Shabad ਅਰਬਦ ਨਰਬਦ ਧੁੰਧੂਕਾਰਾ

Goku

Prime VIP
Staff member
ਅਰਬਦ ਨਰਬਦ ਧੁੰਧੂਕਾਰਾ ॥
ਧਰਣਿ ਨ ਗਗਨਾ ਹੁਕਮੁ ਅਪਾਰਾ ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥1॥
ਖਾਣੀ ਨ ਬਾਣੀ ਪਉਣ ਨ ਪਾਣੀ ॥
ਓਪਤਿ ਖਪਤਿ ਨ ਆਵਣ ਜਾਣੀ ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ ॥2॥
ਨਾ ਤਦਿ ਸੁਰਗੁ ਮਛੁ ਪਇਆਲਾ ॥
ਦੋਜਕੁ ਭਿਸਤੁ ਨਹੀ ਖੈ ਕਾਲਾ ॥
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥3॥
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
ਅਵਰੁ ਨ ਦੀਸੈ ਏਕੋ ਸੋਈ ॥
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥4॥
ਨਾ ਤਦਿ ਜਤੀ ਸਤੀ ਬਨਵਾਸੀ ॥
ਨਾ ਤਦਿ ਸਿਧਿ ਸਾਧਿਕ ਸੁਖਵਾਸੀ ॥
ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ ॥5॥
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
ਨਾ ਕੋ ਆਖਿ ਵਖਾਣੈ ਦੂਜਾ ॥
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥6॥
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਗੋਪੀ ਕਾਨੁ ਨ ਗਊ ਗੁਆਲਾ ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥
ਕਰਮ ਧਰਮ ਨਹੀ ਮਾਇਆ ਮਾਖੀ ॥
ਜਾਤਿ ਜਨਮੁ ਨਹੀ ਦੀਸੈ ਆਖੀ ॥
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥8॥
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥
ਨਾ ਤਦਿ ਗੋਰਖੁ ਨਾ ਮਾਛਿੰਦੋ ॥
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ ॥9॥
ਵਰਣ ਭੇਖ ਨਹੀ ਬ੍ਰਹਮਣ ਖਤ੍ਰੀ ॥
ਦੇਉ ਨ ਦੇਹੁਰਾ ਗਊ ਗਾਇਤ੍ਰੀ ॥
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥10॥
ਨਾ ਕੋ ਮੁਲਾ ਨਾ ਕੋ ਕਾਜੀ ॥
ਨਾ ਕੋ ਸੇਖੁ ਮਸਾਇਕੁ ਹਾਜੀ ॥
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥11॥
ਭਾਉ ਨ ਭਗਤੀ ਨਾ ਸਿਵ ਸਕਤੀ ॥
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥12॥
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥
ਪਾਠ ਪੁਰਾਣ ਉਦੈ ਨਹੀ ਆਸਤ ॥
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥13॥
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥
ਬਾਝੁ ਕਲਾ ਆਡਾਣੁ ਰਹਾਇਆ ॥
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥14॥
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥
ਕਰਿ ਕਰਿ ਦੇਖੈ ਹੁਕਮੁ ਸਬਾਇਆ ॥
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥15॥
ਤਾ ਕਾ ਅੰਤੁ ਨ ਜਾਣੈ ਕੋਈ ॥
ਪੂਰੇ ਗੁਰ ਤੇ ਸੋਝੀ ਹੋਈ ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥16॥3॥15॥(1035)॥

(ਅਰਬਦ=(ਅਬੁਲ਼ਦ) ਦਸ ਕਰੋੜ ਸਾਲ, ਨਰਬਦ=ਨ ਅਰਬਦ, ਗਿਣਤੀ ਤੋਂ ਪਰੇ,
ਧੁੰਧੂਕਾਰਾ=ਘੁੱਪ ਹਨੇਰਾ, ਧਰਣਿ=ਧਰਤੀ, ਗਗਨਾ=ਆਕਾਸ਼, ਰੈਨਿ=ਰਾਤ, ਸੁੰਨ ਸਮਾਧਿ=
ਉਹ ਸਮਾਧੀ ਜਿਸ ਵਿਚ ਪ੍ਰਭੂ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਸੀ, ਖਾਣੀ=
ਜਗਤ-ਉਤਪੱਤੀ ਦੇ ਚਾਰ ਵਸੀਲੇ: ਅੰਡਜ, ਉਤਭੁਜ, ਜੇਰਜ, ਸੇਤਜ, ਬਾਣੀ=ਜੀਵਾਂ ਦੀਆਂ
ਬਾਣੀਆਂ, ਓਪਤਿ=ਉਤਪੱਤੀ, ਖਪਤਿ=ਨਾਸ,ਪਰਲੌ, ਸਪਤ=ਸੱਤ, ਸਾਗਰ=ਸਮੁੰਦਰ, ਤਦਿ=
ਤਦੋਂ, ਮਛੁ=ਮਾਤ ਲੋਕ, ਪਇਆਲਾ=ਪਤਾਲ, ਖੈ=ਨਾਸ ਕਰਨ ਵਾਲਾ, ਕਾਲਾ=ਕਾਲ, ਮਹੇਸੁ=
ਸ਼ਿਵ, ਕੋ=ਕੋਈ ਜੀਵ, ਸਤੀ=ਉੱਚਾ ਆਚਰਨ ਬਣਾਣ ਦਾ ਜਤਨ ਕਰਨ ਵਾਲਾ, ਜਤੀ=ਜਤ
ਧਾਰਨ ਵਾਲਾ, ਸਿਧ=ਜੋਗ-ਸਾਧਨਾਂ ਵਿਚ ਪੁੱਗਾ ਹੋਇਆ ਜੋਗੀ, ਸਾਧਿਕ=ਸਾਧਨ ਕਰਨ ਵਾਲਾ,
ਸੁਖ ਵਾਸੀ=ਸੁਖਾਂ ਵਿਚ ਰਹਿਣ ਵਾਲਾ,ਗ੍ਰਿਹਸਤੀ, ਜੰਗਮ=ਸ਼ਿਵ-ਉਪਾਸਕ ਜੋਗੀਆਂ ਦਾ ਇਕ ਭੇਖ,
ਨਾਥੁ=ਜੋਗੀਆਂ ਦਾ ਗੁਰੂ, ਸੰਜਮ=ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ, ਬ੍ਰਤ=ਵਰਤ, ਆਖਿ=
ਆਖ ਕੇ, ਵਿਗਸੈ=ਖ਼ੁਸ਼ ਹੁੰਦਾ, ਸੁਚਿ=ਸਰੀਰ ਨੂੰ ਪਵਿੱਤ੍ਰ ਰੱਖਣ ਦਾ ਸਾਧਨ, ਗੋਪੀ=ਗਵਾਲਣ, ਕਾਨੁ=
ਕ੍ਰਿਸ਼ਨ, ਗੁਆਲਾ=ਗਾਂਈਆਂ ਦਾ ਰਾਖਾ,ਗੋਪਾਲਾ, ਵੰਸੁ=ਬੰਸਰੀ, ਮਾਖੀ=ਸ਼ਹਿਦ,ਮਿੱਠੀ, ਆਖੀ=ਅੱਖਾਂ
ਨਾਲ, ਮਮਤਾ=ਅਪਣੱਤ, ਬਿੰਦੁ=ਉਸਤਤਿ,ਵਡਿਆਈ, ਮਾਛਿੰਦੋ=ਮਾਛਿੰਦ੍ਰ ਨਾਥ, ਕੁਲ ਓਪਤਿ=ਕੁਲਾਂ
ਦੀ ਉਤਪੱਤੀ, ਗਣਤ=ਲੇਖਾ,ਮਾਣ, ਦੇਉ=ਦੇਵਤਾ, ਮਸਾਇਕੁ=ਸ਼ੇਖ, ਰਾਉ=ਰਾਜਾ, ਰਈਅਤਿ=ਪਰਜਾ,
ਸਿਵ=ਸ਼ਿਵ,ਚੇਤੰਨ, ਸਕਤੀ=ਪਾਰਵਤੀ,ਜੜ੍ਹ ਪਦਾਰਥ, ਬਿੰਦੁ=ਵੀਰਜ, ਰਕਤੀ=ਰੱਤ, ਕਤੇਬ=ਸ਼ਾਮੀ
ਮਜ਼ਹਬਾਂ ਦੀਆਂ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ, ਜ਼ੰਬੂਰ), ਉਦੈ=ਸੂਰਜ ਦਾ ਚੜ੍ਹਨਾ, ਆਸਤ=ਅਸਤ
ਹੋਣਾ, ਅਗੋਚਰੁ=ਅ-ਗੋ-ਚਰ,ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ (ਗੋ=ਇੰਦ੍ਰੇ, ਚਰ=ਪਹੁੰਚ),
ਤਿਸੁ ਭਾਣਾ=ਉਸ ਪ੍ਰਭੂ ਨੂੰ ਚੰਗਾ ਲੱਗਾ, ਆਡਾਣੁ=ਪਸਾਰਾ, ਰਹਾਇਆ=ਟਿਕਾਇਆ, ਗੁਰਿ=ਗੁਰੂ ਨੇ, ਦੇਖੈ=
ਸੰਭਾਲ ਕਰਦਾ ਹੈ, ਅਰੰਭੇ=ਬਣਾਏ, ਗੁਪਤਹੁ=ਗੁਪਤ ਹਾਲਤ ਤੋਂ, ਤੇ=ਤੋਂ, ਸਾਚਿ=ਸਦਾ-ਥਿਰ ਪ੍ਰਭੂ ਵਿਚ,
ਬਿਸਮਾਦੀ=ਹੈਰਾਨ, ਬਿਸਮ=ਹੈਰਾਨ)
 
Top