ਪੂਰੇ ਫਿੱਟ ਰਹਿਣ ਲਈ ਵਧੀਆ ਸਾਧਨ ਹੈ ਘਰੇਲੂ ਜਿਮ

1935373__9-1.jpgਜਿਮ ਜਾਣਾ ਅੱਜਕਲ੍ਹ ਦੇ ਸਿਹਤ ਪ੍ਰਤੀ ਗੰਭੀਰ ਲੋਕਾਂ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਇਸ ਤਣਾਅ ਭਰੇ ਵਾਤਾਵਰਨ ਵਿਚ ਕੰਮ ਕਰਨਾ, ਆਪਣੇ ਨਾਲ ਵਾਲਿਆਂ ਤੋਂ ਅੱਗੇ ਨਿਕਲਣਾ, ਮਨ ਵਿਚ ਕੁਝ ਕਰ ਦਿਖਾਉਣ ਦੀ ਤਮੰਨਾ ਲਈ ਅੱਜ ਦੇ ਨੌਜਵਾਨ-ਮੁਟਿਆਰਾਂ ਅਤੇ 30 ਤੋਂ 40 ਸਾਲ ਵਿਚਕਾਰ ਉਮਰ ਵਾਲੇ ਲੋਕਾਂ ਨੇ ਜੇ ਖੁਦ ਵੀ ਫਿੱਟ ਰਹਿਣਾ ਹੈ ਅਤੇ ਸਰੀਰ ਵੀ ਚੁਸਤ-ਦਰੁਸਤ ਰੱਖਣਾ ਹੈ ਤਾਂ ਕੁਝ ਤਾਂ ਇਸ ਵਾਸਤੇ ਕਰਨਾ ਹੀ ਪਵੇਗਾ। ਉਨ੍ਹਾਂ ਲਈ ਵਧੀਆ ਸਾਧਨ ਹੈ ਜਿਮ।
ਜਿਮ ਜਾ ਕੇ ਉਹ ਵਰਕਆਊਟ ਕਰਕੇ ਚੁਸਤ-ਦਰੁਸਤ ਰਹਿ ਸਕਦੇ ਹਨ। ਕੁਝ ਲੋਕਾਂ ਦੇ ਕੰਮ ਦੇ ਘੰਟੇ ਜ਼ਿਆਦਾ ਹੁੰਦੇ ਹਨ। ਅਜਿਹੇ ਲੋਕ ਚਾਹੁੰਦੇ ਹੋਏ ਵੀ ਜਿਮ ਲਈ ਸਮਾਂ ਨਹੀਂ ਕੱਢ ਸਕਦੇ। ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ-ਆਪ ਨੂੰ ਫਿੱਟ ਰੱਖਣਾ ਪੈਂਦਾ ਹੈ ਅਤੇ ਸਰੀਰ ਨੂੰ ਠੀਕ ਬਣਾਈ ਰੱਖਣਾ ਪੈਂਦਾ ਹੈ, ਜਿਵੇਂ ਮਾਡਲ, ਐਕਟਰ ਆਦਿ। ਉਨ੍ਹਾਂ ਲਈ ਘਰੇਲੂ ਜਿਮ ਵਧੀਆ ਬਦਲ ਹੈ।
