ਪੰਜਾਬ 'ਚ ਅਲੋਪ ਹੋ ਰਹੇ ਕੁਸ਼ਤੀਆਂ, ਛਿੰਝਾਂ ਦੇ ਦੌਰ

1940117__13-1.jpg
ਹਾਲੇ ਥੋੜ੍ਹੇ ਸਮੇਂ ਦੀਆਂ ਹੀ ਗੱਲਾਂ ਹਨ ਕਿ ਛਿੰਝਾਂ ਦੇ ਮੇਲੇ ਆਮ ਤੌਰ 'ਤੇ ਪੰਜਾਬ ਦੇ ਪਿੰਡਾਂ ਵਿਚ ਚਲਦੇ ਹੀ ਰਹਿੰਦੇ ਸਨ। ਖਾਸ ਕਰ ਝੰਡੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖਣ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਛਿੰਝਾਂ ਦੇ ਮੇਲਿਆਂ 'ਤੇ ਪਹੁੰਚਿਆ ਕਰਦਾ ਸੀ। ਪਰ ਅਜੋਕੇ ਸਮੇਂ ਵਿਚ ਜੇਕਰ ਝਾਤ ਪਾਉਂਦੇ ਹਾਂ ਤਾਂ ਮਹਿਜ਼ ਚੁਣਿੰਦਾ ਹੀ ਕੁਸ਼ਤੀ ਮੇਲੇ ਰਹਿ ਗਏ ਹਨ, ਜਿਨ੍ਹਾਂ ਉੱਤੇ ਲੋਕ ਅੱਜ ਵੀ ਹੁਮ-ਹੁਮਾ ਕੇ ਕੁਸ਼ਤੀਆਂ ਦਾ ਲੁਤਫ਼ ਲੈਣ ਪੁੱਜਦੇ ਹਨ। ਇਨ੍ਹਾਂ ਮੇਲਿਆਂ ਦੇ ਅਲੋਪ ਹੋਣ ਦਾ ਇਕੋ-ਇਕ ਕਾਰਨ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਦਿਮਾਗ ਵਿਚ ਕੁਸ਼ਤੀ ਜਾਂ ਫਿਰ ਛਿੰਝਾਂ ਦੀ ਥਾਂ ਮੋਬਾਈਲ ਫੋਨ ਉੱਤੇ ਖੇਡੀਆਂ ਜਾਣ ਵਾਲੀਆਂ ਬਣਾਵਟੀ ਖੇਡਾਂ ਨੇ ਲੈ ਲਈ ਹੈ। ਕੁਸ਼ਤੀਆਂ ਵਰਗੀ ਖੇਡ ਬਾਰੇ ਜੇਕਰ ਅਜੋਕੇ ਸਮੇਂ ਦੇ ਬੱਚਿਆਂ ਨਾਲ ਗੱਲ ਕਰ ਲਈ ਜਾਵੇ ਤਾਂ ਸ਼ਾਇਦ ਉਨ੍ਹਾਂ ਕੋਲ ਇਸ ਖੇਡ ਬਾਰੇ ਕੋਈ ਵੀ ਉੱਤਰ ਨਹੀਂ ਹੋਵੇਗਾ। ਬਹੁਤ ਹੀ ਘੱਟ ਬੱਚੇ ਅਜਿਹੇ ਹਨ ਜੋ ਅੱਜ ਇਸ ਮਿੱਟੀ ਦੀ ਖੇਡ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਹ ਵੀ ਉਨ੍ਹਾਂ ਦੇ ਮਾਪਿਆਂ ਜਾਂ ਫਿਰ ਦਾਦੇ-ਪੜਦਾਦਿਆਂ ਦੀ ਦੇਣ ਹੈ ਕਿ ਬੱਚਿਆਂ ਨੂੰ ਪੁਰਾਣੀਆਂ ਖੇਡਾਂ ਬਾਰੇ ਦੱਸਦੇ ਰਹਿੰਦੇ ਹਨ। ਸਾਡੇ ਬਜ਼ੁਰਗ ਆਮ ਤੌਰ 'ਤੇ ਅੱਜ ਵੀ ਇਹ ਗੱਲਾਂ ਕਰਦੇ ਨਜ਼ਰੀਂ ਪੈਂਦੇ ਹਨ ਕਿ ਉਨ੍ਹਾਂ ਸਮਿਆਂ ਵਿਚ ਹਰ ਇਕ ਦੀ ਚੰਗੀ ਖੁਰਾਕ ਦੇ ਨਾਲ-ਨਾਲ ਚੰਗੀ ਮਿਹਨਤ ਵੀ ਹੋਇਆ ਕਰਦੀ ਸੀ। ਤੜਕੇ ਸਵੇਰੇ ਉੱਠਦਿਆਂ ਘਰ ਦੇ ਕੰਮ-ਕਾਜ ਮੁਕਾ ਕੇ ਖੇਤਾਂ ਦੇ ਵਾਹਣ ਵਿਚ ਪਹਿਲਾਂ ਤਾਂ ਕਹੀ ਵਾਹੁਣਾ ਅਤੇ ਫਿਰ ਘਰ ਆ ਕੇ ਰੱਜਵੀਂ ਖੁਰਾਕ ਖਾਣੀ। ਇਨ੍ਹਾਂ ਸਭ ਕਰਕੇ ਹੀ ਖੇਡ ਮੈਦਾਨ ਵਿਚ ਚੋਟੀ ਦੇ ਪਹਿਲਵਾਨ ਨਾਲ ਘੁਲਣ ਦਾ ਦਮ ਪੈਦਾ ਹੁੰਦਾ ਸੀ। ਪਰ ਉਸ ਸਮੇਂ ਦੇ ਹਿਸਾਬ ਨਾਲ ਹੁਣ ਦੀ ਜੇਕਰ ਗੱਲ ਕਰਦੇ ਹਾਂ ਤਾਂ ਖੁਰਾਕ ਦੇ ਨਾਲ-ਨਾਲ ਕਸਰਤਾਂ ਵੀ ਬਿਲਕੁਲ ਨਾਮਾਤਰ ਰਹਿ ਗਈਆਂ ਹਨ। ਕਸਰਤ ਕਰਨ ਨੂੰ ਅਜੋਕੀ ਪੀੜ੍ਹੀ ਇਕ ਬਹੁਤ ਹੀ ਭੈੜੀ ਨਿਗ੍ਹਾ ਨਾਲ ਵੇਖਦੀ ਹੈ ਅਤੇ ਤੜਕੇ ਉੱਠ ਮਿਹਨਤ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਮੋਬਾਈਲ ਫੋਨ ਨੂੰ ਹੱਥ ਵਿਚ ਫੜਨਾ ਪਸੰਦ ਕਰਦੀ ਹੈ। ਇਸ ਤੋਂ ਬਾਅਦ ਜ਼ੋੋਰ ਨਾਂਅ ਦੀ ਕੋਈ ਚੀਜ਼ ਅਜੋਕੀ ਪੀੜ੍ਹੀ ਵਿਚ ਨਹੀਂ ਰਹੀ। ਕਿਉਂਕਿ ਮਸ਼ੀਨੀ ਯੁੱਗ ਵਿਚ ਹਰ ਇਕ ਚੀਜ਼ ਨੂੰ ਸੁਖਾਲੇ ਢੰਗ ਨਾਲ ਕਰਨ ਦੀ ਭੈੜੀ ਆਦਤ ਨੇ ਨੌਜਵਾਨਾਂ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ।
ਇਸ ਤੋਂ ਬਾਅਦ ਖੇਡਾਂ ਵਿਚ ਦਿਲਚਸਪੀ ਦੀ ਗੱਲ ਕਰਦੇ ਹਾਂ ਤਾਂ ਨੌਜਵਾਨਾਂ ਦੀ ਇਕੋ-ਇਕ ਹਰਮਨ ਪਿਆਰੀ ਖੇਡ ਰਹਿ ਚੁੱਕੀ ਹੈ, ਕ੍ਰਿਕਟ। ਇਸ ਖੁੱਦੋ-ਡੰਡੇ ਦੀ ਖੇਡ ਨੇ ਸਾਰੇ ਪੰਜਾਬ ਦੇ ਨੌਜਵਾਨਾਂ 'ਤੇ ਇਕ ਜਾਦੂ ਕੀਤਾ ਹੋਇਆ ਹੈ ਕਿ ਹਰ ਦੂਜਾ ਨੌਜਵਾਨ ਇਸੇ ਖੇਡ ਦਾ ਦੀਵਾਨਾ ਹੈ, ਨਾ ਕਿ ਆਪਣੇ ਬਜ਼ੁਰਗਾਂ ਦੀ ਬਖਸ਼ੀ ਹੋਈ ਮਿੱਟੀ ਦੀ ਖੇਡ ਕੁਸ਼ਤੀ ਜਾਂ ਫਿਰ ਭਲਵਾਨੀ ਨੂੰ ਖੇਡਣਾ ਪਸੰਦ ਕਰਦੇ ਹਨ। ਇਹੀ ਅਹਿਮ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਕੁਸ਼ਤੀ ਜਾਂ ਫਿਰ ਛਿੰਝਾਂ ਨੂੰ ਬਿਲਕੁਲ ਭੁਲਾਉਂਦੀ ਜਾ ਰਹੀ ਹੈ। ਪੰਜਾਬ ਦੀ ਖੇਡ ਕਬੱਡੀ ਦੇ ਨਾਲ-ਨਾਲ ਪੰਜਾਬੀਆਂ ਨੂੰ ਕੁਸ਼ਤੀਆਂ ਨੂੰ ਵੀ ਆਪਣੇ ਚਿੱਤ ਵਿਚ ਵਸਉਣਾ ਚਾਹੀਦਾ ਹੈ, ਕਿਉਂਕਿ ਇਹ ਇਕੋ-ਇਕ ਅਜਿਹੀ ਖੇਡ ਹੈ, ਜਿਸ ਨਾਲ ਪੰਜਾਬੀ ਸੂਬੇ ਨੂੰ ਪੁਰੀ ਦੁਨੀਆ ਵਿਚ ਭਲਵਾਨੀ ਵਾਲਾ ਸੂਬਾ ਕਿਹਾ ਜਾਂਦਾ ਸੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਇਸੇ ਸੂਬੇ ਨੂੰ ਨਸ਼ਿਆਂ ਦੇ ਦਰਿਆ ਦੇ ਸੂਬੇ ਵਜੋਂ ਜਾਣਿਆ ਜਾਂਦਾ ਹੈ ਅਤੇ ਪੰਜਾਬ ਦੇ ਨਾਲ ਲਗਦੇ ਗੁਆਂਢੀ ਸੂਬੇ ਹਰਿਆਣਾ ਨੂੰ ਭਲਵਾਨਾਂ ਦਾ ਸੂਬਾ ਮੰਨਿਆ ਜਾਣ ਲੱਗ ਪਿਆ ਹੈ। ਅੱਜ ਦੀ ਸਾਡੀ ਬੜੀ ਤਰਾਸਦੀ ਹੈ ਕਿ ਮਹਾਨ ਯੋਧਿਆਂ ਵਾਲੇ ਸੂਬੇ ਉੱਤੇ ਬਾਲੀਵੁੱਡ ਨਸ਼ਿਆਂ ਦੀਆਂ ਫ਼ਿਲਮਾਂ ਬਣਾ ਰਿਹਾ ਹੈ ਅਤੇ ਹਰਿਆਣਾ ਵਰਗੇ ਸੂਬੇ ਸਾਡੇ ਨਾਲੋਂ ਅੱਗੇ ਲੰਘ ਗਏ, ਜਿਸ ਕਾਰਨ ਉਨ੍ਹਾਂ ਉੱਤੇ ਭਲਵਾਨਾਂ ਵਾਲੀਆਂ ਫਿਲਮਾਂ ਬਣ ਰਹੀਆਂ ਹਨ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲਹਿੰਦੇ ਪੰਜਾਬ ਵਿਚ ਅੱਜ ਵੀ ਕੁਸ਼ਤੀਆਂ ਦੇ ਮੇਲਿਆਂ ਨੂੰ ਇੰਟਰਨੈੱਟ ਉੱਪਰ ਵੇਖਦੇ ਹਾਂ। ਅੱਜ ਵੀ ਪਾਕਿਸਤਾਨ ਵਿਚ ਵਸਦੇ ਪੰਜਾਬ ਦੇ ਲੋਕ ਕੁਸ਼ਤੀਆਂ ਨਾਲ ਦਿਲੋ-ਜਾਨ ਨਾਲ ਪਿਆਰ ਕਰਦੇ ਹਨ ਅਤੇ ਛਿੰਝਾਂ ਦੇ ਮੇਲੇ ਕਰਵਾਉਂਦੇ ਹਨ।
