ਸੱਭਿਆਚਾਰਕ ਸੰਕਟ ਪੈਦਾ ਕਰ ਰਹੀ ਗਾਇਕੀ

ਗੀਤ ਸੰਗੀਤ ਮਨੁੱਖ ਦੀ ਰੂਹ ਦੀ ਖੁਰਾਕ ਹੁੰਦਾ ਹੈ। ਜ਼ਿੰਦਗੀ ਦੀ ਸਹੀ ਤਰਜਮਾਨੀ ਕਰਨ ਵਾਲੇ ਗੀਤ ਸਦਾ ਲਈ ਅਮਰ ਹੋ ਜਾਂਦੇ ਹਨ ਅਤੇ ਲੋਕ ਚੇਤਨਾ ਵਿੱਚ ਨਿੱਘੀ ਥਾਂ ਬਣਾ ਕੇ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰ ਲੈਂਦੇ ਹਨ। ਅਰਥ ਵਿਹੂਣੇ ਅਤੇ ਬੇਤੁਕੇ ਗੀਤਾਂ ਦੀ ਮੌਤ ਜਲਦੀ ਹੋ ਜਾਂਦੀ ਹੈ। ਪੀੜ੍ਹੀਆਂ ਦੀ ਸਾਂਝ ਅਤੇ ਉਮਰਾਂ ਦਾ ਸੰਗ ਨਿਭਾਉਣ ਵਾਲੇ ਗੀਤ ਸਦਾ ਲੋਕ ਹਿਰਦਿਆਂ ਵਿੱਚ ਵਸੇ ਰਹਿੰਦੇ ਹਨ, ਪਰ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਬੇਹੱਦ ਨਿਘਾਰ ਆ ਚੁੱਕਿਆ ਹੈ ਜਿਸ ਲਈ ਪੰਜਾਬੀ ਗਾਇਕ ਅਤੇ ਗੀਤਕਾਰ ਦੋਵੇਂ ਜ਼ਿੰਮੇਵਾਰ ਹਨ।
ਫੋਕੀ ਸ਼ੋਹਰਤ ਅਤੇ ਰਾਤੋ-ਰਾਤ ਸੁਪਰਸਟਾਰ ਬਣਨ ਦੀ ਲਾਲਸਾ ਰੱਖਣ ਵਾਲੇ ਕਈ ਕੱਚਘਰੜ ਗਾਇਕ ਅਤੇ ਗੀਤਕਾਰ ਸਮਾਜ ਨੂੰ ਕੁਰਾਹੇ ਪਾਉਣ ਲੱਗੇ ਹੋਏ ਹਨ। ਅੱਜ ਪੰਜਾਬੀ ਗਾਇਕੀ ਅਤੇ ਗੀਤਕਾਰੀ ਦਾ ਦਾਇਰਾ ਸਿਰਫ਼ ਰਾਈਫਲਾਂ, ਲੜਾਈਆਂ, ਤਲਵਾਰਾਂ, ਜੱਟਾਂ ਦੀਆਂ ਬੜ੍ਹਕਾਂ, ਸ਼ਰਾਬ, ਨਸ਼ਿਆਂ ਅਤੇ ਹੁੱਲੜਬਾਜ਼ੀ ਤਕ ਹੀ ਸਿਮਟ ਕੇ ਰਹਿ ਗਿਆ ਹੈ। ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਅਸ਼ਲੀਲਤਾ ਤੇ ਦੋ-ਅਰਥੀ ਭਾਸ਼ਾ ਦਾ ਨਾਚ ਨਚਾਇਆ ਜਾ ਰਿਹਾ ਹੈ ਜਿਸ ਕਾਰਨ ਸੱਭਿਆਚਾਰਕ ਸੰਕਟ ਪੈਦਾ ਹੋ ਰਿਹਾ ਹੈ। ਰਿਸ਼ਤਿਆਂ ਦਾ ਨਿੱਘ ਅਤੇ ਨੈਤਿਕਤਾ ਪੰਜਾਬੀ ਗੀਤਾਂ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਤੋਂ ਲੈ ਕੇ ਕਾਲਜਾਂ ਤਕ ਦੇ ਨੌਜਵਾਨਾਂ ਨੂੰ ਸਿਰਫ਼ ਆਸ਼ਕ ਅਤੇ ਕੁੜੀਆਂ ਦੇ ਦੀਵਾਨੇ ਹੋਣ ਦਾ ਠੱਪਾ ਲਗਾਇਆ ਜਾ ਰਿਹਾ ਹੈ। ਜੀਵਨ ਜਾਚ ਲਈ ਨਰੋਈ ਸੇਧ ਵਿਹੂਣੇ ਗੀਤ ਸਾਡੀ ਨੌਜਵਾਨ ਪੀੜ੍ਹੀ ਨੂੰ ਖ਼ਤਰਨਾਕ ਰੁਝਾਨਾਂ ਵੱਲ ਧੱਕ ਰਹੇ ਹਨ। ਇਸ ਕਾਰਨ ਸਾਡੀ ਨੌਜਵਾਨ ਪੀੜ੍ਹੀ ਸੰਵੇਦਨਹੀਣ ਅਤੇ ਆਪਣੈ ਫ਼ਰਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਅਜੋਕੇ ਜ਼ਿਆਦਾਤਰ ਗੀਤ ਸਾਡੀ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਖੁੰਢਾ ਕਰ ਰਹੇ ਹਨ। ਪੰਜਾਬ ਦਾ ਅਮੀਰ ਵਿਰਸਾ ਇਨ੍ਹਾਂ ਅਖੌਤੀ ਪੰਜਾਬੀ ਲੋਕ ਗਾਇਕਾਂ ਅਤੇ ਗੀਤਕਾਰਾਂ ਹੱਥੋਂ ਨਿੱਤ ਸ਼ਰਮਸਾਰ ਹੁੰਦਾ ਹੈ।
ਦਰਅਸਲ, ਅਜੋਕੇ ਸਮੇਂ ਵਿੱਚ ਗਾਇਕੀ ਨੂੰ ਕਲਾ ਵਜੋਂ ਨਹੀਂ ਸਗੋਂ ਜ਼ਿਆਦਾਤਰ ਵਿਅਕਤੀਆਂ ਵੱਲੋਂ ਲਾਹੇਵੰਦ ਧੰਦੇ ਵਜੋਂ ਅਪਣਾਇਆ ਜਾ ਰਿਹਾ ਹੈ। ਫੋਕੀ ਸ਼ੋਹਰਤ ਕਮਾਉਣ ਦੀ ਨੀਅਤ ਨਾਲ ਲੱਚਰਪੁਣਾ ਪਰੋਸਿਆ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਬਹੁਤੇ ਗਾਇਕ ਅਤੇ ਗੀਤਕਾਰ ਬਿਨਾਂ ਕਿਸੇ ਉਸਤਾਦ ਦੇ ਇਸ ਖੇਤਰ ਵਿੱਚ ਕੁੱਦ ਪਏ ਹਨ। ਸੋ ਅਧੂਰੀ ਸੰਗੀਤਕ ਜਾਣਕਾਰੀ ਅਤੇ ਅਰਥਹੀਣ ਤੁਕਬੰਦੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੀ ਹੈ।
