ਖਾਦਾਂ ਦੀ ਦੁਰਵਰਤੋਂ ਰੋਕਣਾ ਸਿਹਤ ਲਈ ਜ਼ਰੂਰੀ

1938774__17-1.jpg
1960 ਵਿਚ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੀ ਕਿਸਾਨੀ ਨੂੰ ਲੀਹ 'ਤੇ ਲਿਆਉਣ ਲਈ ਯੋਗ ਉਪਰਾਲੇ ਕੀਤੇ ਗਏ। ਪਰ ਇਸ ਕ੍ਰਾਂਤੀ ਨਾਲ 'ਜਿੱਥੇ ਫੁੱਲ ਉੱਥੇ ਕੰਡਾ' ਦੀ ਕਹਾਵਤ ਵੀ ਨਾਲ ਦੀ ਨਾਲ ਚੱਲਦੀ ਰਹੀ। ਸਮਾਂ ਬੀਤਣ ਤੋਂ ਬਾਅਦ ਜਾਗਣਾ ਸਾਡਾ ਸੁਭਾਅ ਹੈ। ਜਦੋਂ ਸਾਨੂੰ ਕਿਸੇ ਚੀਜ਼ ਦੀ ਦੁਰਵਰਤੋਂ ਦਾ ਪਤਾ ਲਗਦਾ ਹੈ, ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਇਸੇ ਪ੍ਰਸੰਗ ਵਿਚ ਪੰਜਾਬ ਦੀ ਧਰਤੀ 'ਤੇ ਖਾਦਾਂ ਦੀ ਦੁਰਵਰਤੋਂ ਨੂੰ ਦੇਖਿਆ ਜਾਂਦਾ ਹੈ।
ਪੰਜਾਬ ਵਿਚ 230 ਦੇ ਲਗਪਗ ਖਾਦਾਂ ਦੇ ਡੀਲਰ ਹਨ। ਪਹਿਲਾਂ ਖਾਦ ਪਦਾਰਥਾਂ ਦੀ ਜਗ੍ਹਾ ਦੇਸੀ ਰੂੜੀ ਵਰਤੀ ਜਾਂਦੀ ਸੀ, ਜਿਸ ਨਾਲ ਮਨੁੱਖੀ ਸਿਹਤ ਬਿਮਾਰੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੀ ਸੀ। ਖਾਦਾਂ ਦੀ ਖੋਜ ਨਾਲ ਇਸ ਦੀ ਯੋਗ ਵਰਤੋਂ ਦੀ ਬਜਾਏ ਦੁਰਵਰਤੋਂ ਹੋਣ ਲੱਗ ਪਈ। ਕਿਸਾਨ ਸਿਫਾਰਸ਼ ਕੀਤੀ ਖਾਦ ਦੀ ਮਾਤਰਾ ਨਾਲੋਂ ਜ਼ਿਆਦਾ ਖਾਦ ਪਾ ਕੇ ਆਪਣੀ ਖੂਬੀ ਸਮਝਣ ਲੱਗ ਪਏ। ਇਸ ਪ੍ਰਤੀ ਸਰਕਾਰ ਨੇ ਕੋਈ ਮਾਪਦੰਡ ਅਤੇ ਕਾਨੂੰਨੀ ਸ਼ਿਕੰਜਾ ਨਹੀਂ ਰੱਖਿਆ। ਵੱਧ ਫਸਲ ਲੈਣ ਲਈ ਕਿਸਾਨ ਮਜਬੂਰੀ ਵੱਸ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਲੱਗ ਪਿਆ, ਜਿਸ ਦੇ ਹੌਲੀ-ਹੌਲੀ ਪ੍ਰਭਾਵ ਸਾਹਮਣੇ ਆਉਣ ਲੱਗੇ। ਮਨੁੱਖੀ ਸਿਹਤ ਖਰਾਬ ਹੋ ਗਈ, ਨਿੱਤ ਦਿਨ ਮਰੀਜ਼ਾਂ ਦੀ ਗਿਣਤੀ ਵਧਦੀ ਜਾਂਦੀ ਹੈ।