ਪੰਜਾਬ ਵਿਚ ਹਰ 5 ਸਾਲ ਬਾਅਦ ਲੋਕ ਆਪਣੀ ਮਨਪਸੰਦੀਦਾ ਸਰਕਾਰ ਬਦਲ ਲੈਂਦੇ ਹਨ, ਪਰ ਪੰਜਾਬ ਦੇ ਇਹੀ ਲੋਕ ਇਹ ਨਹੀਂ ਜਾਣ ਸਕਦੇ ਕਿ ਸਰਕਾਰਾਂ ਤੋਂ ਕੀ-ਕੀ ਅਹਿਮ ਕੰਮ ਕਰਵਾਉਣੇ ਹਨ। ਵੈਸੇ ਅੱਜ ਇਸ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ ਕਿ ਪੰਜਾਬ ਵਰਗੇ ਇਸ ਮਹਾਨ ਸੂਬੇ ਵਿਚੋਂ ਭਲਵਾਨੀ ਦਾ ਨਾਮੋ ਨਿਸ਼ਾਨ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਸ ਨੂੰ ਸੰਭਾਲਣ ਦੀ ਬਹੁਤ ਹੀ ਜ਼ਰੂਰਤ ਹੈ। ਇਹ ਸਭ ਤਾਂ ਹੀ ਸੰਭਵ ਹੋਵੇਗਾ ਜਦੋਂ ਆਉਣ ਵਾਲੀ ਨਵੀਂ ਪੀੜ੍ਹੀ ਦੇ ਹੱਥੋਂ ਮੋਬਾਈਲ ਫੋਨ ਖੋਹ ਕੇ ਉਨ੍ਹਾਂ ਨੂੰ ਖੇਤਾਂ ਵਿਚ ਖੁੱਲ੍ਹੇ ਵਾਹਣ ਵਿਚ ਇਕ ਕਹੀ ਫੜਾ ਦਿੱਤੀ ਜਾਵੇ ਅਤੇ ਇਕ ਚੰਗੇ ਜਿਹੇ ਉਸਤਾਦ ਪਾਸੋਂ ਉਸ ਬੱਚੇ ਦੀ ਚੰਗੀ ਤਰ੍ਹਾਂ ਮਿਹਨਤ ਲਗਵਾਈ ਜਾਵੇ ਕਿ ਆਉਣ ਵਾਲੇ ਸਮੇਂ ਦਾ ਚੋਟੀ ਦਾ ਭਲਵਾਨ ਬਣ ਕੇ ਸਾਰੀ ਦੁਨੀਆ ਦੇ ਸਾਹਮਣੇ ਉੱਭਰ ਸਕੇ। ਇਸ 'ਚ ਸੂਬੇ ਦੀਆਂ ਸਰਕਾਰਾਂ ਨੂੰ ਆਪਣਾ ਧਿਆਨ ਮਾਰਨ ਦੀ ਬਹੁਤ ਜ਼ਰੂਰਤ ਹੈ ਅਤੇ ਪਿੰਡਾਂ ਵਿਚ ਇਹੋ ਜਿਹੇ ਛਿੰਝਾਂ ਦੇ ਮੇਲਿਆਂ ਨੂੰ ਸਮੇਂ-ਸਮੇਂ ਕਰਵਾਇਆ ਜਾਵੇ ਅਤੇ ਸਕੂਲਾਂ-ਕਾਲਜਾਂ ਵਿਚ ਕੁਸ਼ਤੀ ਦੀ ਖੇਡ ਨੂੰ ਲਾਜ਼ਮੀ ਕੀਤਾ ਜਾਵੇ, ਤਾਂ ਜੋ ਕੁਸ਼ਤੀਆਂ ਦੇ ਘਟ ਰਹੇ ਇਸ ਦੌਰ ਨੂੰ ਖ਼ਤਮ ਕੀਤਾ ਜਾਵੇ ਅਤੇ ਮੁੜ ਤੋਂ ਪਿੰਡ-ਪਿੰਡ ਕੁਸ਼ਤੀਆਂ ਦੇ ਮੇਲਿਆਂ ਦੇ ਹੋਕੇ ਲਗਾਉਂਦੇ ਢੋਲੀ ਢੋਲ ਵਜਾ ਕੇ ਰੌਣਕ ਲਗਾ ਸਕਣ।
 
Top