ਹਜ਼ਰਤ ਮੁਹੰਮਦ

GöLdie $idhu

Prime VIP
-----ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਇਸਲਾਮ ਵਿਚ ਦੋ ਵੱਡੇ ਖ਼ਲੀਫ਼ੇ ਹੋਏ ਨੇ, ਹਜ਼ਰਤ ਉਮਰ ਤੇ ਹਜ਼ਰਤ ਅਲੀ। ਹਜ਼ਰਤ ਅਲੀ ਨੇ ਇਕ ਦਿਨ ਹੱਥ ਜੋੜ ਕੇ ਬੇਨਤੀ ਕੀਤੀ:
"ਹਜ਼ਰਤ ! ਮੈਂਨੂੰ ਇਹ ਦੱਸੋ ਕਿ ਸਭ ਕੁੱਛ ਖ਼ੁਦਾ ਹੀ ਕਰਦਾ ਹੈ, ਜਾਂ ਕੁਝ ਮੈਂ ਵੀ ਕਰਦਾ ਹਾਂ, ਸਭ ਕੁਝ ਖ਼ੁਦਾ ਦੇ ਹੀ ਵੱਸ ਹੈ ਜਾਂ ਕੁਛ ਮੇਰੇ ਵੱਸ ਵੀ ਹੈ ?"
ਸਵਾਲ ਬਹੁਤ ਵੱਡਾ ਸੀ, ਬਹੁਤ ਅਹਿਮ, ਪੇਚੀਦਾ ਤੇ ਬ਼ਾਰੀਕ ਵੀ । ਹਜ਼ਰਤ ਮੁਹੰਮਦ ਸਾਹਿਬ ਕਹਿਣ ਲੱਗੇ :
"ਅਲੀ ਗੱਲ ਸੁਣ, ਉਂਝ ਲਫ਼ਜ਼ਾਂ ਨਾਲ ਜੇ ਮੈਂ ਤੈਨੂੰ ਸਮਝਾਇਆ ਤਾਂ ਸਮਝ ਨਹੀਂ ਪਵੇਗੀ, ਪ੍ਤੱਖ ਪ੍ਮਾਣ ਦੇਣਾ ਪਵੇਗਾ।"
ਅਲੀ ਖੜਾ ਸੀ ਤੇ ਮੁਹੰਮਦ ਸਾਹਿਬ ਬੈਠੇ ਨੇ,
ਅਾਖਿਆ-
"ਤੂੰ ਆਪਣਾ ਇਕ ਪੈਰ ਜ਼ਮੀਨ ਤੋਂ ਚੁੱਕ ।"
ਹੁਣ ਦੋ ਪੈਰਾਂ 'ਤੇ ਹੀ ਬੰਦਾ ਜ਼ਮੀਨ 'ਤੇ ਖੜਾੑ ਹੁੰਦਾ ਹੈ।
ਅਲੀ ਨੇ ਦਾਇਆਂ ਪੈਰ ਜ਼ਮੀਨ ਤੋਂ ਚੁੱਕ ਲਿਆ।
ਮੁਹੰਮਦ ਸਾਹਿਬ ਕਹਿਣ ਲੱਗੇ:
"ਹੁਣ ਤੂੰ ਦੂਜਾ ਵੀ ਚੁੱਕ।"
ਹਜ਼ਰਤ ਅਲੀ ਕਹਿਣ ਲੱਗੇ-
"ਇਹ ਤੇ ਨਹੀਂ ਹੋ ਸਕਦਾ । ਮੈਂ ਜ਼ਮੀਨ ਤੋਂ ਇਕ ਪੈਰ ਤੇ ਚੁੱਕ ਸਕਦਾ ਹਾਂ, ਪਰ ਦੋਵੇਂ ਚੁੱਕ ਕੇ ਨਹੀਂ ਖੜਾ ਹੋ ਸਕਦਾ । ਆਖ਼ਿਰ ਜ਼ਮੀਨ 'ਤੇ ਖੜਾ ਰਹਿਣ ਵਾਸਤੇ ਕੁਛ ਨਾ ਕੁਛ ਸਹਾਰਾ ਚਾਹੀਦਾ ਹੈ।"
"ਤੂੰ ਜਿਹੜਾ ਦਾਇਆਂ ਪੈਰ ਜ਼ਮੀਨ ਤੋਂ ਉਠਾਇਐ, ਤੇਰੀ ਮਰਜ਼ੀ ਸੀ, ਤੂੰ ਪਹਿਲੇ ਬਾਇਆਂ ਵੀ ਉਠਾ ਸਕਦਾ ਸੀ।ਪਰ ਹੁਣ ਜੇ ਤੈਨੂੰ ਬਾਇਆਂ ਉਠਾਣਾ ਹੋਵੇ ਤੇ ਕੀ ਕਰੇਂਗਾ, ਦਾਇਆਂ ਪੈਰ ਪਹਿਲੇ ਜ਼ਮੀਨ 'ਤੇ ਰੱਖਣਾ ਪਵੇਗਾ, ਦੋਵੇਂ ਨਹੀਂ ਉਠਾ ਸਕਦਾ।"
ਉਥੇ ਮੁਹੰਮਦ ਸਾਹਿਬ ਨੇ ਸਮਝਾਇਆ, ਕਿ ਬਈ ਕਰਮ ਦੀ ਚੋਣ ਬੰਦਾ ਕਰ ਸਕਦਾ ਹੈ। ਤੂੰ ਕੀ ਕਰਨਾ ਹੈ, ਇਹ ਤੇ ਚੋਣ ਤੂੰ ਕਰ ਸਕਦਾ ਹੈਂ ਪਰ ਜਦ ਤੂੰ ਚੋਣ ਕਰ ਲਈ, ਫਿਰ ਫਲ ਤੇਰੇ ਹੱਥ ਵਿਚ ਨਹੀਂ ਹੈ। ਮੇਰੀ ਮਰਜ਼ੀ ਹੈ, ਮੈਂ ਸ਼ਰਾਬ ਪੀਣੀ ਹੈ ਜਾਂ ਅੰਮਿ੍ਤ ਪੀਣਾ ਹੈ, ਜੇ ਮੈਂ ਅੰਮਿ੍ਤ ਪੀ ਲਿਆ ਤੇ ਉਸਦਾ ਆਪਣਾ ਅਸਰ ਹੈ ਤੇ ਜੇ ਮੈਂ ਸ਼ਰਾਬ ਪੀ ਲਈ ਉਸਦਾ ਫਿਰ ਆਪਣਾ ਅਸਰ ਹੈ। ਗੈਰ- ਕੁਦਰਤੀ ਗੱਲ ਨਹੀਂ ਹੋ ਸਕਦੀ। ਲੇਕਿਨ ਹਰ ਕਰਮ ਦੀ ਚੋਣ ਮਨੁੱਖ ਕਰ ਸਕਦਾ ਹੈ ਤੇ ਜਦੋਂ ਚੋਣ ਕਰ ਲੈਂਦਾ ਹੈ, ਫਿਰ ਫਸ ਜਾਂਦਾ ਹੈ, ਉਸ ਕਰਮ ਦੇ ਬੰਧਨ ਵਿੱਚ । (ਗਿਆਨੀ ਸੰਤ ਸਿੰਘ ਜੀ ਮਸਕੀਨ)
 
Top