ਕਿਉਂ ਹੁੰਦੀਆਂ ਹਨ ਔਰਤਾਂ ਕਮਰ ਦਰਦ ਤੋਂ ਪ੍ਰੇਸ਼ਾਨ

1935378__18-1.jpg
1935378__19-1.jpg

ਔਰਤਾਂ ਨੂੰ ਜੋ ਤਕਲੀਫਾਂ ਸਭ ਤੋਂ ਵੱਧ ਪ੍ਰੇਸ਼ਾਨ ਕਰਦੀਆਂ ਹਨ, ਉਨ੍ਹਾਂ ਵਿਚ ਇਕ ਵਿਸ਼ੇਸ਼ ਤਕਲੀਫ ਕਮਰ ਜਾਂ ਪਿੱਠ ਦਾ ਦਰਦ ਵੀ ਹੈ। ਇਹ ਰੋਗ ਬਹੁਤ ਜ਼ਿਆਦਾ ਤਕਲੀਫ ਦੇਣ ਵਾਲਾ ਹੁੰਦਾ ਹੈ। ਸਵਾਲ ਇਹ ਹੈ ਕਿ ਕਮਰ ਦਰਦ ਹੁੰਦਾ ਕਿਉਂ ਹੈ? ਜਦੋਂ ਇਸ ਦੇ ਕਾਰਨਾਂ ਦੀ ਖੋਜਬੀਣ ਕੀਤੀ ਜਾਂਦੀ ਹੈ ਤਾਂ ਪਤਾ ਲਗਦਾ ਹੈ ਕਿ ਛੋਟੀਆਂ-ਛੋਟੀਆਂ ਲਾਪ੍ਰਵਾਹੀਆਂ ਅਤੇ ਗ਼ਲਤੀਆਂ ਦੇ ਲਗਾਤਾਰ ਹੁੰਦੇ ਰਹਿਣ ਨਾਲ ਹੀ ਇਹ ਰੋਗ ਖ਼ਤਰਨਾਕ ਰੂਪ ਧਾਰਨ ਕਰਕੇ ਔਰਤਾਂ ਨੂੰ ਕਸ਼ਟ ਦੇਣ ਲਗਦਾ ਹੈ।
ਔਰਤਾਂ ਵਿਚ ਕਮਰ ਦਰਦ ਹੋਣ ਦੇ ਅਨੇਕ ਕਾਰਨ ਹੁੰਦੇ ਹਨ। ਅਕਸਰ ਬਹੁਤੀਆਂ ਔਰਤਾਂ ਸ਼ਵੇਤਪ੍ਰਦਰ ਅਤੇ ਰਕਤਪ੍ਰਦਰ ਦੀ ਬਿਮਾਰੀ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਖਾਣ-ਪੀਣ, ਰਹਿਣ-ਸਹਿਣ ਅਤੇ ਸਮਾਜਿਕ ਵਾਤਾਵਰਨ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਇਨ੍ਹਾਂ ਬਿਮਾਰੀਆਂ ਤੋਂ ਗ੍ਰਸਤ ਹੋ ਕੇ ਮੁਟਿਆਰਾਂ ਹੌਲੀ-ਹੌਲੀ ਸਰੀਰਕ ਕਸ਼ਮਤਾਵਾਂ ਤੋਂ ਇਸ ਤਰ੍ਹਾਂ ਕਸ਼ੀਣ ਹੋਣ ਲਗਦੀਆਂ ਹਨ, ਜਿਸ ਤਰ੍ਹਾਂ ਦੀਮਕ ਲੱਗੀ ਲੜਕੀ। ਜਦੋਂ ਤੱਕ ਸ਼ਵੇਤਪ੍ਰਦਰ ਦੀ ਬਿਮਾਰੀ ਰਹਿੰਦੀ ਹੈ, ਕਮਰ ਦਰਦ ਖ਼ਤਮ ਨਹੀਂ ਹੁੰਦਾ ਅਤੇ ਔਰਤਾਂ ਬਿਮਾਰ ਹੁੰਦੀਆਂ ਚਲੇ ਜਾਂਦੀਆਂ ਹਨ।
ਝਾੜੂ ਲਗਾਉਣਾ, ਚੌਕਾ-ਬਰਤਨ ਕਰਨਾ, ਕੱਪੜੇ ਧੋਣਾ ਆਦਿ ਕਈ ਅਜਿਹੇ ਕੰਮ ਵੀ ਹਨ, ਜੋ ਔਰਤਾਂ ਨੂੰ ਰੋਜ਼ ਝੁਕ ਕੇ ਹੀ ਕਰਨੇ ਪੈਂਦੇ ਹਨ। ਇਸ ਨਾਲ ਉਨ੍ਹਾਂ ਦੀਆਂ ਮਾਸਪੇਸ਼ੀਆਂ 'ਤੇ ਦਬਾਅ ਪੈਂਦਾ ਹੈ ਅਤੇ ਕਮਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਕਮਰ ਦਰਦ ਦੇ ਨਾਲ ਹੀ ਪਿੱਠ ਦਾ ਦਰਦ ਜਦੋਂ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਸਥਿਤੀ ਔਰਤਾਂ ਲਈ ਬਹੁਤ ਘਾਤਕ ਅਤੇ ਗੰਭੀਰ ਹੋ ਜਾਂਦੀ ਹੈ।
ਸ਼ਕਤੀਸ਼ਾਲੀ ਐਲੋਪੈਥਿਕ ਦਵਾਈਆਂ ਅਤੇ ਨਵੀਆਂ ਵਿਕਸਿਤ ਇਲਾਜ ਵਿਧੀਆਂ ਦੇ ਵਧਦੇ ਰੁਝਾਨ ਦੇ ਕਾਰਨ ਵੀ ਔਰਤਾਂ ਪਿੱਠ ਅਤੇ ਕਮਰ ਦਰਦ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਦਵਾਈਆਂ ਅਤੇ ਵਿਧੀਆਂ ਰੋਗੀ ਨੂੰ ਤਤਕਾਲ ਆਰਾਮ ਪਹੁੰਚਾ ਕੇ ਰਾਹਤ ਤਾਂ ਜ਼ਰੂਰ ਦਿੰਦੀਆਂ ਹਨ ਪਰ ਇਹ ਅਣਜਾਣੇ ਵਿਚ ਹੀ ਕਈ ਸਰੀਰਕ ਵਿਕਾਰਾਂ ਨੂੰ ਵੀ ਜਨਮ ਦੇ ਦਿੰਦੀਆਂ ਹਨ, ਜਿਨ੍ਹਾਂ ਦੇ ਕਾਰਨ ਅਲਰਜੀ, ਰਕਤਾਲਪਤਾ (ਅਨੀਮੀਆ), ਕੈਂਸਰ, ਵ੍ਰੱਕ ਰੋਗ, ਸਤਨ ਸ਼ੈਥਿਲਯ, ਕਾਮਹ੍ਰਾਸ ਆਦਿ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਔਰਤਾਂ ਵਿਚ ਦੇਖਣ ਨੂੰ ਮਿਲ ਜਾਂਦੀਆਂ ਹਨ।
ਗਰਭ ਅਵਸਥਾ ਵਿਚ ਆਪ੍ਰੇਸ਼ਨ ਦੌਰਾਨ ਬੇਹੋਸ਼ ਕਰਨ ਲਈ ਜੋ ਸੂਈ ਪਿੱਠ ਦੀਆਂ ਹੱਡੀਆਂ ਵਿਚ ਲਗਾਈ ਜਾਂਦੀ ਹੈ, ਉਸ ਨਾਲ ਸੱਠ ਫੀਸਦੀ ਔਰਤਾਂ ਵਿਚ ਪਿੱਠ ਜਾਂ ਕਮਰ ਦਾ ਦਰਦ 'ਸੇਕ੍ਰੋਇਲਿਆਇਟਿਸ' ਵਿਕਸਿਤ ਹੋ ਜਾਂਦਾ ਹੈ। ਇਕ ਤਾਂ ਗਰਭਵਤੀ ਔਰਤ ਵੈਸੇ ਵੀ ਮਾਨਸਿਕ ਤਣਾਅ ਵਿਚੋਂ ਲੰਘ ਰਹੀ ਹੁੰਦੀ ਹੈ, ਉੱਪਰੋਂ ਜਿਸ ਤਰ੍ਹਾਂ ਝੁਕਾ ਕੇ ਉਸ ਦੀ ਪਿੱਠ ਦੀਆਂ ਹੱਡੀਆਂ ਵਿਚ ਸੂਈ ਦੁਆਰਾ ਬੇਹੋਸ਼ੀ ਦੀ ਦਵਾਈ ਪਾਈ ਜਾਂਦੀ ਹੈ, ਉਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਤੰਤੂਆਂ ਦੇ ਹਟਣ ਨਾਲ ਕਮਰ ਜਾਂ ਪਿੱਠ ਦਾ ਦਰਦ ਸ਼ੁਰੂ ਹੋ ਜਾਂਦਾ ਹੈ।
ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ 'ਸਪਾਈਨਲ ਇਨਸਥੀਸਿਆ' ਜੋ ਗਰਭ ਅਵਸਥਾ ਦੇ ਆਪ੍ਰੇਸ਼ਨ ਦੌਰਾਨ ਵਰਤਿਆ ਜਾਂਦਾ ਹੈ, ਦੇ ਮਾੜੇ ਪ੍ਰਭਾਵਾਂ ਦੇ ਕਾਰਨ ਭੀਸ਼ਣ ਕਮਰ ਦਰਦ ਦੇ ਨਾਲ-ਨਾਲ ਪੈਰਾਂ ਅਤੇ ਹੱਥਾਂ ਵਿਚ ਲਕਵੇ ਵਰਗੀਆਂ ਸਥਿਤੀ ਆ ਜਾਂਦੀ ਹੈ ਅਤੇ ਔਰਤ ਦਾ ਤੰਦਰੁਸਤ ਜੀਵਨ ਤਬਾਹ ਹੋ ਜਾਂਦਾ ਹੈ।
ਕਮਰ ਦਰਦ ਦੇ ਹੋਰ ਕਾਰਨਾਂ ਵਿਚ ਸਾਈਕਲ ਜਾਂ ਦੋਪਹੀਆ ਵਾਹਨਾਂ ਨੂੰ ਚਲਾਉਣਾ, ਗੱਦੇਦਾਰ ਬਿਸਤਰ 'ਤੇ ਸੌਣਾ, ਉੱਚਾ ਸਿਰਹਾਣਾ ਲੈਣਾ ਆਦਿ ਵਰਗੇ ਅਨੇਕ ਕਾਰਨ ਹੁੰਦੇ ਹਨ। ਮਹਾਂਨਗਰਾਂ ਅਤੇ ਸ਼ਹਿਰੀ ਜੀਵਨ ਵਿਚ ਸਾਈਕਲ ਅਤੇ ਦੋਪਹੀਆ ਵਾਹਨ ਨੂੰ ਚਲਾ ਕੇ ਲਗਪਗ 40 ਫੀਸਦੀ ਔਰਤਾਂ ਰੋਜ਼ਾਨਾ ਹੀ ਆਉਂਦੀਆਂ-ਜਾਂਦੀਆਂ ਹਨ। ਔਰਤਾਂ ਦੀ ਆਂਤਰਿਕ ਸੰਰਚਨਾਵਾਂ 'ਤੇ ਸਾਈਕਲ ਚਲਾਉਣ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਇਸ ਨਾਲ ਅਨੇਕ ਬਿਮਾਰੀਆਂ ਦੇ ਨਾਲ-ਨਾਲ ਕਮਰ ਅਤੇ ਪਿੱਠ ਦਰਦ ਦੀਆਂ ਪ੍ਰੇਸ਼ਾਨੀਆਂ ਵੀ ਆ ਜਾਂਦੀਆਂ ਹਨ।
ਕਮਰ ਜਾਂ ਪਿੱਠ ਦਰਦ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਔਰਤਾਂ ਨੂੰ ਨਾ ਕਰਨਾ ਪਵੇ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਖਾਣ-ਪੀਣ, ਆਹਾਰ-ਵਿਹਾਰ ਦੇ ਨਾਲ-ਨਾਲ ਯੋਗ ਅਤੇ ਕਸਰਤ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਸਖਤ ਬਿਸਤਰੇ 'ਤੇ ਸੌਣਾ, ਸਿਰਹਾਣਾ ਨਾ ਵਰਤਣਾ, ਸਪੰਜ ਦੀਆਂ ਕੁਰਸੀਆਂ 'ਤੇ ਨਾ ਬੈਠਣਾ ਆਦਿ ਵੀ ਕਮਰ ਜਾਂ ਪਿੱਠ ਦਰਦ ਤੋਂ ਬਚਣ ਲਈ ਵਧੀਆ ਉਪਾਅ ਹੋ ਸਕਦੇ ਹਨ।
 
Top