Punjab News ਫਰਾਂਸ ਨੂੰ 6-0 ਨਾਲ ਹਰਾ ਕੇ ਭਾਰਤ ਨੇ ਲੜੀ ’ਚ ਜੇਤੂ ਲੀਡ &#2

ਤਜਰਬੇਕਾਰ ਡਰੈਗ ਫਲਿੱਕਰ ਸੰਦੀਪ ਸਿੰਘ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਦੂਜੇ ਹਾਕੀ ਟੈਸਟ ਵਿਚ ਫਰਾਂਸ ਨੂੰ 6-0 ਨਾਲ ਹਰਾ ਕੇ ਤਿੰਨ ਹਾਕੀ ਟੈਸਟ ਮੈਚਾਂ ਦੀ ਲੜੀ ਵਿਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਇਹ ਟੈਸਟ ਲੜੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਖੇਡੀ ਜਾ ਰਹੀ ਹੈ।
ਸੰਦੀਪ ਨੇ ਇਕ ਵਾਰੀ ਫੇਰ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮੈਚ ਦੌਰਾਨ ਤਿੰਨ ਗੋਲ ਦਾਗੇ। ਉਸ ਨੇ 12ਵੇਂ, 37ਵੇਂ ਅਤੇ 47ਵੇਂ ਮਿੰਟਾਂ ਦੌਰਾਨ ਪੈਨਲਟੀ ਕਾਰਨਰਾਂ ਨੂੰ ਗੋਲਾਂ ਵਿਚ ਤਬਦੀਲ ਕੀਤਾ। ਕਪਤਾਨ ਰਾਜਪਾਲ ਸਿੰਘ ਨੇ 39ਵੇਂ, ਮੁਹੰਮਦ ਆਮਿਰ ਖਾਨ ਨੇ 55ਵੇਂ ਅਤੇ ਸ੍ਰੀ ਪ੍ਰਸਾਦ ਨੇ 58ਵੇਂ ਮਿੰਟ ਵਿਚ ਗੋਲ ਦਾਗੇ। ਗੌਰਤਲਬ ਹੈ ਕਿ ਲੜੀ ਦਾ ਪਹਿਲਾ ਮੈਚ ਫਸਵਾਂ ਰਿਹਾ ਸੀ ਅਤੇ ਉਹ ਭਾਰਤ ਨੇ 4-3 ਨਾਲ ਜਿੱਤਿਆ ਸੀ। ਲੜੀ ਦਾ ਤੀਜਾ ਤੇ ਆਖਰੀ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ। ਅੱਜ ਮੈਚ ਉਤੇ ਪੂਰਾ ਸਮਾਂ ਭਾਰਤ ਦਾ ਮੁਕੰਮਲ ਦਬਦਬਾ ਬਣਿਆ ਰਿਹਾ। ਉਂਜ ਪਹਿਲੇ ਅੱਧ ਦੀ ਖੇਡ ਨੀਰਸ ਰਹੀ ਅਤੇ ਸਿਰਫ ਇਕ ਗੋਲ ਹੀ ਹੋ ਸਕਿਆ ਪਰ ਦੂਜੇ ਅੱਧ ਵਿਚ ਭਾਰਤ ਨੇ ਪੰਜ ਗੋਲ ਦਾਗੇ। ਪਹਿਲੇ ਅੱਧ ਵਿਚ ਭਾਰਤ ਨੂੰ ਮਿਲੇ ਚਾਰ ਪੈਨਲਟੀ ਕਰਨਰਾਂ ਵਿਚੋਂ ਪਹਿਲੇ ਨੂੰ 12ਵੇਂ ਮਿੰਟ ਵਿਚ ਤਬਦੀਲ ਕਰ ਕੇ ਸੰਦੀਪ ਨੇ ਜੇਤੂ ਟੀਮ ਲਈ ਪਹਿਲਾ ਗੋਲ ਦਾਗਿਆ। ਭਾਰਤ ਨੂੰ ਇਹ ਪੈਨਲਟੀ ਕਾਰਨਰ ਉਦੋਂ ਮਿਲਿਆ ਜਦੋਂ ਫਰਾਂਸੀਸੀ ਮੁਹਾਫਿਜ਼ ਨਿਕੋਲਸ ਮੋਨੀਏਰ ਨੇ ਭਾਰਤ ਦੇ ਤੁਸ਼ਾਰ ਖਾਂਡੇਕਰ ਨੂੰ ਗਲਤ ਢੰਗ ਨਾਲ ਰੋਕਿਆ।
ਸ਼ੁਰੂਆਤੀ ਪਲਾਂ ਵਿਚ ਦੋਵੇਂ ਟੀਮਾਂ ਨੇ ਗੋਲ ਕਰਨ ਦੇ ਦੋ-ਦੋ ਮੌਕੇ ਗਵਾਏ। ਖਾਂਡੇਕਰ ਅਤੇ ਰਾਜਪਾਲ ਦੇ ਸ਼ਾਟ ਬਾਹਰ ਚਲੇ ਗਏ ਜਦੋਂ ਕਿ ਫਰਾਂਸ ਦੇ ਫਰੈਡਰਿਕ ਸੋਏਜ ਅਤੇ ਓਲੀਵਿਮਾਰ ਸਾਂਚੇਜ ਵੀ ਨਿਸ਼ਾਨਾ ਨਹੀਂ ਲਾ ਸਕੇ।
ਦੂਜੇ ਅੱਧ ਦੇ ਦੂਜੇ ਮਿੰਟ ਦੌਰਾਨ ਹੀ ਸੰਦੀਪ ਨੇ ਫਰਾਂਸੀਸੀ ਗੋਲਚੀ ਮੋਥੀਆਸ ਡਿਕੇਰਸ ਨੂੰ ਝਕਾਨੀ ਦੇ ਕੇ ਗੋਲ ਦਾਗ ਦਿੱਤਾ। ਰਾਜਪਾਲ ਨੇ 39ਵੇਂ ਮਿੰਟ ਵਿਚ ਵਿਕਾਸ ਪਿੱਲੈ ਤੋਂ ਮਿਲੇ ਪਾਸ ਸਦਕਾ ਲੀਡ 3-0 ਕਰ ਦਿੱਤੀ। ਸੰਦੀਪ ਨੇ 47ਵੇਂ ਮਿੰਟ ਵਿਚ ਤੀਜਾ ਗੋਲ ਦਾਗਿਆ। ਇਸ ਪਿੱਛੋਂ ਆਮਿਰ ਖਾਨ ਨੇ 53ਵੇਂ ਮਿੰਟ ਵਿਚ ਇਕ ਵਾਰੀ ਫੇਰ ਫਰਾਂਸੀਸੀ ਰੱਖਿਆ ਕਤਾਰ ਨੂੰ ਤੋਤਦਿਆਂ ਰਿਵਰਸ ਰਿਫਲੈਕਸਨ ਉਤੇ ਗੋਲ ਦਾਗਿਆ। ਤਿੰਨ ਮਿੰਟ ਬਾਅਦ ਸ੍ਰੀ ਪਰਸਾਦ ਨੇ ਇਕ ਹੋਰ ਗੋਲ ਕੀਤਾ। ਇਸ ਗੋਲ ਲਈ ਖਾਂਡੇਕਰ, ਪਿੱਲੈ ਅਤੇ ਦਾਨਿਸ਼ ਮੁਰਤਜ਼ਾ ਨੇ ਮੂਵ ਬਣਾਇਆ ਸੀ।
 
Top