ਧਰਤ ਕਨੇਡਾ

Rajat

Prime VIP
ਧਰਤ ਕਨੇਡਾ...
ਸਾਡੇ ਘਰ ਦੇ ਅੱਗੇ ਕੁਝ ਫੁੱਲ ਲੱਗੇ ਹੋਏ ਨੇ, ਇਕ ਦਿਨ ਮੈਂ ਡੈਡੀ ਜੀ ਹੁਣਾਂ ਨੂੰ ਕਿਹਾ ਕਿ ਫੁੱਲ ਬੜੇ ਸੋਹਣੇ ਲੱਗ ਰਹੇ ਨੇ। ਉਨ੍ਹਾਂ ਦਾ ਜਵਾਬ ਸੀ ਕਿ ਇੱਥੇ ਫੁੱਲ ਸੋਹਣੇ ਜਿੰਨੇ ਮਰਜ਼ੀ ਹੋਣ ਪਰ ਇਨ੍ਹਾਂ 'ਚ ਮਹਿਕ ਨਹੀਂ ਹੁੰਦੀ। ਇਨ੍ਹਾਂ ਸ਼ਬਦਾਂ ਤੋਂ ਬਾਅਦ ਇਹ ਰਚਨਾ ਲਿਖ ਹੋਈ ਸੀ...ਆਸ ਹੈ ਕਨੇਡਾ ਜਾਂ ਬਾਹਰਲੇ ਮੁਲਕਾਂ ਦੀਆਂ ਪ੍ਰਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ...
ਧਰਤ ਕਨੇਡਾ ਐਸੀ ਜਿਸ ਦੇ, ਫੁੱਲਾਂ ਵਿੱਚ ਖ਼ੁਸ਼ਬੋ ਹੀ ਨਹੀਂ।
ਗ਼ੈਰਾਂ ਨਾਲ ਤਾਂ ਹੋਣਾ ਕੀ ਏ? ਸਕਿਆਂ ਨਾਲ਼ ਵੀ ਮੋਹ ਹੀ ਨਹੀਂ।

ਸਿੱਲ੍ਹੇ ਸਿੱਲ੍ਹੇ ਮੌਸਮ ਵਰਗੇ, ਜਿਸਮ ਵੀ ਸਿੱਲ੍ਹੇ ਹੋ ਗਏ ਨੇ,
ਹਰ ਦਿਲ ਮੈਨੂੰ ਧੁਖਦਾ ਦਿਸਿਆ, ਮੱਚਦੀ ਕੋਈ ਲੋਅ ਹੀ ਨਹੀਂ।

ਖੰਡ ਲਪੇਟੇ ਮਹੁਰੇ ਵਰਗੇ, ਮੁਖੜੇ ਹਰ ਥਾਂ ਫਿਰਦੇ ਨੇ,
ਬੁੱਲ੍ਹਾਂ ਦੀ ਮੁਸਕਾਨ ਦੇ ਹੇਠੋਂ, ਫਿਕਰਾਂ ਦੀ ਕਨਸੋ ਹੀ ਨਹੀਂ।

ਸਿਰ ਤੇ ਰੱਖਦਾ ‘ਹੈਟ’ ‘ਸਨੋਅ’ ਦੀ, ਤਹਿ ‘ਚੇ ਛੁਪਿਆ ਲਾਵਾ ਹੈ,
ਆਦਮ ਹੈ ਜਾਂ ਇਹ ਹੈ ਪਰਬਤ, ਇਸ ਗੱਲ ਦੀ ਤਾਂ ਥਹੁ ਹੀ ਨਹੀਂ।

ਮਹਿਕ ਵਿਹੂਣੇ ਫੁੱਲਾਂ ਵਿੱਚ ਦੱਸ, ਕਿੰਨਾ ਚਿਰ ਉਹ ਜਿਉਣਗੀਆਂ?
ਤਿਤਲੀਆਂ ਨੂੰ ਖ਼ਬਰ ਕੀ ਹੋਣੀ? ਮਾੜੀ ਜਹੀ ਕਨਸੋ ਵੀ ਨਹੀਂ।

ਫੁੱਲਾਂ ਦੀ ਸੰਭਾਲ਼ ਨਾ ਹੋਵੇ, ਮਾਲੀ ਬੇਵੱਸ ਹੋ ਗਏ ਨੇ,
ਪੱਛਮੀ ਮੁਲਕਾਂ ਦੀ ਮਿੱਟੀ ਵਿੱਚ, ਮਮਤਾ ਭਰਿਆ ਮੋਹ ਹੀ ਨਹੀਂ।

ਖੁਸ਼ੀਆਂ ਦੇ ਸਮੇਂ ਹਰ ਕੋਈ ਇੱਥੇ, ਆਪਣਾ ਬਣ ਬਣ ਬਹਿੰਦਾ ਏ,
ਦੁੱਖ ਵੇਖ ਕੇ ਵਿੱਚ ਕਲੇਜੇ, ਪੈਂਦੀ ਕਿਸੇ ਦੇ ਖੋ ਹੀ ਨਹੀਂ।

ਐਂਵੇ ਗ਼ਿਲਾ ਹੈ ਕਲਮ ਤੇਰੀ ਨੂੰ, ‘ਡਾਲਰ’ ਦੇ ਕਿਉਂ ਲਿਖੇ ਖ਼ਿਲਾਫ਼?
ਘਰ ਆਏ ਨੂੰ ਦੇਵੇ ਨਿੱਘ ਜੋ, ਇਸ ਵਰਗੀ ਤਾਂ ਭੋਂ ਹੀ ਨਹੀਂ।

ਕਦੀ ਕਦੀ ਜਜ਼ਬਾਤੀ ਖੂਹ ਵਿੱਚ, ਡੂੰਘਾ ਹੀ ‘ਕੰਗ’ ਲਹਿ ਜਾਨੈਂ,
ਤੇਰੇ ਸ਼ਬਦਾਂ ਵਿੱਚ ਦਿਮਾਗੀ, ਚਿਣਗਾਂ ਦੀ ਤਾਂ ਲੋਅ ਹੀ ਨਹੀਂ।
 
Top