ਰਾਮੇਸ਼ਵਰਮ ਤੇ ਧਨੁਸ਼ਕੋਡੀ ਦੇ ਦਰਸ਼ਨ-ਦੀਦਾਰੇ

ਰਾਮੇਸ਼ਵਰਮ, ਤਾਮਿਲਨਾਡੂ ਦੇ ਜ਼ਿਲ੍ਹਾ ਰਾਮਨਾਥਪੁਰਮ ਦਾ ਇੱਕ ਕਸਬਾ ਹੈ ਜੋ ਪਾਮਬਨ ਟਾਪੂ ’ਤੇ ਸਥਿਤ ਹੈ। ਭਾਰਤ ਦੀ ਮੁੱਖ ਜ਼ਮੀਨ ਤੋਂ ਇਹ ਪਾਮਬਨ ਚੈਨਲ ਰਾਹੀਂ ਅਲੱਗ ਹੁੰਦਾ ਹੈ। ਇੱਥੋਂ ਸ੍ਰੀਲੰਕਾ ਦੇ ਸ਼ਹਿਰ ਜਾਫਨਾ ਦੀ ਹਵਾਈ ਦੂਰੀ ਲਗਭਗ 17 ਮੀਲ ਹੈ। ਸਥਾਨਕ ਲੋਕਾਂ ਮੁਤਾਬਿਕ ਜਾਫਨਾ ਦੀਆਂ ਰੌਸ਼ਨੀਆਂ ਰਾਤ ਸਮੇਂ ਇੱਥੋਂ ਦਿਖਾਈ ਦਿੰਦੀਆਂ ਹਨ। ਇਹ ਸਥਾਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਮਰਹੂਮ ਡਾ. ਅਬਦੁਲ ਕਲਾਮ ਦਾ ਜਨਮ ਸਥਾਨ ਵੀ ਹੈ। ਉਂਜ ਤਾਂ ਇਹ ਪੂਰਾ ਕਸਬਾ ਹੀ ਬਹੁਤ ਸੁੰਦਰ ਹੈ, ਪਰ ਰਾਮੇਸ਼ਵਰਮ ਮੰਦਿਰ ਅਤੇ ਧਨੁਸ਼ਕੋਡੀ ਇੱਥੋਂ ਦੇ ਮੁੱਖ ਸਥਾਨ ਹਨ।
ਰਾਮੇਸ਼ਵਰਮ ਮੰਦਿਰ ਦਾ ਬਾਹਰੀ ਦ੍ਰਿਸ਼।

ਰਾਮੇਸ਼ਵਰਮ ਮੰਦਿਰ: ਕਹਿੰਦੇ ਹਨ ਕਿ ਰਾਮੇਸ਼ਵਰਮ ਜਾ ਕੇ ਪੂਜਾ ਅਤੇ ਇਸ਼ਨਾਨ ਕਰਨ ਮਗਰੋਂ ਹੀ ਕਾਸ਼ੀ ਪੂਜਾ ਪੂਰੀ ਹੋਈ ਮੰਨੀ ਜਾਂਦੀ ਹੈ। ਇਸ ਤੋਂ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਇਹ ਭਾਰਤ ਦੇ ਉੱਤਰੀ ਅਤੇ ਦੱਖਣੀ ਹਿੱਸੇ ਨੂੰ ਇੱਕ ਸੂਤਰ ਵਿੱਚ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਵੀ ਹੈ। ਰਾਮੇਸ਼ਵਰਮ ਦਾ ਜ਼ਿਕਰ ਰਾਮਾਇਣ ਸਮੇਂ ਤੋਂ ਹੀ ਹੁੰਦਾ ਆ ਰਿਹਾ ਹੈ। ਇਹ ਸਥਾਨ ਹਿੰਦੂਆਂ ਦੇ ਮੁੱਖ ਧਾਮਾਂ ਵਿੱਚੋਂ ਇੱਕ ਹੈ। ਮਿਥਿਹਾਸ ਮੁਤਾਬਿਕ ਭਗਵਾਨ ਵਿਸ਼ਨੂੰ ਦੇ ਅਵਤਾਰ, ਸ੍ਰੀ ਰਾਮ ਨੇ ਲੰਕਾ ਵਿੱਚ ਰਾਮਾਇਣ ਯੁੱਧ ਦੌਰਾਨ ਹੋਏ ਪਾਪਾਂ ਤੋਂ ਮੁਕਤੀ ਪਾਉਣ ਲਈ ਇੱਥੇ ਪੂਜਾ ਕੀਤੀ ਸੀ। ਕਹਿੰਦੇ ਹਨ ਕਿ ਰਾਵਣ ਨੂੰ ਮਾਰ ਕੇ ਵਾਪਸ ਆ ਰਹੇ ਸ੍ਰੀ ਰਾਮ ਪ੍ਰਤੀ ਕੁਝ ਤਪੱਸਵੀਆਂ ਨੇ ਹੱਤਿਆ ਦੇ ਪਾਪ ਕਾਰਨ ਘ੍ਰਿਣਾ ਪ੍ਰਗਟ ਕੀਤੀ। ਸੋ ਉਨ੍ਹਾਂ ਨੇ ਇਸ ਸਥਾਨ ’ਤੇ ਭਗਵਾਨ ਸ਼ਿਵ ਦੀ ਪੂਜਾ ਕਰਕੇ ਇਸ ਦਾ ਪਸ਼ਚਾਤਾਪ ਕਰਨ ਦਾ ਫ਼ੈਸਲਾ ਲਿਆ।
ਇਸ ਮੰਦਿਰ ਵਿੱਚ ਦੋ ਸ਼ਿਵਲਿੰਗ ਹਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੰਦਿਰ ਅੰਦਰ 22 ਕੁੰਡ (ਤੀਰਥਮ) ਹਨ। ਇਨ੍ਹਾਂ ਕੁੰਡਾਂ ’ਤੇ ਨਹਾਉਣਾ ਪਵਿੱਤਰ ਸਮਝਿਆ ਜਾਂਦਾ ਹੈ। ਮੰਦਿਰ ਵਿੱਚ ਪੂਜਾ ਤੋਂ ਬਾਅਦ ਸਮੁੰਦਰ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ ਅਤੇ ਇਸ ਇਸ਼ਨਾਨ ਤੋਂ ਬਾਅਦ ਹੀ ਪੂਜਾ ਪੂਰੀ ਮੰਨੀ ਜਾਂਦੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਬਾਕੀ ਬੀਚਜ਼ ਨੇੜਲੇ ਸਮੁੰਦਰੀ ਪਾਣੀ ਵਿੱਚ ਬਹੁਤ ਜ਼ਿਆਦਾ ਹਲਚਲ ਸੀ, ਪਰ ਰਾਮੇਸ਼ਵਰਮ ਵਿਖੇ ਸਮੁੰਦਰ ਬਿਲਕੁਲ ਸ਼ਾਂਤ ਸੀ।


ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਸਮਾਧੀ: ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ਵਜੋਂ ਜਾਣੇ ਜਾਂਦੇ ਮਰਹੂਮ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਵੀ ਰਾਮੇਸ਼ਵਰਮ ਵਿੱਚ ਹੀ ਦਫ਼ਨਾਇਆ ਗਿਆ। ਉਨ੍ਹਾਂ ਦੀ ਸਮਾਧੀ ਪੇਈ ਕਾਰੁਮਬੂ ਸਥਾਨ ’ਤੇ ਹੈ ਜੋ ਰਾਮੇਸ਼ਵਰਮ ਤੋਂ ਕੁਝ ਕਿਲੋਮੀਟਰ ਪਹਿਲਾਂ ਆਉਂਦਾ ਹੈ। ਸਾਡੇ ਦੌਰੇ ਸਮੇਂ ਡਾ. ਕਲਾਮ ਦੀ ਸਮਾਧੀ ਉੱਤੇ ਇੱਕ ਕਾਫ਼ੀ ਉੱਚੀ ਲਾਈਟ ਲਗਾਈ ਗਈ ਸੀ, ਪਰ ਉਸ ਲਾਈਟ ਦੇ ਹੇਠਾਂ ਬਣੇ ਥੜੇ ’ਤੇ ਡਾ. ਅਬਦੁਲ ਕਲਾਮ ਬਾਰੇ ਦਿੱਤੀ ਗਈ ਜਾਣਕਾਰੀ ਤਾਮਿਲ ਭਾਸ਼ਾ ਵਿੱਚ ਹੋਣ ਕਰਕੇ ਅਸੀਂ ਪੜ੍ਹ ਨਹੀਂ ਸਕੇ।
ਧਨੁਸ਼ਕੋਡੀ: ਇਹ ਭਾਰਤ ਦਾ ਦੱਖਣ-ਪੂਰਬ ਦਾ ਆਖ਼ਰੀ ਜ਼ਮੀਨੀ ਸਿਰਾ ਹੈ ਅਤੇ ਰਾਮੇਸ਼ਵਰਮ ਤੋਂ 20 ਕਿਲੋਮੀਟਰ ਦੂਰ ਹੈ। ਇੱਕ ਕਥਾ ਮੁਤਾਬਿਕ ਜਦੋਂ ਸ੍ਰੀ ਰਾਮ ਨੇ ਲੰਕਾ ’ਤੇ ਚੜ੍ਹਾਈ ਕਰਨ ਲਈ ਰਾਮਸੇਤੂ ਬਣਾਇਆ ਤਾਂ ਉਨ੍ਹਾਂ ਨੇ ਆਪਣੇ ਧਨੁਸ਼ ਨਾਲ ਇਸ ਸਥਾਨ ’ਤੇ ਇਸ਼ਾਰਾ ਕਰਕੇ ਰਾਮਸੇਤੂ ਬਣਾਉਣ ਲਈ ਕਿਹਾ ਸੀ ਜਿਸ ਕਰਕੇ ਇਸ ਦਾ ਨਾਮ ਧਨੁਸ਼ਕੋਡੀ ਪਿਆ। ਇੱਕ ਹੋਰ ਕਥਾ ਮੁਤਾਬਿਕ ਸ੍ਰੀ ਰਾਮ, ਰਾਵਣ ਨੂੰ ਮਾਰ ਕੇ ਲੰਕਾ ਦਾ ਰਾਜ ਭਿਵੀਸ਼ਣ ਹਵਾਲੇ ਕਰ ਕੇ ਵਾਪਸ ਆਉਣ ਲੱਗੇ ਤਾਂ ਉਸ ਨੇ ਡਰ ਜ਼ਾਹਿਰ ਕੀਤਾ ਕਿ ਜੇ ਕੋਈ ਦੁਸ਼ਮਣ ਰਾਮਸੇਤੂ ਦੀ ਮਦਦ ਨਾਲ ਲੰਕਾ ’ਤੇ ਹਮਲਾ ਕਰ ਦੇਵੇ ਤਾਂ ਫਿਰ ਉਹ ਕੀ ਕਰੇ? ਕਹਿੰਦੇ ਹਨ ਕਿ ਸ੍ਰੀ ਰਾਮ ਨੇ ਲੰਕਾ ਤੋਂ ਫ਼ੌਜ ਵਾਪਸ ਇਸ ਸਥਾਨ ’ਤੇ ਲਿਆ ਕੇ ਆਪਣੇ ਧਨੁਸ਼ ਨਾਲ ਰਾਮਸੇਤੂ ਨੂੰ ਤੋੜ ਦਿੱਤਾ ਜਿਸ ਕਰਕੇ ਇਸ ਸਥਾਨ ਦਾ ਨਾਂ ਧਨੁਸ਼ਕੋਡੀ ਪਿਆ। ਸ਼ਰਧਾਲੂ ਰਾਮੇਸ਼ਵਰਮ ਪੂਜਾ ਤੋਂ ਬਾਅਦ ਇੱਥੇ ਵੀ ਜਾਂਦੇ ਹਨ। 22-23 ਦਸੰਬਰ 1964 ਦੀ ਰਾਤ ਤੋਂ ਪਹਿਲਾਂ ਇਹ ਇੱਕ ਚਹਿਲ-ਪਹਿਲ ਵਾਲਾ ਸਥਾਨ ਸੀ ਅਤੇ ਇੱਥੇ ਸ੍ਰੀਲੰਕਾ ਲਈ ਯਾਤਰੀਆਂ ਅਤੇ ਸਾਮਾਨ ਦੀ ਢੋਆ-ਢੁਆਈ ਹੁੰਦੀ ਸੀ, ਪਰ ਉਸ ਰਾਤ ਸਮੁੰਦਰ ਵਿੱਚ ਆਈ ਸੁਨਾਮੀ ਨੇ ਇਸ ਸ਼ਹਿਰ ਨੂੰ ਤਹਿਸ-ਨਹਿਸ ਕਰ ਦਿੱਤਾ। ਉਸ ਵੇਲੇ ਪਾਮਬਨ ਤੋਂ ਆ ਰਹੀ ਰੇਲ ਗੱਡੀ, ਜਿਸ ਵਿੱਚ 110 ਯਾਤਰੀ ਅਤੇ ਰੇਲਵੇ ਸਟਾਫ ਦੇ ਪੰਜ ਮੈਂਬਰ ਸਨ, ਧਨੁਸ਼ਕੋਡੀ ਤੋਂ ਕੁਝ ਗਜ਼ ਹੀ ਦੂਰ ਸੀ। ਉਸ ਰੇਲ ਗੱਡੀ ਨੂੰ ਸੁਨਾਮੀ ਵਹਾ ਕੇ ਲੈ ਗਈ ਅਤੇ ਮਿੰਟਾਂ ਵਿੱਚ ਹੀ 115 ਜਾਨਾਂ ਸਮੁੰਦਰ ਵਿੱਚ ਸਮਾ ਗਈਆਂ। ਇੱਕ ਰਿਪੋਰਟ ਮੁਤਾਬਿਕ ਇਸ ਸੁਨਾਮੀ ਨਾਲ 1800 ਦੇ ਕਰੀਬ ਜਾਨਾਂ ਗਈਆਂ। ਇਸ ਤਬਾਹੀ ਦੇ ਮੱਦੇਨਜ਼ਰ ਸਰਕਾਰ ਨੇ ਇਸ ਸਥਾਨ ਨੂੰ ਰਹਿਣ ਲਈ ਅਯੋਗ ਐਲਾਨ ਦਿੱਤਾ। ਹੁਣ ਇਹ ਸ਼ਹਿਰ ‘ਗੋਸਟ ਸਿਟੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਥਾਨ ’ਤੇ ਉਸ ਵੇਲੇ ਦੇ ਗਿਰਜਾਘਰ, ਡਾਕਘਰ ਅਤੇ ਕੁਝ ਹੋਰ ਇਮਾਰਤਾਂ ਦੀ ਰਹਿੰਦ-ਖੂੰਹਦ ਵੇਖੀ ਜਾ ਸਕਦੀ ਹੈ। ਅੱਜਕੱਲ੍ਹ ਕੁਝ ਮਛੇਰੇ ਆਪਣੀ ਰੋਜ਼ੀ-ਰੋਟੀ ਲਈ ਇਸ ਸਥਾਨ ’ਤੇ ਝੁੱਗੀਆਂ ਬਣਾ ਕੇ ਰਹਿ ਰਹੇ
