45 ਸਾਲਾਂ ਬਾਅਦ ਲੋਕਪਾਲ ਬਿੱਲ ਪਾਸ

[JUGRAJ SINGH]

Prime VIP
Staff member

• ਲੋਕ ਸਭਾ ਨੇ ਵੀ ਲਾਈ ਮੋਹਰ • ਰਾਸ਼ਟਰਪਤੀ ਦੀ ਮਨਜ਼ੂਰੀ ਬਾਅਦ ਬਣੇਗਾ ਕਾਨੂੰਨ • ਸਮਾਜਵਾਦੀ ਪਾਰਟੀ ਨੇ ਕੀਤਾ ਤਿੱਖਾ ਵਿਰੋਧ
ਨਵੀਂ ਦਿੱਲੀ, 18 ਦਸੰਬਰ (ਉਪਮਾ ਡਾਗਾ ਪਾਰਥ, ਏਜੰਸੀ)-45 ਸਾਲਾਂ ਤੋਂ ਲਟਕਿਆ ਭਿ੍ਸ਼ਟਾਚਾਰ ਰੋਕੂ ਇਤਿਹਾਸਕ ਲੋਕਪਾਲ ਬਿੱਲ ਆਿਖ਼ਰਕਾਰ ਸੰਸਦ ਵਿਚ ਪਾਸ ਹੋ ਗਿਆ | ਰਾਜ ਸਭਾ ਵਿਚ ਪਾਸ ਹੋਣ ਬਾਅਦ ਅੱਜ ਲੋਕ ਸਭਾ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ | ਲੋਕਪਾਲ ਅਤੇ ਲੋਕਾਯੁਕਤ ਬਿੱਲ, 2013 ਨੂੰ ਜ਼ੁਬਾਨੀ ਵੋਟਾਂ ਰਾਹੀਂ ਆਂਧਰਾ ਪ੍ਰਦੇਸ਼ ਦੀ ਵੰਡ ਖਿਲਾਫ਼ ਸੀਮਾਂਧਰ ਖੇਤਰ ਦੇ ਸੰਸਦ ਮੈਂਬਰਾਂ ਦੇ ਸ਼ੋਰ-ਸ਼ਰਾਬੇ ਦੌਰਾਨ ਪਾਸ ਕਰ ਦਿੱਤਾ ਗਿਆ | ਲੋਕਪਾਲ ਬਿੱਲ ਨੂੰ ਹੁਣ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ, ਜਿਨ੍ਹਾਂ ਦੇ ਦਸਤਖ਼ਤ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ | ਲੋਕਪਾਲ ਤੇ ਲੋਕਾਯੁਕਤ ਬਿੱਲ, 2011 ਦੋ ਸਾਲਾਂ ਤੋਂ ਰਾਜ ਸਭਾ ਵਿਚ ਪਾਸ ਹੋਣ ਲਈ ਪਿਆ ਸੀ, ਜਿਸ ਨੂੰ ਮੰਗਲਵਾਰ ਰਾਤ ਰਾਜ ਸਭਾ ਦੀ ਮਨਜ਼ੂਰੀ ਮਿਲਣ ਪਿਛੋਂ ਲੋਕ ਸਭਾ ਨੇ ਵੀ ਅੱਜ ਆਪਣੀ ਮੋਹਰ ਲਾ ਦਿੱਤੀ | ਹਾਲਾਂਕਿ ਸਮਾਜਵਾਦੀ ਪਾਰਟੀ ਨੇ ਇਸ ਬਿੱਲ ਨੂੰ ਦੇਸ਼ ਹਿੱਤਾਂ ਦੇ ਉਲਟ ਕਰਾਰ ਦਿੰਦਿਆਂ ਹੋਈ ਚਰਚਾ ਦੌਰਾਨ ਸੰਸਦ ਵਿਚੋਂ ਵਾਕਆਊਟ ਕੀਤਾ | ਪ੍ਰਧਾਨ ਮੰਤਰੀ ਦੇੇ ਅਹੁਦੇ ਨੂੰ ਕੁਝ ਸੁਰੱਖਿਆ ਉਪਾਵਾਂ ਨਾਲ ਇਸ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਉਣ ਦੇ ਨਾਲ ਲੋਕ ਸਭਾ ਨੇ ਇਸ ਬਿੱਲ ਵਿਚ ਕੀਤੀਆਂ ਸਾਰੀਆਂ ਸੋਧਾਂ ਨੂੰ ਸਵੀਕਾਰ ਕਰ ਲਿਆ ਗਿਆ | ਲੋਕ ਸਭਾ ਹਾਲਾਂਕਿ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਸੀ ਪਰ ਰਾਜ ਸਭਾ ਦੁਆਰਾ ਨਵੀਆਂ ਸਰਕਾਰੀ ਸੋਧਾਂ ਅਪਣਾਉਣ ਕਰਕੇ ਇਸ ਬਿੱਲ 'ਤੇ ਹੇਠਲੇ ਸਦਨ ਵਿਚ ਦੁਬਾਰਾ ਮਨਜ਼ੂਰੀ ਲੈਣੀ ਪਈ | ਅੱਜ ਲੋਕਪਾਲ ਬਿੱਲ ਦੇ ਪਾਸ ਹੋਣ ਬਾਅਦ ਸੰਸਦ ਅਣਮਿੱਥੇ ਸਮੇਂ ਲਈ ਉਠਾ ਦਿੱਤੀ | ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਰਾਸ਼ਟਰ ਗਾਣ ਤੋਂ ਬਾਅਦ ਸੰਸਦ ਦੀ ਕਾਰਵਾਈ ਮੁਲਤਵੀ ਕਰਨ ਦਾ ਐਲਾਨ ਕੀਤਾ | ਲੋਕ ਸਭਾ ਵਿਚ ਲੋਕਪਾਲ ਬਿੱਲ ਦੇ ਪਾਸ ਹੋਣ ਬਾਅਦ ਮਹਾਰਾਸ਼ਟਰ ਦੇ ਰਾਲੇਗਨ ਸਿੱਧੀ ਵਿਚ 9 ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਅੰਨਾ ਹਜ਼ਾਰੇ ਕੈਂਪ ਵਿਚ ਜਸ਼ਨ ਦਾ ਮਾਹੌਲ ਵੇਖਿਆ ਗਿਆ, ਜਿਥੇ ਅੰਨਾ ਹਜ਼ਾਰੇ ਨੇ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ | ਭਾਜਪਾ ਨੇਤਾ ਸੁਸ਼ਮਾ ਸਵਰਾਜ ਅਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਸਦਨ ਵਿਚ ਅੱਜ ਲੋਕਪਾਲ ਦੀ ਜ਼ੋਰਦਾਰ ਵਕਾਲਤ ਕੀਤੀ | ਬਿੱਲ ਪਾਸ ਕਰਵਾਏ ਜਾਣ ਦੀ ਪੂਰੀ ਪ੍ਰਕਿਰਿਆ ਦੌਰਾਨ ਕਾਂਗਰਸ ਦੇ ਕੁਝ ਮੈਂਬਰਾਂ ਸਮੇਤ ਸੀਮਾਂਧਰ ਖੇਤਰ ਦੇ ਕਈ ਦਲਾਂ ਦੇ ਮੈਂਬਰ ਸਦਨ ਦੇ ਐਨ ਵਿਚਕਾਰ ਆ ਕੇੇ ਨਾਅਰੇਬਾਜ਼ੀ ਕਰਦੇ ਰਹੇ | ਇਸ ਬਿੱਲ ਨੂੰ ਸਾਰੇ ਸਿਆਸੀ ਦਲਾਂ ਨੇ ਸਮੱਰਥਨ ਦਿੱਤਾ ਸਵਾਏ ਸਮਾਜਵਾਦੀ ਪਾਰਟੀ ਅਤੇ ਸ਼ਿਵ ਸੈਨਾ ਦੇ, ਜਿਨ੍ਹਾਂ ਦੇ ਮੈਂਬਰਾਂ ਨੇ ਸਦਨ ਦਾ ਵਾਕਆਊਟ ਕੀਤਾ | ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਾਡੇ ਕੋਲ ਇਸ ਬਿੱਲ ਨੂੰ ਪਾਸ ਕਰਕੇ ਇਤਿਹਾਸ ਬਣਾਉਣ ਦਾ ਮੌਕਾ ਹੈ | ਭਿ੍ਸ਼ਟਾਚਾਰ ਖਿਲਾਫ਼ ਲੋਕਪਾਲ ਬਿੱਲ ਹੀ ਕਾਫ਼ੀ ਨਹੀਂ | ਇਸ ਲਈ ਸਾਂਝਾ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਭਿ੍ਸ਼ਟਾਚਾਰ ਵਿਰੋਧੀ ਇਕ ਢਾਂਚਾ ਤਿਆਰ ਕਰ ਰਹੀ ਹੈ | ਉਨ੍ਹਾਂ ਸੁਝਾਅ ਦਿੱਤਾ ਕਿ ਸੰਸਦ ਦੇ ਇਜਲਾਸ ਦਾ ਸਮਾਂ ਵਧਾਇਆ ਜਾਣਾ ਚਾਹੀਦਾ ਹੈ, ਕਿਉਂਕਿ 6 ਹੋਰ ਬਿੱਲ ਲਿਆਉਣੇ ਬਾਕੀ ਹਨ, ਜੋ 'ਭਿ੍ਸ਼ਟਾਚਾਰ ਖਿਲਾਫ਼ ਵਿਆਪਕ ਢਾਂਚੇ ਦਾ ਹਿੱਸਾ' ਹਨ | ਸੰਸਦ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਇਸ ਬਿੱਲ ਨੂੰ ਸਮੇਂ ਦੀ ਲੋੜ ਦੱਸਿਆ | ਸੁਸ਼ਮਾ ਨੇ ਕਿਹਾ ਕਿ ਲੋਕਪਾਲ ਬਿੱਲ ਲਈ ਲਾਹਾ ਲੈਣ ਦੀ ਹੋੜ ਨਹੀਂ ਲੱਗਣੀ ਚਾਹੀਦੀ, ਇਸ ਨੂੰ ਪਾਸ ਕਰਵਾਉਣ ਦਾ ਸਿਹਰਾ ਸਾਡੇ ਦੇਸ਼ ਦੇ ਨਾਗਰਿਕਾਂ ਅਤੇ ਅੰਨਾ ਹਜ਼ਾਰੇ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਕਈ ਵਾਰ ਭੁੱਖ ਹੜਤਾਲ ਰੱਖੀ | ਜ਼ਿਕਰਯੋਗ ਹੈ ਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਹੁਣ ਸੂਬੇ ਲੋਕਾਯੁਕਤ ਦਾ ਗਠਨ ਕਰ ਸਕਣਗੇ ਅਤੇ ਕੇਂਦਰ ਸਰਕਾਰ ਕੋਈ ਦਖ਼ਲ-ਅੰਦਾਜ਼ੀ ਨਹੀਂ ਸਕਦੀ |
ਅਰਾਜਕਤਾ ਫੈਲ ਜਾਵੇਗੀ-ਮੁਲਾਇਮ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਇਸ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਫ਼ੈਸਲਾ ਨਾ ਲੈਣ ਦੀ ਸਥਿਤੀ ਵਿਚ ਆ ਜਾਵੇਗਾ | ਉਨ੍ਹਾਂ ਇਸ ਬਿੱਲ ਨੂੰ ਖ਼ਤਰਨਾਕ ਦੱਸਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਵਿਕਾਸ ਰੁਕ ਜਾਵੇਗਾ ਅਤੇ ਅਧਿਕਾਰੀ ਫਾਈਲਾਂ 'ਤੇ ਦਸਤਖ਼ਤ ਨਹੀਂ ਕਰਨਗੇ | ਯਾਦਵ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਇਕ ਹੇਠਲੇ ਪੱਧਰ ਦਾ ਪੁਲਿਸ ਵਾਲਾ ਨੂੰ ਵੀ ਚੋਟੀ ਦੇ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੀ ਜਵਾਬ-ਤਲਬੀ ਕਰ ਸਕਦਾ ਹੈ ਅਤੇ ਜਾਂਚ ਕਰ ਸਕਦਾ ਹੈ | ਇਹ ਬਹੁਤ ਗੰਭੀਰ ਮੁੱਦਾ ਹੈ...ਇਸ ਤਰ੍ਹਾਂ ਦੇ ਬਿੱਲ ਦੀ ਲੋੜ ਪਈ ਹੀ ਕਿਉਂ |
 
Top