ਘਰੇਲੂ ਜਿਮ ਦੇ ਨਾਂਅ ਤੋਂ ਲੋਕ ਘਬਰਾਉਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਘਰਾਂ ਵਿਚ ਏਨੀ ਖਾਲੀ ਜਗ੍ਹਾ ਹੀ ਨਹੀਂ ਹੈ ਕਿ ਜਿਮ ਦਾ ਸਾਮਾਨ ਅਲੱਗ ਕਮਰੇ ਵਿਚ ਰੱਖਿਆ ਜਾਵੇ, ਕਿਉਂਕਿ ਘਰੇਲੂ ਜਿਮ ਜਿਥੇ ਬਣਾਇਆ ਜਾਵੇ, ਉਥੇ ਮਿਊਜ਼ਿਕ ਸਿਸਟਮ ਅਤੇ ਏਅਰ ਕੰਡੀਸ਼ਨਰ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਟਨੈੱਸ ਮਾਹਿਰਾਂ ਦੇ ਅਨੁਸਾਰ ਘਰੇਲੂ ਜਿਮ ਉਨ੍ਹਾਂ ਲਈ ਬਿਹਤਰ ਹੈ, ਜਿਨ੍ਹਾਂ ਦੇ ਕੋਲ ਜਗ੍ਹਾ ਖਰੀਦਣ ਲਈ ਪੈਸਾ ਅਤੇ ਕਸਰਤ ਕਰਨ ਲਈ ਜੋਸ਼ ਹੋਵੇ।
ਘਰੇਲੂ ਜਿਮ ਦਾ ਲਾਭ ਦੱਸਦੇ ਹੋਏ ਉਹ ਕਹਿੰਦੇ ਹਨ ਕਿ 'ਘਰ ਵਿਚ ਜਿਮ ਸੈੱਟ ਕਰਨ ਦਾ ਲਾਭ ਇਹ ਵੀ ਹੈ ਕਿ ਇਹ ਸਾਮਾਨ ਬਸ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਲਈ ਹੀ ਹੈ, ਜਿਥੇ ਉਹ ਆਪਣੀ ਲੋੜ ਅਨੁਸਾਰ ਆਪਣੀ ਪਸੰਦ ਦੀ ਕਸਰਤ ਕਰ ਸਕਦੇ ਹਨ। ਦੂਜਾ ਲਾਭ ਇਹ ਹੈ ਕਿ ਸਿਲੇਬ੍ਰਿਟੀਜ਼ (ਵੱਡੇ ਲੋਕਾਂ) ਨੂੰ ਪ੍ਰਾਈਵੇਸੀ ਵੀ ਮਿਲ ਜਾਂਦੀ ਹੈ। ਉਨ੍ਹਾਂ ਨੂੰ ਬਾਹਰ ਜਿਮ ਵਿਚ ਲੋਕਾਂ ਨਾਲ ਮਿਲਣਾ ਵੀ ਨਹੀਂ ਪੈਂਦਾ ਅਤੇ ਪਰਿਵਾਰ ਦੇ ਨਾਲ ਰਹਿ ਕੇ ਸਮਾਂ ਬਿਤਾਅ ਸਕਦੇ ਹਨ।
ਇਕ ਹੋਰ ਮਾਹਿਰ ਦੇ ਅਨੁਸਾਰ ਜੇਕਰ ਤੁਹਾਡੇ ਕੋਲ ਪੈਸਾ ਅਤੇ ਜਗ੍ਹਾ ਹੈ ਤਾਂ ਤੁਹਾਡਾ ਘਰੇਲੂ ਜਿਮ ਲਗਜ਼ਰੀ ਨਾਲ ਭਰਪੂਰ ਹੋ ਸਕਦਾ ਹੈ ਅਤੇ ਪੈਸਾ ਘੱਟ ਹੋਵੇ ਤਾਂ ਸਾਧਾਰਨ ਘਰੇਲੂ ਜਿਮ ਰੱਖ ਸਕਦੇ ਹੋ। ਕੁਝ ਲੋਕਾਂ ਦਾ ਘਰੇਲੂ ਜਿਮ ਬਣਾਉਣ ਦਾ ਮਕਸਦ ਸਿਰਫ ਫਿੱਟ ਰਹਿਣਾ ਹੁੰਦਾ ਹੈ ਅਤੇ ਕੁਝ ਲੋਕਾਂ ਦਾ ਮਕਸਦ ਹੁੰਦਾ ਹੈ ਸਰੀਰ ਦੇ ਹਰ ਭਾਗ ਨੂੰ ਫਿੱਟ ਰੱਖਣਾ। ਆਪਣੀ ਲੋੜ ਅਨੁਸਾਰ ਜਿਮ ਵਿਚ ਉਪਕਰਨ ਰੱਖੋ।
ਸ਼ੁਰੂ ਵਿਚ ਘਰੇਲੂ ਜਿਮ ਲਈ ਮੁਢਲਾ ਸਾਮਾਨ ਖਰੀਦੋ। ਹੌਲੀ-ਹੌਲੀ ਲਾਭ ਹੋਣ 'ਤੇ ਕੁਝ ਹੋਰ ਸਾਮਾਨ ਵਧਾਉਂਦੇ ਜਾਓ। ਇਕ ਜਿਮ ਟ੍ਰੇਨਰ ਦੇ ਅਨੁਸਾਰ ਘਰੇਲੂ ਜਿਮ ਦਾ ਫਾਇਦਾ ਬਹੁਤ ਹੈ, ਬਸ਼ਰਤੇ ਕਿ ਇਸ ਨੂੰ ਪੂਰਾ ਪਰਿਵਾਰ ਵਰਤੇ। ਅਜਿਹਾ ਕਰਨ ਨਾਲ ਛੇਤੀ ਪੈਸਾ ਵਸੂਲ ਹੋ ਸਕਦਾ ਹੈ। ਲੋੜ ਹੈ ਸਮਝਦਾਰੀ ਨਾਲ ਘਰੇਲੂ ਜਿਮ ਲਈ ਸਾਮਾਨ ਖਰੀਦਣ ਦੀ। ਜੋ ਵੀ ਮਸ਼ੀਨ ਖਰੀਦੋ, ਉਹ ਕਿੰਨੀ ਜਗ੍ਹਾ ਘੇਰਦੀ ਹੈ, ਇਸ 'ਤੇ ਵਿਸ਼ੇਸ਼ ਧਿਆਨ ਦਿਓ।
ਘਰੇਲੂ ਜਿਮ ਲਈ ਟ੍ਰੇਡਮਿਲ, ਯੋਗਾ ਮੈਟ, ਸਾਈਕਲ, ਮਲਟੀਪਰਪਜ਼ ਬੈਂਚ, ਸਵਿਸ ਬਾਲਾਂ ਆਦਿ ਖਰੀਦੋ। ਜਿਸ ਕਮਰੇ ਨੂੰ ਘਰੇਲੂ ਜਿਮ ਬਣਾਉਣਾ ਹੋਵੇ, ਉਹ ਕਮਰਾ ਪੂਰੀ ਤਰ੍ਹਾਂ ਹਵਾਦਾਰ ਹੋਣਾ ਚਾਹੀਦਾ ਹੈ, ਉਸ ਦੀ ਫਰਸ਼ ਆਰਾਮਦਾਇਕ ਹੋਵੇ, ਸ਼ੀਸ਼ਾ, ਅਟੈਚਡ ਵਾਸ਼ ਵੇਸਨ, ਵਾਸ਼ਰੂਮ, ਮਿਊਜ਼ਿਕ ਸਿਸਟਮ, ਏਅਰ ਕੰਡੀਸ਼ਨਰ ਜ਼ਰੂਰ ਉਸ ਕਮਰੇ ਵਿਚ ਹੋਵੇ। ਸ਼ੁਰੂ ਵਿਚ ਇਕ ਸਿਖਾਉਣ ਵਾਲਾ ਵੀ ਜ਼ਰੂਰ ਰੱਖੋ ਤਾਂ ਕਿ ਉਹ ਤੁਹਾਡੀ ਲੋੜ ਅਨੁਸਾਰ ਅਤੇ ਸਰੀਰਕ ਸਮਰੱਥਾ ਅਨੁਸਾਰ ਤੁਹਾਨੂੰ ਸਿਖਾ ਸਕੇ।
 
Top