ਰਾਮੇਸ਼ਵਰਮ ਨੂੰ ਭਾਰਤ ਨਾਲ ਜੋੜਦਾ ਪਾਮਬਨ ਪੁਲ।

ਹਨ। ਮਰਦ ਵੱਡੀਆਂ ਮੱਛੀਆਂ ਫੜ ਕੇ ਮੰਡੀ ਵਿੱਚ ਵੇਚਣ ਜਾਂਦੇ ਹਨ ਜਦੋਂਕਿ ਔਰਤਾਂ ਨੂੰ ਛੋਟੀਆਂ ਮੱਛੀਆਂ ਨੂੰ ਧੁੱਪ ਵਿੱਚ ਸੁਕਾਉਂਦਿਆਂ ਵੇਖਿਆ ਜਾ ਸਕਦਾ ਹੈ। ਧਨੁਸ਼ਕੋਡੀ ਦੇ ਇੱਕ ਪਾਸੇ ਬੰਗਾਲ ਦੀ ਖਾੜੀ ਹੈ ਅਤੇ ਦੂਜੇ ਪਾਸੇ ਹਿੰਦ ਮਹਾਂਸਾਗਰ। ਧਨੁਸ਼ਕੋਡੀ ਦੇ ਇੱਕ ਸਥਾਨ ’ਤੇ ਪਹੁੰਚ ਕੇ ਅੱਗੇ ਆਖ਼ਰੀ ਬਿੰਦੂ ਤਕ ਆਪਣੀ ਗੱਡੀ ਵਿੱਚ ਜਾਣਾ ਸੰਭਵ ਨਹੀਂ ਹੈ। ਉਸ ਤੋਂ ਅੱਗੇ ਕੋਈ 2-3 ਕਿਲੋਮੀਟਰ ਦਾ ਸਫ਼ਰ ਸਥਾਨਕ ਗੱਡੀ ਵਿੱਚ ਕਰਨਾ ਪੈਂਦਾ ਹੈ। ਇਹ ਗੱਡੀਆਂ ਸਵਾਰੀਆਂ ਪੂਰੀਆਂ ਹੋਣ ’ਤੇ ਸਮੁੰਦਰ ਕਿਨਾਰੇ ਰੇਤ ਅਤੇ ਪਾਣੀ ਵਿੱਚੋਂ ਲੰਘਦੀਆਂ ਹੋਈਆਂ ਆਖ਼ਿਰ ਤਕ ਜਾਂਦੀਆਂ ਹਨ। ਇਨ੍ਹਾਂ ਗੱਡੀਆਂ ਵਿੱਚ ਸਫ਼ਰ ਕਰਨ ਦਾ ਵੱਖਰਾ ਹੀ ਆਨੰਦ ਹੈ। ਕੁਝ ਸਮਾਂ ਇੱਥੇ ਰੁਕਣ ਤੋਂ ਬਾਅਦ ਇਹ ਸਵਾਰੀਆਂ ਨੂੰ ਲੈ ਕੇ ਵਾਪਸ ਚੱਲ ਪੈਂਦੀਆਂ ਹਨ। ਗ਼ੌਰਤਲਬ ਹੈ ਕਿ ਧਨੁਸ਼ਕੋਡੀ ਦਾ ਆਖ਼ਰੀ ਜ਼ਮੀਨੀ ਬਿੰਦੂ ਅਰੀਸ਼ਲ ਮੁਨਾਈ ਹੈ, ਪਰ ਇਹ ਸਿਰਫ਼ ਅਪਰੈਲ ਅਤੇ ਮਈ ਵਿੱਚ ਹੀ ਵਿਖਾਈ ਦਿੰਦਾ ਹੈ ਜਦੋਂਕਿ ਬਾਕੀ ਸਮਾਂ ਸਮੁੰਦਰ ਵਿੱਚ ਡੁੱਬਿਆ ਰਹਿੰਦਾ ਹੈ।
 
Top