ਇਕ ਮਸਤ ਫ਼ਕੀਰ

GöLdie $idhu

Prime VIP
----ਇਕ ਮਸਤ ਫ਼ਕੀਰ ਖ਼ਵਾਜਾ ਮੁਈਨੂਦੀਨ ਚਿਸਤੀ ਦੀ ਦਰਗਾਹ ਦੇ ਬਾਹਰ ਬੈਠਾ ਹੱਥ ਫੈਲਾ ਕੇ ਭਿਕਸ਼ਾ ਮੰਗ ਰਿਹਾ ਸੀ, ਲੇਕਿਨ ਹੈ ਸੀ ਕਿਸੇ ਰੰਗ ਦੇ ਵਿਚ ਰੰਗਿਆ ਹੋਇਆ। ਮੰਗ ਰਿਹਾ ਸੀ ਸਿਰਫ਼ ਚਾਰ ਆਨੇ, ਵੀ ਮੈਂ ਦੋ ਰੋਟੀਆਂ ਲੈਣੀਆ ਨੇ, ਚਾਰ ਆਨੇ ਦੀਆਂ।
ਇਕ ਸੰਤ ਨੇ ਅਠਿਆਨੀ ਹਥੇਲੀ ਤੇ ਪਕੜਾ ਦਿੱਤੀ, ਆਖਿਆ,
"ਅੈਹ ਲੈ।"
ਉਹ ਫ਼ਕੀਰ ਕਹਿਣ ਲੱਗਾ,"ਸੰਤ ਜੀ, ਠਹਿਰੋ।"
ਉਸ ਨੇ ਚਾਰ ਆਨੇ ਦੀਆਂ ਦੋ ਰੋਟੀਆਂ ਲਈਆਂ ਤੇ ਚਾਰ ਆਨੇ ਸੰਤ ਨੂੰ ਵਾਪਸ ਕਰਨ ਲੱਗਾ, ਆਖਣ ਲੱਗਾ,
"ਮੈਨੂੰ ਚਵਾਨੀ ਚਾਹੀਦੀ ਸੀ, ਅਠਿਆਨੀ ਨਹੀਂ।"
ਉਸ ਸੰਤ ਨੇ ਕਹਿ ਦਿੱਤਾ,
"ਕੋਈ ਗੱਲ ਨਈ ਫ਼ਕੀਰ ਸਾਈਂ, ਬਾਕੀ ਚਾਰ ਆਨੇ ਦੀਆਂ ਕੱਲ ਦੋ ਰੋਟੀਆਂ ਲੈ ਲੈਣੀਆਂ।"
ਉਸ ਫ਼ਕੀਰ ਨੇ ਚਵਾਨੀ ਵੀ ਦੇ ਸੁੱਟੀ,ਤੇ ਦੋ ਰੋਟੀਆਂ ਵੀ ਸੰਤ ਦੇ ਹੱਥ ਤੇ ਥਮਾ ਦਿੱਤੀਆਂ।ਆਖਣ ਲੱਗਾ,
"ਮੈਂ ਨਾ-ਸ਼ੁਕਰੇ ਦੇ ਹੱਥ ਦੀਆਂ ਰੋਟੀਆਂ ਨਈ ਖਾਣੀਆਂ। ਤੈਨੂੰ ਈਸ਼ਵਰ ਦਾ ਬੋਧ ਨਈਂ, ਅਕਾਲ ਪੁਰਖ ਦਾ ਬੋਧ ਨਹੀਂ। ਜਿਸ ਖ਼ੁਦਾ ਨੇ ਮੈਨੂੰ ਅੱਜ ਦਿੱਤਾ ਹੈ, ਉਹ ਮੈਨੂੰ ਕੱਲ ਵੀ ਦੇਵੇਗਾ। ਜਿਸ ਨੇ ਅੱਜ ਤੈਨੂੰ ਭੇਜਿਆ ਹੈ, ਉਹ ਕੱਲ ਕਿਸੇ ਹੋਰ ਨੂੰ ਭੇਜੇਗਾ। ਮੇਰਾ ਤੇ ਅੈਹ ਯਕੀਨ ਹੈ, ਭਰੋਸਾ ਹੈ, ਪਰ ਤੂੰ ਸਾਧ ਬਾਣੇ ਵਿਚ ਹੋ ਕੇ ਵੀ ਭਰੋਸੇ ਤੋਂ ਹੀਣ ਹੈਂ, ਵਿਸ਼ਵਾਸ਼ ਤੋਂ ਹੀਣ ਹੈਂ, ਡੋਲਿਆ ਹੋਇਆ ਹੈਂ।" ਦਰਅਸਲ ਜੈਸੇ ਜੈਸੇ ਕੋਈ ਸਿਮਰਨ ਕਰਦਾ ਹੈ, ਪਰਮਾਤਮਾ ਤੇ ਭਰੋਸਾ ਜੰਮਦਾ ਹੈ, ਜਦ ਪਰਮਾਤਮਾ ਤੇ ਭਰੋਸਾ ਜੰਮਦਾ ਹੈ ਤਾਂ ਕੱਲ ਦੀ ਫਿਕਰ ਮਿਟਦੀ ਏ। ਅੈਸਾ ਮਨੁੱਖ ਅੱਜ ਨੂੰ ਹੀ ਸੰਵਾਰਦਾ ਹੈ, ਅੱਜ ਦੇ ਵਿਚ ਹੀ ਜੀਂਵਦਾ ਹੈ ਅੌਰ ਉਸਨੂੰ ਪਤਾ ਹੈ ਕਿ ਪਰਮਾਤਮਾ ਅਮਿੱਟ ਹੈ ਔਰ ਉਸਦੀ ਰੋਜ਼ੀ ਵੀ ਅਮਿੱਟ ਹੈ, ਔਰ ਜੋ ਦੇਂਦਾ ਰਹਿੰਦਾ ਹੈ, ਦੇਂਦਾ ਹੀ ਰਹਿੰਦਾ ਹੈ। ਲੈਣ ਵਾਲੇ ਮਿੱਟ ਜਾਂਦੇ ਨੇ, ਦੇਣ ਵਾਲਾ ਨਈਂ ਮਿੱਟਦਾ।ਮੰਗਤੇ ਮਿੱਟ ਜਾਂਦੇ ਨੇ, ਦਾਤਾ ਆਪਣੀ ਥਾਂ ਤੇ ਅਮਰ ਰਹਿੰਦਾ ਹੈ, ਸਦੀਵੀ ਰਹਿੰਦਾ ਹੈ।
ਸਾਹਿਬ ਕਹਿੰਦੇ ਨੇ ਜਿਸ ਪਰੀਪੂਰਨ ਪਰਮਾਤਮਾ ਨੇ,ਇਹ ਸਾਰਾ ਜਗਤ ਬਣਾਇਅਾ ਹੈ, ਉਸੇ ਨੂੰ ਹੀ ਇਸ ਦੀ ਚਿੰਤਾ ਹੈ :- "ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਅਾ ਜਗੁ ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ॥" {ਸਲੋਕ ਮ: ੧,ਅੰਗ ੪੬੭}