ਪੰਜਾਬ ਦੀ ਧਰਤੀ 'ਤੇ 2011-12 ਵਿਚ 27,07,874 ਮੀਟਰਿਕ ਟਨ, 2012-13 ਵਿਚ 28,41,036, 2013-14 ਵਿਚ 26,90,534 ਅਤੇ 2014-15 ਵਿਚ 15,21,500 ਮੀਟਰਿਕ ਟਨ ਯੂਰੀਏ ਦੀ ਵਰਤੋਂ ਹੋਈ। ਸਾਲ 2013-14 ਵਿਚ 6,86,283 ਅਤੇ ਸਾਲ 2014-15 ਵਿਚ 6,88,700 ਮੀਟਰਿਕ ਟਨ ਡੀ.ਏ.ਪੀ. ਖਾਦ ਦੀ ਵਰਤੋਂ ਹੋਈ। ਇਸ ਦੇ ਨਾਲ ਹੀ ਸਾਲ 2014-15 ਵਿਚ 5,699 ਮੀਟਰਿਕ ਟਨ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਹੋਈ। ਇਸ ਦੇ ਨਤੀਜੇ ਇਹ ਨਿਕਲੇ ਕਿ ਸਾਡੇ ਖਾਣ-ਪੀਣ ਵਾਲੇ ਪਦਾਰਥਾਂ ਵਿਚ ਖਾਦਾਂ ਅਤੇ ਕੀਟਨਾਸ਼ਕਾਂ ਦੇ ਅੰਸ਼ ਮਿਲਣ ਲੱਗੇ ਜੋ ਕਿ ਸਾਡੀ ਸਿਹਤ ਲਈ ਵੰਗਾਰ ਬਣ ਗਏ। ਇਸ ਨਾਲ ਸਾਡਾ ਪਾਣੀ ਜਿਸ ਨੂੰ 'ਆਬ ਹੱਯਾਤ' ਕਿਹਾ ਜਾਂਦਾ ਸੀ, ਉਸ ਵਿਚ ਵੀ ਜ਼ਹਿਰ ਘੁਲ ਗਈ।
ਅਫਸੋਸ ਇਸ ਗੱਲ ਦਾ ਹੈ ਕਿ ਕਹਾਵਤ ਨੇ ਰੁਖ਼ ਬਦਲ ਕੇ 'ਜਿੱਥੇ ਕੰਡਾ ਉੱਥੇ ਫੁੱਲ' ਕਰ ਲਿਆ ਹੈ। ਕਿਉਂਕਿ ਖਾਦ ਤੋਂ ਬਿਨਾਂ ਫਸਲ ਨਾਮੁਮਕਿਨ ਜਿਹੀ ਲੱਗਦੀ ਹੈ। ਕਿਸਾਨ ਨੇ ਦੇਸੀ ਰੂੜੀ ਵਰਤਣ ਦਾ ਰੁਝਾਨ ਖਤਮ ਕਰ ਲਿਆ ਹੈ। ਕੁਦਰਤੀ ਖੇਤੀ ਤੋਂ ਕਿਸਾਨ ਦੂਰ ਜਾ ਚੁੱਕਾ ਹੈ। ਜੈਵਿਕ ਖੇਤੀ ਲਈ ਵਾਤਾਵਰਨ ਅਤੇ ਜਾਗਰੂਕਤਾ ਦੀ ਘਾਟ ਹੈ। ਅੱਜ ਪੰਜਾਬੀਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖ ਕੇ ਮੁੱਖ ਮੰਗ ਇਹ ਹੈ ਕਿ ਸਰਕਾਰ, ਖੇਤੀ ਮਾਹਿਰ ਅਤੇ ਲੋਕ ਮਿਲ-ਜੁਲ ਕੇ ਜੈਵਿਕ ਖੇਤੀ ਲਈ ਲੋਕ ਲਹਿਰ ਪੈਦਾ ਕਰਨ, ਤਾਂ ਜੋ ਖਾਦਾਂ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਇਸ ਨਾਲ ਅਗਲੀ ਪੀੜ੍ਹੀ ਲਈ ਚਿੜੀਆਂ ਦੇ ਖੇਤ ਚੁਗਣ ਤੋਂ ਬਾਅਦ ਸਾਨੂੰ ਖੁਦ ਨੂੰ ਪਛਤਾਉਣਾ ਨਹੀਂ ਪਵੇਗਾ।
 
Top