ਅੱਜ ਸੱਜਣ ਬਿਗਾਨੇ ਹੋ ਗਏ

ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਅੱਜ ਬੇਫ਼ਿਕਰਾ ਹੋ ਜੀਣ
ਨਹੀਂ ਆਉਣਾ ਉਸ ਸਮਝਾਉਣ ਨੂੰ, ਅੱਜ ਨਹੀਂ ਰੁਸਣ ਮਨਾਉਣ ਨੂੰ
ਸਭ ਖਤਮ ਯਾਰਾਨੇ ਹੋ ਗਏ , ਅੱਜ ਸੱਜਣ ਬਿਗਾਨੇ ਹੋ ਗਏ

ਨਾ ਝਾਂਜਰ ਅੱਜ ਓਹ ਛਣਕਦੀ, ਓਹ ਵੰਗਾਂ ਦੀ ਛਣਕਾਰ ਨਾ
ਨਾ ਨਜ਼ਰ ਬਾਰੀ ’ਚੋਂ ਦੇਖਦੀ, ਕੋਈ ਖੋਲ੍ਹੇ ਢੋਅ-ਢੋਅ ਬਾਰ ਨਾ
ਨਾ ਸਦਾ ਇਸ਼ਕ ਦੀ ਅੱਜ ਕੋਈ, ਕੋਈ ਪੌਣਾਂ ਵਿਚ ਪੁਕਾਰ ਨਾ
ਇਕ ਤੇਰੇ ਦਰ੍ਹ ਬਿਨ ਸਾਕੀਆ , ਸਾਨੂੰ ਦਿਸਦਾ ਕੋਈ ਦੁਆਰ ਨਾ
ਮੈਨੂੰ ਰੱਜ ਰੱਜ ਸਾਕੀ ਪੀਣ ਦੇ, ਤੂੰ ਵੀ ਗੱਲੀਂ ਬਾਤੀਂ ਸਾਰ ਨਾ
ਅੱਜ ਬਿਰਹੋਂ ਜਸ਼ਨ ਮਣਾਉਣ ਦੇ , ਮੈਨੂੰ ਕਿਧਰੇ ਲੁਕ-ਛਿਪ ਜਾਣ ਦੇ
ਮੈ ਸੁਣਿਆ ਇਸ ਮੈਖਾਨੇ ਵਿਚ, ਤੇਰੇ ਨਿਕੇ ਜਿਹੇ ਪੈਮਾਨੇ ਵਿਚ
ਕਹਿੰਦੇ ਬਹੁਤ ਦੀਵਾਨੇ ਖੋ ਗਏ
ਅੱਜ ਸੱਜਣ ਬਿਗਾਨੇ ਹੋ ਗਏ

ਇਹ ਰੁੱਖ ਜਿਸਮ ਦਾ ਸੁਕਿਆ, ਬਣ ਹੰਝੂ ਪੱਤੇ ਝੜ੍ਹ ਗਏ
ਸਾਡੀ ਰੌਸ਼ਣ ਸ਼ਮਾ ਨਾ ਹੋ ਸਕੀ, ਅਰਮਾਨ ਪਤੰਗੇ ਸੜ੍ਹ ਗਏ
ਸਾਡੇ ਇਸ਼ਕ ਦੀ ਪੱਕੀ ਫ਼ਸਲ ਤੇ, ਬੁਰੇ ਵਕਤ ਦੇ ਬੱਦਲ ਵਰ੍ਹ ਗਏ
ਜੋ ਹਾਰ ਗਲੇ ਦਾ ਸੀ ਕਦੇ, ਸਾਦੇ ਸੱਪ ਬਣ ਸੀਨੇ ਲੜ ਗਏ
ਦੇ ਜ਼ਿਹਰ, ਜ਼ਿਹਰ ਨੂੰ ਮਾਰ ਦੇ, ਓ ਸਾਕੀ ਦਰ ਤੇਰੇ ਆ ਖੜ੍ਹ ਗਏ
ਦੇ ਜ਼ਿਹਰ ਝੂਠ ਨਾ ਬੋਲਦਾ, ਕੀ ਤੂੰ ਜਿਸਮ ਮੇਰੇ ਤੋਂ ਟੋਲਦਾ
ਮੇਰੇ ਦਿਲ ਵਿਚ ਸਿਤਮ ਪਛਾਣ ਓਹਦੇ, ਮੇਰੀ ਰੂਹ ਤੇ ਦੇਖ ਨਿਸ਼ਾਨ ਓਹਦੇ
ਜਿਹਦੇ ਅਸੀਂ ਨਿਸ਼ਾਨੇ ਹੋ ਗਏ
ਅੱਜ ਸੱਜਣ ਬਿਗਾਨੇ ਹੋ ਗਏ

ਤੇਰਾ ਰੰਗਲਾ ਪਾਣੀ ਸਾਕੀਆ, ਅੱਜ ਖਾਸ ਹੁਲਾਰਾ ਨਾ ਦਵੇ
ਸਾਨੂੰ ਪਤਾ ਇਸ਼ਕ ਦੇ ਜ਼ਖਮ ਨੂੱ, ਕੋਈ ਮਲ੍ਹਮ ਸਹਾਰਾ ਨਾ ਦਵੇ
ਪਰ ਕੀ ਫ਼ਾਇਦਾ ਯਾਰੀ ਲਾਉਣ ਦਾ, ਜੇ ਜ਼ਖਮ ਪਿਆਰਾ ਨਾ ਦਵੇ
ਨਾਲੇ ਇਸ਼ਕ ਦੀ ਮਿੱਠੀ ਹਾਰ ਹੀ, ਇਹਦੀ ਜਿੱਤ ਨਜ਼ਾਰਾ ਨਾ ਦਵੇ
ਸਦਾ ਪੁਠੀਆਂ ਇਹਦੀਆਂ ਪੌੜੀਆਂ, ਇਹ ਕਦੇ ਚੁਬਾਰਾ ਨਾ ਦਵੇ
ਅੱਜ ਪਹਿਲੇ ਤੋੜ੍ਹ ਦੀ ਆਉਣ ਦੇ, ਮੈਨੂੰ ਡੂੰਘਾ ਉਤਰ ਜਾਣ ਦੇ
'ਜਗਤਾਰ' ਲੱਭੀਂ ਖੁਦ ਰਾਸਤੇ, ਬੈਠਾ ਸੀ ਜੀਹਦੀ ਆਸ ਤੇ
ਓਹ ਬਾਹਰੋਂ ਬੂਹੇ ਢੋਅ ਗਏ
ਅੱਜ ਸੱਜਣ ਬਿਗਾਨੇ ਹੋ ਗਏ
ਅੱਜ ਓਹ ਬਿਗਾਨੇ ਹੋ ਗਏ
 
Top