ਨੌਜਵਾਨ ਦਿਲਾਂ ਦੀ ਧੜਕਣ ਗਾਇਕਾ ਮਿਸ ਪੂਜਾ।

rgxsingh

Elite
ਪੰਜਾਬੀ ਗਾਇਕੀ ਖੇਤਰ ’ਚ ਨੌਜਵਾਨ ਦਿਲਾਂ ਦੀ ਧੜਕਣ ਬਣੀ....... ਗਾਇਕਾ ਮਿਸ ਪੂਜਾ।


ਚੜ੍ਹਦੇ ਸੂਰਜ ਦੀ ਲਾਲੀ, ਜਵਾਨੀ ਦੀ ਸਿਖ਼ਰ ਦੁਪਹਿਰ ਤੇ ਚਾਨਣੀ ਰਾਤ ਦੀ ਠੰਡਕ ਦਾ ਆਨੰਦ ਵਿਰਲੇ ਲੋਕਾਂ ਦੇ ਭਾਗੀਂ ਹੁੰਦਾ ਹੈ। ਇਸੇ ਤਰ੍ਹਾਂ ਸੁਰੀਲੀ ਤੇ ਮਿੱਠੀ ਆਵਾਜ਼ ਦੇ ਨਾਲ-ਨਾਲ ਢੁੱਕਵੀਆਂ ਅਦਾਵਾਂ ਤੇ ਵਧੀਆ ਢੰਗ ਨਾਲ ਗਾ ਲੈਣਾ ਵੀ ਵਿਰਲੇ ਇਨਸਾਨਾਂ ਦੇ ਨਸੀਬਾਂ ਵਿਚ ਆਉਂਦਾ ਹੈ... ਸੁਰ... ਸੰਗੀਤ... ਵਧੀਆ ਗਾਇਕੀ, ਅਭਿਨੈ ਤੇ ਸੁੰਦਰਤਾ ਦਾ ਮੁਜੱਸਮਾ ਹੋ ਨਿੱਬੜੀ ਅਜਿਹੀ ਹੀ ਇਕ ਖੁਸ਼ਨਸੀਬ ਗਾਇਕਾ ਹੈ ਮਿਸ ਪੂਜਾ। ਅੱਜ ਜਦੋਂ ਇਕ ਚੰਗੀ ਪ੍ਰਫਾਰਮਰ, ਨਿਵੇਕਲੀ ਤੇ ਦਿਲਕਸ਼ ਆਵਾਜ਼ ਤੇ ਵਧੀਆ ਗਾਇਕਾਵਾਂ ਦੀ ਗੱਲ ਛਿੜਦੀ ਹੈ ਤਾਂ ਮਿਸ ਪੂਜਾ ਦਾ ਨਾਂਅ ਪੰਜਾਬੀ ਗੀਤ-ਸੰਗੀਤ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ ਜ਼ੁਬਾਨ ’ਤੇ ਮੱਲੋ-ਜ਼ੋਰੀ ਆ ਜਾਂਦਾ ਹੈ। ਨਿੱਘੇ ਹੱਸਮੁੱਖ ਸੁਭਾਅ ਵਾਲੀ ਅਜੌਕੇ ਦੌਰ ਦੀ ਚਰਚਿਤ ਗਾਇਕਾ ਮਿਸ ਪੂਜਾ ਦੇ ਗੀਤਾਂ ਦੇ ਫਿਲਮਾਂਕਣ ਸਮੇਂ ਉਸ ਦੇ ਬੁੱਲ੍ਹਾਂ ’ਤੇ ਹਾਸਿਆਂ ਦੀ ਝੜੀ ਸਰੋਤਿਆਂ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਹੈ। ਖ਼ਾਸ ਕਰਕੇ ਮਿਸ ਪੂਜਾ ਦੇ ਗੀਤਾਂ ’ਚ ਲਫ਼ਜ਼ਾਂ ਦਾ ਸ਼ੁੱਧ ਉਚਾਰਣ ਉਸ ਦੀ ਗਾਇਕੀ ਤੇ ਸੋਨੇ ’ਤੇ ਸੁਹਾਗੇ ਵਾਂਗ ਹੋ ਨਿੱਬੜ ਰਿਹਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਕੈਸੇਟ ਕਲਚਰ ’ਚ ਇਸ ਸਮੇਂ ਦੋਗਾਣਾ ਗਾਇਕੀ ’ਚ ਜੋ ਨਾਂਅ ਮਿਸ ਪੂਜਾ ਨੇ ਕਮਾਇਆ ਹੈ, ਸ਼ਾਇਦ ਹੀ ਚੰਦ ਕੁ ਗਾਇਕਾਂ ਦੇ ਹਿੱਸੇ ਆਇਆ ਹੋਵੇ। ਅਜਿਹਾ ਪੰਜਾਬੀ ਦਾ ਕੋਈ ਸੰਗੀਤਕ ਚੈਨਲ ਨਹੀਂ ਜਿੱਥੇ ਹਰ ਪੰਜ-ਸੱਤ ਮਿੰਟਾਂ ਬਾਅਦ ਮਿਸ ਪੂਜਾ ਨਾ ਦਿਸਦੀ ਹੋਵੇ। ਬਿਨਾਂ ਸ਼ੱਕ ਅੱਜ ਮਿਸ ਪੂਜਾ ਨੂੰ ਸੰਗੀਤਕ ਹਲਕਿਆਂ ’ਚ ਪੰਜਾਬੀ ਗਾਇਕੀ ਖੇਤਰ ’ਚ ਪੰਜਾਬ ਦੀ ਲਤਾ ਮੰਗੇਸ਼ਕਰ ਕਰਕੇ ਪੁਕਾਰਿਆ ਜਾਣ ਲੱਗਾ ਹੈ।
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ’ਚ ਪਿਤਾ ਸ੍ਰੀ ਇੰਦਰਪਾਲ ਸਿੰਘ ਕੈਂਥ ਦੇ ਘਰ, ਮਾਤਾ ਸ੍ਰੀਮਤੀ ਸਰੋਜ ਕੈਂਥ ਦੀ ਕੁੱਖੋਂ ਜਨਮੀਂ ਗੁਰਿੰਦਰ ਕੌਰ ਕੈਂਥ (ਮਿਸ ਪੂਜਾ) ਉਨ੍ਹਾਂ ਖੁਸ਼-ਕਿਸਮਤ ਗਾਇਕਾਵਾਂ ’ਚੋਂ ਹੈ ਜਿਸ ਨੇ ਛੋਟੀ ਉਮਰੇ ਹੀ ਪਿਤਾ ਦੀ ਉਸਤਾਦੀ ਦੇ ਨਾਲ-ਨਾਲ ਪਟਿਆਲੇ ਦੇ ਸੰਗੀਤਕ ਮਾਹਿਰ ਮਹਿੰਦਰਪਾਲ ਸਿੰਘ ਨਗੀਨਾ ਤੇ ਰਾਜਪੁਰੇ ਦੇ ਕੇਸਰ ਨਾਥ ਕੇਸਰ ਆਦਿ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਰਾਜਪੁਰਾ ਦੇ ਸੀ. ਐਮ. ਮਾਡਲ ਸਕੂਲ ਤੋਂ ਮੈਟ੍ਰਿਕ, ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੋਂ +2 ਕੀਤੀ। ਇਸੇ ਦੌਰਾਨ ਚੰਡੀਗੜ੍ਹ ਦੇ ਬਾਲ ਭਵਨ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਾਜ ਪੱਧਰੀ ਲੋਕ ਗਾਇਕੀ ਮੁਕਾਬਲੇ ’ਚ ‘ਮਿਰਜ਼ਾ’ ਗਾ ਕੇ ਪਹਿਲਾ ਸਥਾਨ ਮੱਲਿਆ ਅਤੇ ਸ਼ਬਦ ਗਾਇਨ ਮੁਕਾਬਲੇ ’ਚ ਵੀ ਪੰਜਾਬ ਪੱਧਰ ’ਚ ਮੋਹਰੀ ਬਣਨ ਦਾ ਮਾਣ ਹਾਸਲ ਕੀਤਾ। ਚੰਡੀਗੜ੍ਹ ਦੇ ਗੌਰਮਿੰਟ ਕਾਲਜ ਫਾਰ ਗਰਲਜ਼ ਸੈਕਟਰ-11 ਤੋਂ ਸੰਗੀਤ ਦੇ ਵਿਸ਼ੇ ਨਾਲ ਬੀ. ਏ. ਤੇ ਫੇਰ ਐਮ. ਏ. (ਸੰਗੀਤ) ਕੀਤੀ। ਬੀ. ਐਡ ਦੌਰਾਨ ਮਿਸ ਪੂਜਾ ਨੇ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹੋਏ ਝਾਰਖੰਡ ’ਚ ਵੀ ਗਾਇਕੀ ’ਚ ਪਹਿਲੇ ਸਥਾਨ ’ਤੇ ਰਹਿਣ ’ਚ ਬਾਜ਼ੀ ਮਾਰੀ। ਪਟੇਲ ਪਬਲਿਕ ਸਕੂਲ ਰਾਜਪੁਰਾ ਵਿਚ ਵੀ ਸੰਗੀਤ ਅਧਿਆਪਕਾ ਦੀਆਂ ਸੇਵਾਵਾਂ ਨਿਭਾਉਣ ਵਾਲੀ ਮਿਸ ਪੂਜਾ ਦੀ ਜ਼ਿੰਦਗੀ ’ਚ ਉਦੋਂ ਇਕ ਨਵਾਂ ਮੋੜ ਆਇਆ ਜਦੋਂ ਗਾਇਕ ਦਰਸ਼ਨ ਖੇਲਾ ਦੀ ਕੈਸੇਟ ‘ਜਾਨ ਤੋਂ ਪਿਆਰੀ’ ਲਈ ਮਿਸ ਪੂਜਾ ਨੇ ਕੈਸੇਟ ਕਲਚਰ ਸਫ਼ਰ ਆਰੰਭਿਆ ਤੇ ਇਹ ਗੀਤ ‘ਭੰਨ ਚੂੜੀਆਂ ਪਿਆਰ ਤੇਰਾ ਦੇਖਦੀ, ਮੈਂ ਹੱਥ ’ਚ ਮਰਾ ਲਈ ਵੰਗ ਵੇ’ ਨਾਲ ਮਿਸ ਪੂਜਾ ਦਾ ਨਾਂਅ ਸੰਗੀਤਕ ਫ਼ਿਜ਼ਾ ’ਚ ਗੂੰਜਣ ਲੱਗਾ। ਫੇਰ ਕੀ ਸੀ ਉਸ ਤੋਂ ਬਾਅਦ ਮਿਸ ਪੂਜਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਫੇਰ ਹੋਈ ਚੱਲ ਸੋ ਚੱਲ। ਭਾਵੇਂ ਕਿ ਇਸ ਤੋਂ ਪਹਿਲਾਂ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦੇ ਗਾਇਕੀ ਮੁਕਾਬਲਿਆਂ ’ਚ ਵੀ ਗੁਰਿੰਦਰ ਕੈਂਥ (ਮਿਸ ਪੂਜਾ) ਨੇ ਆਪਣੀ ਕਲਾ ਨਾਲ ਸਰੋਤਿਆਂ ਦੀ ਖੂਬ ਵਾਹਵਾ ਖੱਟੀ।
