Palang Tod
VIP
ਭਗਤ ਸਿੰਘ ਦੀ ਯਾਦਗਾਰ, ਸਰਕਾਰ ਗਈ ਵਿਸਾਰ
http://static.punjabitribuneonline.com/wp-content/uploads/2014/01/21banga-04.jpg
ਪਿੰਡ ਖਟਕੜ ਕਲਾਂ ਵਿੱਚ ਅਧੂਰਾ ਪਿਆ ਸ਼ਹੀਦ ਭਗਤ ਸਿੰਘ ਦਾ ਸਮਾਰਕ
ਬੰਗਾ, 21 ਜਨਵਰੀ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ ਦਾ ਮਿਊਜ਼ੀਅਮ ਬਣਾਉਣ ਦਾ ਕੰਮ ਅੱਧ-ਵਿਚਾਲੇ ਬੰਦ ਕਰ ਦਿੱਤਾ ਹੈ। ਸਰਕਾਰ ਨੇ ਇਸ ਵਾਸਤੇ 17 ਕਰੋੜ ਰੁਪਏ ਦਾ ਬਜਟ ਰੱਖਿਆ ਸੀ ਜੋ ਕਿ ਪਹਿਲੀ ਕਿਸ਼ਤ ਦੇ 6 ਕਰੋੜ ਤੋਂ ਬਾਅਦ ਧੇਲਾ ਨਹੀਂ ਅੱਪੜਿਆ। ਪਿੰਡ ਦੀ ਪੰਚਾਇਤ ਵੱਲੋਂ ਸ਼ਹੀਦ ਦੇ ਸਨਮਾਨ ਹਿੱਤ ਇਹ ਯਾਦਗਾਰ ਦੇ ਨਿਰਮਾਣ ਲਈ ਅੱਠ ਏਕੜ ਤੋਂ ਉਪਰ ਜ਼ਮੀਨ ਸਰਕਾਰ ਦੇ ਸਪੁਰਦ ਕੀਤੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਇਸ ਯਾਦਗਾਰ ਦੀ ਸਥਾਪਤੀ ਲਈ ਸੂਬਾ ਸਰਕਾਰ ਦੀ ਤਸਦੀਕ ’ਤੇ ਮਾਰਕਫੈੱਡ ਨੂੰ ਨਿਰਮਾਣ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਸੀ। ਓਧਰ 6 ਕਰੋੜ ਨਾਲ ਅਗਸਤ 2012 ਤੋਂ ਲੈ ਕੇ ਦਸੰਬਰ 2012 ਤਕ ਕੰਮ ਕੀਤਾ ਪਰ ਉਸ ਬਾਅਦ ਅਗਲੀ ਕਿਸ਼ਤ ਨਾ ਆਉਣ ਕਾਰਨ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ। ਮਾਰਕਫੈੱਡ ਦੇ ਉੱਚ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ’ਤੇ ਦੱਸਿਆ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਹੋਰ ਫੰਡ ਮੁਹੱਈਆ ਹੋ ਜਾਣਗੇ ਤੇ ਉਹ ਯਾਦਗਾਰ ਦਾ ਨਿਰਮਾਣ ਕਾਰਜ ਆਰੰਭ ਦੇਣਗੇ। ਗ਼ੌਰਤਲਬ ਹੈ ਕਿ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਦਿਆਂ ਕੇਂਦਰ ਸਰਕਾਰ ਦੇ ਤਤਕਾਲੀਨ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਆਪਣੀ ਲੰਬੀ-ਚੌੜੀ ਤਕਰੀਰ ’ਚ ਆਖਿਆ ਸੀ ਕਿ ਇਹ ਯਾਦਗਾਰ ਜਲਦੀ ਮੁਕੰਮਲ ਹੋਵੇਗੀ। ਪਰ 2009 ਦੇ ਉਸ ਸਮਾਗਮ ਤੋਂ ਬਾਅਦ ਅੱਜ ਤਕ ਇਸ ਯਾਦਗਾਰ ਦੇ ਕੰਮਾਂ ’ਚ ਢਿੱਲ-ਮੱਠ ਹੀ ਨਜ਼ਰ ਆਈ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਦੀਆਂ ਯਾਦਗਾਰਾਂ ਨੂੰ ਸਾਂਭਣ ਲਈ ਵਾਤਾਵਰਨ ਅਨੁਕੂਲ ਮਿਊਜ਼ੀਅਮ, ਆਦਮ ਕੱਦ ਬੁੱਤ, ਲੈਂਡਸਕੇਪਿੰਗ ਅਤੇ ਪਾਰਕਿੰਗ ਆਦਿ ਬਣਾਏ ਜਾਣੇ ਸਨ। ਯਾਦਗਾਰ ਦਾ ਕੰਮ ਵਿਚਾਲੇ ਬੰਦ ਹੋਣ ਕਾਰਨ ਪਿੰਡ ਵਾਸੀ ਨਿਰਾਸ਼ ਹਨ। ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਨੇ ਸਰਕਾਰ ਦੀ ਇਸ ਢਿੱਲ-ਮੱਠ ਦੀ ਨਿੰਦਾ ਕੀਤੀ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਅਧੂਰੇ ਨਿਰਮਾਣ ਕਾਰਜਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਇਸ ਬਾਰੇ ਡਿਪਟੀ ਕਮਿਸ਼ਨਰ ਅਨੰਦਿੱਤਾ ਮਿੱਤਰ ਨੇ ਕਿਹਾ ਕਿ ਇਸ ਸਬੰਧੀ ਤਾਂ ਸਬੰਧਤ ਵਿਭਾਗ ਹੀ ਦੱਸ ਸਕਦਾ ਹੈ।