ਪੰਜਾਬੀ ਭਾਸ਼ਾ ਪ੍ਰਤੀ ਚੇਤਨਾ ਪੈਦਾ ਕਰਨ ਦੀ ਲੋੜ
ਅਸੀਂ ਅੱਜ ਆਪਣੇ ਬੱਚਿਆਂ ਨੂੰ ਅਜੋਕੇ ਵਿਸ਼ਵੀਕਰਨ ਦੀ ਦੌੜ ਵਿਚ ਅੰਗਰੇਜ਼ੀ ਭਾਸ਼ਾ ਸਿੱਖਣ ਤੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਉਣ ਲਈ ਹੀ ਯਤਨਸ਼ੀਲ ਹਾਂ। ਬੇਸ਼ੱਕ ਕੋਈ ਹੋਰ ਭਾਸ਼ਾ ਸਿੱਖਣੀ ਮਾੜੀ ਗੱਲ ਨਹੀਂ, ਪਰ ਇਸ ਦੀ ਆੜ ਵਿਚ ਆਪਣੀ ਮਾਂ-ਬੋਲੀ ਪ੍ਰਤੀ ਸੁਚੇਤ ਨਾ ਹੋਣਾ ਯਕੀਨਨ ਸਾਡੇ ਲਈ ਨੁਕਸਾਨਦੇਹ ਸਾਬਤ ਹੋਵੇਗਾ। ਕੀਨੀਅਨ ਸਾਹਿਤਕਾਰ ਨਗੁਗੀ ਵਾ ਥਿਓਂਗੋ ਦਾ ਕਥਨ ਹੈ ਕਿ 'ਜੇ ਕਿਸੇ ਕੋਲੋਂ ਉਹਦੀ ਭਾਸ਼ਾ ਖੋਹ ਲਈ ਜਾਵੇ ਤਾਂ ਉਹ ਮਾਨਸਿਕ ਰੂਪ ਵਿਚ ਹਮੇਸ਼ਾ ਲਈ ਗੁਲਾਮ ਬਣ ਜਾਂਦਾ ਹੈ। ਇਹ ਕੰਮ ਬੰਦੂਕ ਦੀ ਗੋਲੀ ਨਹੀਂ ਕਰ ਸਕਦੀ। ਭਾਸ਼ਾ ਕਿਸੇ ਵੀ ਸੱਭਿਆਚਾਰ ਦੀ ਵਾਹਕ ਹੁੰਦੀ ਹੈ ਅਤੇ ਸਾਡਾ ਸੱਭਿਆਚਾਰ ਉਨ੍ਹਾਂ ਕਦਰਾਂ ਨੂੰ ਆਧਾਰ ਦਿੰਦਾ ਹੈ, ਜਿਨ੍ਹਾਂ ਸਹਾਰੇ ਅਸੀਂ ਦੁਨੀਆ ਵਿਚ ਆਪਣੀ ਜਗ੍ਹਾ ਬਣਾਉਂਦੇ ਹਾਂ।' ਕਿਉਂਕਿ ਜਿਹੜੀਆਂ ਕੌਮਾਂ ਆਪਣੀ ਮਾਂ-ਬੋਲੀ ਨੂੰ ਵਿਸਾਰ ਦਿੰਦੀਆਂ ਹਨ, ਉਹ ਆਪਣੇ ਸੱਭਿਆਚਾਰ, ਰੀਤੀ-ਰਿਵਾਜ, ਲੋਕ ਕਲਾਵਾਂ, ਸਾਹਿਤ ਅਤੇ ਲੋਕ ਸਾਹਿਤ ਤੋਂ ਟੁੱਟ ਜਾਂਦੀਆਂ ਹਨ, ਜਿਸ ਕਾਰਨ ਸਾਡੀਆਂ ਪਿਛਲੀਆਂ ਪੀੜ੍ਹੀਆਂ ਦਾ ਸਦੀਆਂ ਦਾ ਤਜਰਬਾ, ਸੱਭਿਅਤਾ, ਨੈਤਿਕ ਕਦਰਾਂ-ਕੀਮਤਾਂ, ਪਰੰਪਰਾਵਾਂ, ਅਮੀਰ ਤੇ ਸ਼ਾਨਾਂਮੱਤਾ ਵਿਰਸਾ ਤੇ ਫਲਸਫਾ ਆਦਿ ਸਭ ਕੁਝ ਸਾਥੋਂ ਖੁੰਝ ਜਾਂਦਾ ਹੈ। ਅਜਿਹੀ ਹਾਲਤ ਵਿਚ ਪੰਜਾਬੀ ਦੇ ਵਿਦਿਆਰਥੀ ਵਰਗ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਕੀ ਆਸ ਕੀਤੀ ਜਾ ਸਕਦੀ ਹੈ, ਇਸ ਦਾ ਅੰਦਾਜ਼ਾ ਤਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਜ਼ਮੀਨੀ ਪੱਧਰ 'ਤੇ ਸੱਚਾਈ ਇਹ ਵੀ ਹੈ ਕਿ ਪੰਜਾਬੀ ਪਰਿਵਾਰਾਂ ਦੇ ਬੱਚੇ ਪੰਜਾਬੀ ਭਾਸ਼ਾ ਤੋਂ ਟੁੱਟਦੇ ਜਾ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਸਕੂਲੀ ਬੱਚਿਆਂ ਨੂੰ ਤਾਂ ਵਰਣਮਾਲਾ, ਮੁਹਾਰਨੀ, ਨਾਸਕੀ, ਅਨੁਨਾਸਕੀ, ਦੁੱਤ, ਵਿਅੰਜਨਾਂ ਤੇ ਪੰਜਾਬੀ ਦੇ ਵਿਆਕਰਣਿਕ ਨੇਮਾਂ ਆਦਿ ਦਾ ਗਿਆਨ ਵੀ ਘੱਟ ਹੈ।
ਜੇਕਰ ਸਾਨੂੰ ਪੰਜਾਬੀ ਭਾਸ਼ਾ ਲਈ ਚੰਗੇ ਤੇ ਸਾਰਥਿਕ ਸਿੱਟੇ ਚਾਹੀਦੇ ਹਨ ਤਾਂ ਮੌਜੂਦਾ ਆਧੁਨਿਕਤਾ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਲਈ ਸੁਧਾਰ ਦੇ ਯਤਨ ਆਮ ਲੋਕਾਂ ਅਤੇ ਪੰਜਾਬੀ ਭਾਸ਼ਾ ਵਿਸ਼ੇਸ਼ ਕਰਕੇ ਪੰਜਾਬੀ ਦੇ ਅਧਿਆਪਕਾਂ ਤੇ ਪੰਜਾਬੀ ਚਿੰਤਕਾਂ ਦੀ ਸ਼ਮੂਲੀਅਤ ਨਾਲ ਜੰਗੀ ਪੱਧਰ 'ਤੇ ਕੀਤੇ ਜਾਣੇ ਚਾਹੀਦੇ ਹਨ। ਪੰਜਾਬੀ ਭਾਸ਼ਾ ਦੇ ਮਿਆਰ ਅਤੇ ਪ੍ਰਸਾਰੀਕਰਨ ਦੇ ਪ੍ਰਸੰਗ ਵਿਚ ਪੰਜਾਬੀ ਬੱਚਿਆਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਕੇਂਦਰੀ ਧੁਰਾ ਬਣਾ ਕੇ ਚੰਗੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
ਜੇਕਰ ਮੌਜੂਦਾ ਪੰਜਾਬੀ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਦੇ ਮਾਮਲੇ ਵਿਚ ਠੀਕ ਤੇ ਸਾਰਥਿਕ ਸੇਧ ਹਾਸਲ ਹੁੰਦੀ ਹੈ ਤਾਂ ਪੰਜਾਬੀ ਭਾਸ਼ਾ ਵਿਚ ਨਵੀਂ ਕਵਿਤਾ, ਨਵਾਂ ਗਲਪ ਤੇ ਨਵਾਂ ਨਾਟਕ ਵੀ ਪੈਦਾ ਕੀਤਾ ਜਾ ਸਕਦਾ ਹੈ। ਏਨਾ ਹੀ ਨਹੀਂ, ਬਲਕਿ ਇਸ ਦੇ ਨਾਲ ਪੰਜਾਬੀ ਭਾਸ਼ਾ ਵਿਚ ਰੁਜ਼ਗਾਰ ਦੇ ਚੰਗੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ। ਪੰਜਾਬੀ ਭਾਸ਼ਾ ਦੀ ਮਜ਼ਬੂਤ ਸਥਿਤੀ ਨਾਲ ਪੰਜਾਬੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਚੇਤੰਨਤਾ ਨੂੰ ਹੋਰ ਮਜ਼ਬੂਤ ਅਤੇ ਮੁੜ-ਸੁਰਜੀਤ ਕੀਤਾ ਜਾ ਸਕਦਾ ਹੈ। ਇਹ ਕਾਰਜ ਭਾਵੇਂ ਔਖਾ ਜ਼ਰੂਰ ਹੋਵੇਗਾ, ਪਰ ਅਸੰਭਵ ਨਹੀਂ!
 
Top