ਦੋਗਾਣਾ ਗਾਇਕੀ ਵਿਚ ਗਾਇਕਾਂ ਦੇ ਨਾਲ ਪਿੱਠਵਰਤੀ ਕੈਸੇਟ ਗਾਇਕਾਵਾਂ ਨੇ ਬਹੁਤ ਸਾਰੇ ਗਾਇਕ ਕਲਾਕਾਰਾਂ ਨੂੰ ਰੌਸ਼ਨੀ ’ਚ ਲਿਆਉਣ ਲਈ ਮੋਹਰੀ ਰੋਲ ਨਿਭਾਇਆ ਜਿਨ੍ਹਾਂ ’ਚ ਪਿਛਲੇ ਸਾਲਾਂ ਵਿਚ ਮਨਪ੍ਰੀਤ ਅਖ਼ਤਰ, ਜਸਪਿੰਦਰ ਨਰੂਲਾ, ਸੁਦੇਸ਼ ਕੁਮਾਰੀ, ਪ੍ਰਵੀਨ ਭਾਰਟਾ, ਅਨੀਤਾ ਸਮਾਣਾ, ਗੁਰਲੇਜ਼ ਅਖ਼ਤਰ ਦੇ ਨਾਂਅ ਵੀ ਆਉਂਦੇ ਹਨ। ਪਰ ਢਾਈ-ਤਿੰਨ ਸਾਲਾਂ ’ਚ ਮਿਸ ਪੂਜਾ ਦੀ ਸੁਰੀਲੀ ਅੱਲੜ੍ਹਪੁਣੇ ਵਾਲੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਬੋਲਿਆ।
ਗਾਇਕਾ ਮਿਸ ਪੂਜਾ ਦੇ ਲਈ ਇਹ ਮਾਣ ਦੀ ਗੱਲ ਹੈ ਕਿ ਉਸ ਦੇ ਇਕ ਨਹੀਂ ਬਲਕਿ ਕਈ ਦਰਜਨ ਗੀਤਾਂ ਨੂੰ ਲੋਕ ਗੀਤਾਂ ਜਿਹਾ ਮਾਣ ਵੀ ਹਾਸਲ ਹੋਇਆ। ਆਪਣੀ ਪਹਿਲੀ ਧਾਰਮਿਕ ਕੈਸੇਟ ‘ਨਿਮਾਣਿਆਂ ਦੀ ਲਾਜ’ ਨਾਲ ਮਿਸ ਪੂਜਾ ਨੇ ਜਿੱਥੇ ਖੂਬ ਨਾਮਣਾ ਖੱਟਿਆ, ਉਥੇ ਪਿਛੇ ਜਿਹੇ ਮਿਸ ਪੂਜਾ ਨੇ ਸੁਰੀਲੀ ਆਵਾਜ਼ ਵਿਚ ‘ਮੂਲ ਮੰਤਰ ਅਤੇ ਜਪੁਜੀ ਸਾਹਿਬ’ ਦੀ ਪਹਿਲੀ ਪਾਉੜੀ ਦੇ ਪਾਠ ਦੀ ਕੈਸੇਟ ‘ੴ’ ਟਾਈਟਲ ਹੇਠ ਵੀ ਆਪਣੀ ਪ੍ਰਭਾਵਸ਼ਾਲੀ ਗਾਇਕੀ ਦਾ ਘੇਰਾ ਹੋਰ ਵੀ ਵਿਸ਼ਾਲ ਕੀਤਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਪੁਰਾਣੇ ਸਮਿਆਂ ਦੀਆਂ ਗਾਇਕਾਵਾਂ ਜਿਨ੍ਹਾਂ ’ਚ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ, ਅਮਰਜੋਤ (ਜੋ ਭਾਵੇਂ ਹੁਣ ਇਸ ਦੁਨੀਆਂ ਵਿਚ ਨਹੀਂ) ਦੇ ਨਾਲ-ਨਾਲ ਉਘੀ ਗਾਇਕਾ, ਰਜਿੰਦਰ ਰਾਜਨ, ਅਮਰ ਨੂਰੀ, ਰਣਜੀਤ ਕੌਰ ਨੇ ਜੋ ਦੋਗਾਣਾ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ, ਉਸੇ ਤਰ੍ਹਾਂ ਦਾ ਪਿਆਰ ਮਿਸ ਪੂਜਾ ਦੇ ਵੀ ਹਿੱਸੇ ਆਇਆ ਹੈ।