ਤੂੰ ਨਾ ਚਿੰਤਾ ਕਰ, ਚਿੰਤਾ ਕਰਤੇ ਦੀ ਝੋਲੀ ਦੇ ਵਿਚ ਪਾ, ਉਹਨੂੰ ਕਰਨ ਦੇ, ਔਰ ਉਹ ਕਰ ਰਿਹਾ ਹੈ। ਤੂੰ ਸਿਰਫ਼ ਚਿੰਤਨ ਕਰ, ਪਰ ਬਦਕਿਸਮਤੀ ਏ ਕਿ ਈਸ਼ਵਰ ਤੇ ਚਿੰਤਾ ਕਰਦਾ ਹੈ, ਸੰਭਾਲ ਕਰਦਾ ਹੈ, ਮਨੁੱਖ ਵੀ ਆਪਣੀ ਚਿੰਤਾ ਕਰਨ ਲੱਗ ਪੈਂਦਾ ਹੈ ਔਰ ਹੁੰਦਾ ਕੀ ਏ, ਇਨ੍ਹਾਂ ਚਿੰਤਾ ਤੇ ਤਨਾਉ ਦੇ ਥੱਲੇ ਮਨੁੱਖ ਖਾਹ ਮਖਾਹ ਦਬਾਇਆ ਰਹਿੰਦਾ ਹੈ ਔਰ ਇਸ ਦਾ ਅਧਿਆਤਮਿਕ ਵਿਕਾਸ ਰੁਕ ਜਾਂਦਾ ਹੈ।ਸਾਰੀ ਦੁਨੀਆਂ ਦੇ ਵਿਚ ਜੋ ਅਧਿਆਤਮਿਕ ਵਿਕਾਸ ਰੁਕਿਆ ਹੈ, ਤੋ ਮਹਿਜ ਇਸ ਚਿੰਤਾ ਕਰਕੇ, ਇਸ ਤਨਾਉ ਕਰਕੇ, ਇਸ ਬੋਝ ਕਰਕੇ। ਤੋ ਸਾਹਿਬ ਕਹਿੰਦੇ ਨੇ ਉੱਦਮ ਕਰਨਾ ਤੇਰਾ ਧਰਮ ਹੈ, ਚਿੰਤਾ ਕਰਨਾ ਤੇਰਾ ਫ਼ਰਜ਼ ਨਈਂ ਏ। ਚਿੰਤਾ ਕਰਨਾ ਪ੍ਰਭੂ ਦਾ ਫ਼ਰਜ਼ ਏ। ਤੂੰ ਉੱਦਮ ਕਰੀ ਜਾ, ਪੁਰਸ਼ਾਰਥ ਕਰੀ ਜਾ, ਤੇਰੇ ਪੁਰਸ਼ਾਰਥ ਨੂੰ ਯੋਗਤਾ ਅਨੁਸਾਰ, ਤੇਰੀ ਪ੍ਰਾਲਬਦ ਅਨੁਸਾਰ, ਉਹ ਭਾਗ ਲਾਉਂਦਾ ਜਾਏਗਾ ।(ਮਸਕੀਨ ਜੀ)
 
Top