ਦਿਲ ਪਿਘਲਾਉਣਾ ਸੌਖਾ ਨਈਂ

ਅਦੀਬ ਦੋਸਤਾਂ ਦੀ ਨਜ਼ਰ ਇਕ ਨਵੀਂ ਗਜ਼ਲ
ਦਿਲ ਪਿਘਲਾਉਣਾ ਸੌਖਾ ਨਈਂ
ਹਰ ਇਕ ਦਾ ਅੱਜ ਦਿਲ ਪਿਘਲਾਉਣਾ ਸੌਖਾ ਨਈਂ I
ਕੰਜਰੀ ਬਣਕੇ ਯਾਰ ਮਨਾਉਣਾ ਸੌਖਾ ਨਈਂ I
ਹਿੰਦੂ, ਮੁਸਲਿਮ, ਸਿਖ, ਇਸਾਈ ਗਾਉਂਦੇ ਨੇ,
ਇਹਨਾ ਦਾ ਇਕ ਸੁਰ ਵਿੱਚ ਗਾਉਣਾ ਸੌਖਾ ਨਈਂ I
ਕਤਲ ਬੜੇ ਹੁੰਦੇ ਨੇ ਰੀਝਾਂ, ਸਧਰਾਂ ਦੇ,
ਹਰ ਪਲ ਖੁਸ਼ੀਆਂ ਨੂੰ ਦਫਨਾਉਣਾ ਸੌਖਾ ਨਈਂ I
ਬਦਲੇ ਦੀ ਹੀ ਅੱਗ ਸੀਨੇ ਵਿਚ ਸੁਲਗ ਪਵੇ,
ਦੁਸ਼ਮਣ ਨੂੰ ਪਰ ਸੀਨੇ ਲਾਉਣਾ ਸੌਖਾ ਨਈਂ I
ਚੰਗੇ ਦਿਨ ਵੀ ਮੁਕਰ ਗਏ ਚੰਗਿਆਈ ਤੋਂ,
ਭੋਲਿਆਂ ਨੂੰ ਵੀ ਹੁਣ ਭਰਮਾਉਣਾ ਸੌਖਾ ਨਈਂ I
ਨਫ਼ਰਤ,ਵਹਿਸ਼ਤ,ਦਹਿਸ਼ਤ ਦਿਲ ਵਿਚ ਬੀਜ ਲਏ,
ਉਲਫ਼ਤ ਦੀ ਪਰ ਪਿਓਂਦ ਲਗਾਉਣਾ ਸੌਖਾ ਨਈਂ I
ਚਕ ਤੇ ਰੋਜ ਚੜਾਉਂਦਾ ਹੈ ਘੁਮਿਆਰ ਘੜੇ,
ਸਭ ਨੂੰ ਛੱਲਾਂ ਯੋਗ ਬਣਾਉਣਾ ਸੌਖਾ ਨਈਂ I
ਸੋਹਲ ਜਗਦੇ ਦੀਪ ਬਚਾਉਂਦਾ ਝਖੜਾਂ ਤੋਂ,
ਦੀਪਾਂ ਨੂੰ ਹਰ ਹਾਲ ਜਗਾਉਣਾ ਸੌਖਾ ਨਈਂ I
ਆਰ.ਬੀ.ਸੋਹਲ
 
Top