ਪੇਂਡੂ ਸੱਭਿਆਚਾਰ ਵਿੱਚ ਕੱਤਣੀ

ਪੇਂਡੂ ਸੱਭਿਆਚਾਰ ਵਿੱਚ ਕੱਤਣੀਮਿਟ ਰਹੀ ਕਲਾ


ਕੁੱਝ ਸਾਲ ਪਹਿਲਾਂ ਤੱਕ ਪਿੰਡ ਵਿੱਚ ਕਪਾਹ ਤੋਂ ਪਰਿਵਾਰਕ ਲੋੜਾਂ ਅਤੇ ਕੱਪੜਾ ਤਿਆਰ ਕਰਨ ਲਈ ਮੁਟਿਆਰਾਂ ਤੇ ਬੁੱਢੀਆਂ ਮਾਵਾਂ-ਦਾਦੀਆ ਕਿਸੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਆਪੋ-ਆਪਣੇ ਚਰਖੇ ਲਿਆ ਕੇ ਜੁੜ ਬਹਿੰਦੀਆਂ ਅਤੇ ਚਰਖੇ ਕੱਤਦੀਆਂ ਸਨ। ਚਰਖੇ ਕੱਤਦੇ ਇਸ ਇਕੱਠ ਨੂੰ ਤ੍ਰਿੰਝਣ ਆਖਦੇ ਸਨ। ਕਪਾਹ ਦੀਆਂ ਪੂਣੀਆਂ ਰੱਖਣ ਲਈ ਬੋਹੀਆ ਅਤੇ ਕੱਤੇ ਹੋਏ ਸੂਤ ਦੇ ਗਲੋਟੇ ਰੱਖਣ ਲਈ ਕੱਤਣੀ ਵਰਤੀ ਜਾਂਦੀ ਸੀ।
ਕੱਤਣੀ ਬਣਾਉਣ ਲਈ ਮੂੰਜ ਜਾਂ ਕਣਕ ਦੀਆਂ ਤੀਲ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਵਧੇਰੇ ਮਜ਼ਬੂਤ ਅਤੇ ਹੰਢਣਸਾਰ ਕੱਤਣੀਆਂ ਸਰਕੰਡੇ ਦੀਆਂ ਤੀਲ੍ਹਾਂ ਦੀਆਂ ਬਣਦੀਆਂ ਸਨ। ਕੱਤਣੀ ਦੀ ਸਿਰਜਣਾ ਇਨ੍ਹਾਂ ਤੀਲ੍ਹਾਂ ਨੂੰ ਫੁਲਕਾਰੀ ਅਤੇ ਬਾਗ਼ ਦੀ ਕਢਾਈ ਕਰਨ ਲਈ ਵਰਤੇ ਜਾਂਦੇ ਪੱਟ ਦੇ ਰੇਸ਼ਮੀ ਅਤੇ ਮੁਲਾਇਮ ਰੰਗਦਾਰ ਧਾਗਿਆਂ ਵਿੱਚ ਮੜ੍ਹ ਕੇ ਕੀਤੀ ਜਾਂਦੀ ਸੀ। ਇਸ ਦਾ ਆਧਾਰ ਲਗਪਗ ਚੌਰਸ ਡੱਬੇ ਵਰਗਾ ਹੁੰਦਾ ਸੀ, ਜਿਸ ਵਿੱਚ ਗਲੋਟੇ ਰੱਖੇ ਜਾ ਸਕਦੇ ਹਨ। ਵੱਧ ਗਲੋਟੇ ਰੱਖਣ ਦੀ ਲੋੜ ਅਨੁਸਾਰ ਕੱਤਣੀ ਨੂੰ ਦੋ ਛੱਤੀ ਜਾਂ ਤਿੰਨ ਛੱਤੀ ਭਾਵ ਜੋ ਜਾਂ ਤਿੰਨ ਡੱਬਿਆਂ ਵਾਲੀ ਵੀ ਬਣਾਇਆ ਜਾਂਦਾ ਸੀ।
ਤ੍ਰਿੰਝਣ ਅਤੇ ਕੱਤਣੀ ਪੇਂਡੂ ਸੱਭਿਆਚਾਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ। ਪਿੰਡਾਂ ਵਿੱਚ ਹੁਣ ਤ੍ਰਿੰਝਣ ਦੀ ਪ੍ਰਥਾ ਲਗਪਗ ਖ਼ਤਮ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਕੱਤਣੀ ਦੀ ਸਿਰਜਣਾ ਦਾ ਕੰਮ ਵੀ ਖ਼ਤਮ ਹੋ ਗਿਆ ਹੈ, ਪਰ ਦੂਰ-ਦੁਰਾਡੇ ਦਿਆਂ ਪਿੰਡਾਂ ਵਿੱਚ ਪੁਰਾਣੀਆਂ ਬਣੀਆਂ ਕੱਤਣੀਆਂ ਨੂੰ ਇੱਕ ਯਾਦਗਾਰ ਜਾਂ ਨਿਸ਼ਾਨੀ ਵਜੋਂ ਸਾਂਭ ਕੇ ਰੱਖਿਆ ਅੱਜ ਵੀ ਦੇਖਿਆ ਜਾ ਸਕਦਾ ਹੈ। ਸਜਾਵਟ ਭਰੀ ਕੱਤਣੀ ਲੋਕ ਕਲਾ ਦਾ ਨਮੂਨਾ ਸੀ ਅਤੇ ਇਸ ਨੂੰ ਤ੍ਰਿੰਝਣ ਵਿੱਚ ਇੱਕ ਸਮਾਜਿਕ ਰੁਤਬੇ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਇਸ ਦੀ ਮਹੱਤਤਾ ਨੇ ਇਸ ਨਾਲ ਕਈ ਲੋਕ-ਗੀਤ ਵੀ ਜੋੜ ਦਿੱਤੇ ਸਨ, ਜਿਵੇਂ ਕਿ:
ਜਦੋਂ ਯਾਦ ਮਾਹੀ ਦੀ ਆਵੇ,
ਕੱਤਣੀ ’ਤੇ ਲੁਟਕ ਗਈ।
ਮੇਰੀ ਕੱਤਣੀ ਫਰਾਟੇ ਮਾਰੇ,
ਪੂਣੀਆਂ ਦੇ ਸੱਪ ਬਣ ਗਏ।
ਤੇਰੇ ਚੱਜ ਨਾ ਵਸਣ ਦੇ ਦਿਸਦੇ,
ਕੱਤਣੀ ਵਿੱਚ ਪਾਈਆਂ ਰਿਓੜੀਆਂ।
 
Top