ਦਿਲ ਦਾ ਦੌਰਾ ਅਤੇ ਉਸ ਤੋਂ ਬਚਾਅ

1935376__16-1.jpg

ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਬਹੁਤਾਤ ਵਿਚ ਹੋ ਰਹੇ ਹਨ, ਜਿਸ ਨੂੰ ਦੇਖੋ, ਉਹੀ ਦਿਲ ਦਾ ਮਰੀਜ਼ ਨਜ਼ਰ ਆਉਂਦਾ ਹੈ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਤਾਂ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੋ ਗਿਆ ਹੈ।
ਦਿਲ ਦੇ ਰੋਗ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਨਿਯਮਤ ਖਾਣ-ਪੀਣ, ਨਿਯਮਤ ਕਸਰਤ ਅਤੇ ਸੰਜਮਤ ਜੀਵਨ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦਾ ਰੋਗੀ ਲੰਮੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ। ਦਿਲ ਦੇ ਰੋਗੀ ਹੇਠ ਲਿਖੀਆਂ ਸਾਵਧਾਨੀਆਂ ਵਰਤ ਕੇ ਤੰਦਰੁਸਤ ਅਤੇ ਲੰਮੀ ਉਮਰ ਜਿਉ ਸਕਦੇ ਹਨ-
* ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤੇਲੀ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ।
* ਦਿਲ ਦੇ ਰੋਗ ਵਿਚ ਸੋਡੀਅਮ ਵਾਲੇ ਖਾਧ ਪਦਾਰਥ ਵੀ ਹਾਨੀਕਾਰਕ ਹੁੰਦੇ ਹਨ। ਇਸ ਲਈ ਖੱਟੀ ਖਾਧ ਸਮੱਗਰੀ ਅਤੇ ਪਾਪੜ ਵਰਗੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ।
* ਦਿਲ ਦੇ ਰੋਗੀ ਬਹੁਤ ਜ਼ਿਆਦਾ ਭਾਰੀ ਕੰਮ ਨਾ ਕਰਨ, ਨਾ ਹੀ ਜ਼ਿਆਦਾ ਕਸਰਤ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਕਰਨ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
* ਜੇ ਹਲਕੇ ਕੰਮ ਜਾਂ ਕਸਰਤ ਨਾਲ ਸਰੀਰ ਗਰਮ ਹੋਵੇ ਤਾਂ ਤੁਰੰਤ ਬਾਅਦ ਬਿਲਕੁਲ ਗਰਮ ਜਾਂ ਬਿਲਕੁਲ ਠੰਢੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ।
* ਦਿਲ ਦੇ ਰੋਗੀਆਂ ਲਈ ਸਿਗਰਟਨੋਸ਼ੀ ਬਹੁਤ ਖ਼ਤਰਨਾਕ ਹੈ। ਇਸ ਲਈ ਸਿਗਰਟਨੋਸ਼ੀ ਦਾ ਤਿਆਗ ਕਰਨਾ ਹੀ ਠੀਕ ਰਹਿੰਦਾ ਹੈ।
* ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਰਥਾਤ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ।
* ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਹਮੇਸ਼ਾ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਖੂਨ ਵਹਿਣੀਆਂ ਸੁੰਗੜ ਜਾਣ ਕਾਰਨ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
* ਦਿਲ ਦੇ ਰੋਗੀ ਲਈ ਇਕਾਂਤ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਜਾਣੂਆਂ ਦੇ ਜ਼ਿਆਦਾ ਨੇੜੇ ਰਹੋ, ਖੁਸ਼ ਰਹੋ। ਇਹੀ ਦਿਲ ਦੇ ਰੋਗ ਦੀ ਰਾਮਬਾਣ ਦਵਾਈ ਹੈ।
 
Top