ਇਹ ਗਹੀਰਾ,
ਸੇਕਦਾ ਰਹੇ ਸਿਆਸੀ ਰੋਟੀਆਂ।
ਅਲਵਿਦਾ ਚੰਡੀਗੜ੍ਹ,
ਮੇਰਾ ਪੰਜਾਬ૴ਮੇਰਾ ਪੰਥ,
 
Top