ਸਿੱਖ ਪਰਿਵਾਰ ਨਾਲ ਸਬੰਧਿਤ ਮਿਸ ਪੂਜਾ (ਗੁਰਿੰਦਰ ਕੌਰ ਕੈਂਥ) ਦੀ ਇਕ ਭੈਣ ਮਨਿੰਦਰ ਕੈਂਥ ਹੈ ਜੋ ਸਿੱਖਿਆ ਖੇਤਰ ਨਾਲ ਜੁੜੀ ਹੈ, ਇਕ ਭਰਾ ਮਨਪ੍ਰੀਤ ਕੈਂਥ ਜੋ ਪੜ੍ਹਾਈ ਦੇ ਨਾਲ-ਨਾਲ ਗਾਇਕੀ ਖੇਤਰ ਪ੍ਰਤੀ ਵੀ ਸਰਗਰਮ ਹੋ ਰਿਹਾ ਹੈ ਅਤੇ ਉਸ ਨੇ ਆਪਣੀ ਭੈਣ ਮਿਸ ਪੂਜਾ ਨਾਲ ਰੱਖੜੀ ਦੇ ਤਿਉਹਾਰ ਨਾਲ ਸਬੰਧਿਤ ਇਕ ਨਿਵੇਕਲੀ ਤਰਜ਼ ’ਚ ਇਹ ਗੀਤ ‘ਟੂਟੇ ਨਾ ਪਿਆਰ ਕਦੇ ਭੈਣ-ਭਾਈ ਕਾ’ ਰਿਕਾਰਡ ਵੀ ਕਰਵਾਇਆ ਹੈ। ਮਿਸ ਪੂਜਾ ਨੂੰ ਇਹ ਵੀ ਮਾਣ ਹਾਸਲ ਹੈ ਕਿ ਉਸ ਨੂੰ ਉਘੇ ਸੰਗੀਤਕਾਰ ਸਚਿਨ ਅਹੂਜਾ, ਲਾਲ ਕਮਲ, ਗੁਰਮੀਤ ਸਿੰਘ, ਜੱਗੀ ਬ੍ਰਦਰਜ਼, ਡੀ. ਜੇ. ਐਚ, ਪ੍ਰਨੇਅ ਸ਼ਰਮਾ, ਅਨੂ-ਮਨੂ ਆਦਿ ਸੰਗੀਤਕਾਰਾਂ ਨਾਲ ਗਾਉਣ ਦਾ ਮੌਕਾ ਮਿਲਿਆ ਹੈ। ਦੇਸ਼-ਵਿਦੇਸ਼ ’ਚ ਮਿਸ ਪੂਜਾ ਦੀ ਗਾਇਕੀ ਤੇ ਚਾਹੁਣ ਵਾਲਿਆਂ ਦਾ ਵੀ ਕੋਈ ਤੋੜ ਨਹੀਂ।
ਮਿਸਰੀ ਵਰਗੇ ਬੋਲਾਂ, ਮਿੱਠੀ ਤੇ ਕਸ਼ਿਸ਼ ਭਰੀ ਆਵਾਜ਼ ਦਾ ਜਾਦੂ ਬਖੇਰਨ ਵਾਲੀ, ਦਿਲਕਸ਼ ਅਦਾਵਾਂ ਦੀ ਆਕਰਸ਼ਕ ਗਾਇਕਾ ਮਿਸ ਪੂਜਾ ਜਿਸ ਤਰ੍ਹਾਂ ਪੰਜਾਬੀ ਗਾਇਕੀ ਖੇਤਰ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ, ਉਸ ਤੋਂ ਨੇੜ ਭਵਿੱਖ ਵਿਚ ਸੰਗੀਤ ਦੇ ਖੇਤਰ ’ਚ ਹੋਰ ਚੰਗੀਆਂ ਉਮੀਦਾਂ ਦੀ ਆਸ ਸਹਿਜੇ ਹੀ ਲਾਈ ਜਾ ਸਕਦੀ ਹੈ।​

Source: Ajitjalandhar.com
Converted to unicode by RGX!:so
 
Top