ਸੰਗੀਤਕ ਬਾਰੀਕੀਆਂ ਅਤੇ ਗਾਇਕੀ ਦੇ ਅਕੀਦਿਆਂ ਤੋਂ ਅਣਜਾਣ ਇਹ ਬੇਸੁਰੇ ਗਾਇਕ ਹਾਸੋਹੀਣੀਆਂ ਸਥਿਤੀਆਂ ਪੈਦਾ ਕਰ ਰਹੇ ਹਨ। ਸਾਡੇ ਬਹੁਤੇ ਅਖੌਤੀ ਪੰਜਾਬੀ ਗਾਇਕ ਅਤੇ ਗੀਤਕਾਰ ਪੰਜਾਬੀ ਸਾਹਿਤ ਨਾਲ ਦੂਰ ਦਾ ਵਾਸਤਾ ਵੀ ਨਹੀਂ ਰੱਖਦੇ ਜਿਸ ਕਾਰਨ ਪੰਜਾਬੀ ਵਿਰਸਾ ਇਨ੍ਹਾਂ ਦੇ ਗੀਤਾਂ ਦੇ ਬੋਲਾਂ ਵਿੱਚੋਂ ਲੋਪ ਹੁੰਦਾ ਜਾ ਰਿਹਾ ਹੈ। ਅਜੋਕੇ ਸਮੇਂ ਦੀ ਗਾਇਕੀ ਅਤੇ ਗੀਤਕਾਰੀ ਪੰਜਾਬ ਦੇ ਮੂਲ, ਵਿਲੱਖਣ ਅਤੇ ਨਿਵੇਕਲੇ ਪਛਾਣ ਚਿਨ੍ਹਾਂ ਨਾਲੋਂ ਟੁੱਟਦੀ ਜਾ ਰਹੀ ਹੈ। ਅਸਲ ਵਿੱਚ ਭਿਆਨਕ ਖੇਤੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਨੂੰ ਅੱਜ ਸ਼ਰਾਬ ਦੇ ਨਸ਼ੇ ਵਿੱਚ ਧੁੱਤ, ਅਮੀਰੀ ਦੀ ਠਾਠ, ਮਹਿੰਗੀਆਂ ਕਾਰਾਂ ਵਿੱਚ ਘੁੰਮਣ ਅਤੇ ਐਸ਼ਪ੍ਰਸ਼ਤੀ ਕਰਨ ਵਾਲਿਆਂ ਵਜੋਂ ਉਭਾਰਿਆ ਜਾ ਰਿਹਾ ਹੈ ਜੋ ਇਸ ਤਬਕੇ ਦੀ ਅਸਲੀ ਹੋਣੀ ਤੋਂ ਕੋਹਾਂ ਦੂਰ ਦੀਆਂ ਗੱਲਾਂ ਹਨ। ਨੌਜਵਾਨ ਪੀੜ੍ਹੀ ਦੇ ਆਚਰਣ ਨੂੰ ਆਸ਼ਕੀ ਕਰਨ ਅਤੇ ਨਸ਼ੇੜੀ ਹੋਣ ਵੱਲ ਮੋੜਾ ਦਿੱਤਾ ਜਾ ਰਿਹਾ ਹੈ।
ਪੰਜਾਬੀ ਗੀਤਾਂ ਦਾ ਫ਼ਿਲਮਾਂਕਣ ਪਰਿਵਾਰ ਨਾਲ ਬੈਠ ਕੇ ਦੇਖਣਯੋਗ ਨਹੀਂ ਰਿਹਾ। ਅੱਜ ਅਖੌਤੀ ਗਾਇਕਾਂ ਅਤੇ ਗੀਤਕਾਰਾਂ ਪਾਸੋਂ ਪੰਜਾਬੀ ਵਿਰਸੇ ਅਤੇ ਮਾਂ ਬੋਲੀ ਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਜੀਵਨ ਸੇਧ ਵਿਹੂਣੇ ਅਤੇ ਲੱਚਰ ਗੀਤਾਂ ਨੂੰ ਰੋਕਣ ਲਈ ਲੋਕਾਂ ਨੂੰ ਮਾੜੇ ਅਤੇ ਹਲਕੇ ਪੱਧਰ ਦੇ ਗੀਤਾਂ ਨੂੰ ਮੂੰਹ-ਤੋੜ ਜਵਾਬ ਦੇਣਾ ਪਵੇਗਾ ਤਾਂ ਜੋ ਪੰਜਾਬੀ ਸੱਭਿਆਚਾਰ ਨੂੰ ਖੋਰਾ ਲਾ ਰਹੇ ਅਸੱਭਿਅਕ ਗੀਤਾਂ ਨੂੰ ਠੱਲ੍ਹ ਪੈ ਸਕੇ ਅਤੇ ਸਾਡਾ ਵਿਰਸਾ ਹੋਰਨਾਂ ਲਈ ਵੀ ਚਾਨਣ ਮੁਨਾਰਾ ਬਣਿਆ ਰਹੇ।
 
Top