ਮੁਗ਼ਲਾਂ ਦੀ ਈਨ ਨਾ ਮੰਨਣ ਵਾਲਾ ਮਹਾਰਾਣਾ ਪ੍ਰਤਾਪ

ਮਹਾਰਾਣਾ ਪ੍ਰਤਾਪ ਦਾ ਜਨਮ ਮੇਵਾੜ ਦੇ ਮਹਾਰਾਣਾ ਉਦੈ ਸਿੰਘ ਤੇ ਮਾਤਾ ਜੈਵੰਤਾ ਬਾਈ ਦੇ ਘਰ 9 ਮਈ 1540 ਨੂੰ ਕੁੰਭਲਗੜ੍ਹ ਦੇ ਕਿਲ੍ਹੇ ਵਿੱਚ ਹੋਇਆ। ਰਾਣਾ ਪ੍ਰਤਾਪ ਨੇ ਮੁਗ਼ਲ ਬਾਦਸ਼ਾਹ ਅਕਬਰ ਦੀਆਂ ਚੁਣੌਤੀਆਂ ਦਾ ਹਮੇਸ਼ਾ ਡਟ ਕੇ ਸਾਹਮਣਾ ਕੀਤਾ ਤੇ ਉਸ ਨੂੰ ਪਲਟਵਾਂ ਜਵਾਬ ਵੀ ਦਿੱਤਾ। ਉਸ ਨੇ ਆਖ਼ਰੀ ਸਾਹਾਂ ਤਕ ਮੁਗ਼ਲਾਂ ਦੀ ਈਨ ਨਹੀਂ ਮੰਨੀ।
ਪ੍ਰਤਾਪ ਸਿੰਘ ਸਿਸੋਦੀਆ ਦਾ ਜੀਵਨ ਬਚਪਨ ਤੋਂ ਹੀ ਆਪਣੇ ਰਾਜ ਪ੍ਰਤੀ ਸਮਰਪਿਤ ਰਿਹਾ। ਰਾਣਾ ਉਦੈ ਸਿੰਘ ਦੀ ਮੌਤ ਤੋਂ ਬਾਅਦ 28 ਫ਼ਰਵਰੀ 1572 ਨੂੰ ਸਥਾਨਕ ਮੰਤਰੀਆਂ ਨੇ ਰਾਣਾ ਪ੍ਰਤਾਪ ਦਾ ਰਾਜ ਤਿਲਕ ਕੀਤਾ। ਉਸ ਸਮੇਂ ਅਕਬਰ ਪੂਰੇ ਰਾਜਪੂਤਾਨੇ ’ਤੇ ਆਪਣਾ ਸ਼ਾਸਨ ਕਾਇਮ ਕਰਨਾ ਚਾਹੁੰਦਾ ਸੀ ਤੇ ਮੇਵਾੜ ਨੂੰ ਛੱਡ ਕੇ ਬਾਕੀ ਰਿਆਸਤਾਂ ਉਸ ਦੀ ਅਧੀਨਤਾ ਸਵੀਕਾਰ ਕਰ ਚੁੱਕੀਆਂ ਸਨ। ਅਨੇਕਾਂ ਰਾਜੇ ਉਸ ਨੂੰ ਆਪਣੀ ਲੜਕੀ ਦੇ ਕੇ ਰਿਸ਼ਤੇਦਾਰੀ ਕਾਇਮ ਕਰ ਰਹੇ ਸਨ। ਮਹਾਰਾਣਾ ਪ੍ਰਤਾਪ ਦੇ ਭਰਾ ਸ਼ਕਤੀ ਸਿੰਘ, ਜਰਾਮਾਲ ਤੇ ਸਾਗਰ ਸਿੰਘ, ਅਕਬਰ ਦੀ ਨੌਕਰੀ ਕਰਦੇ ਸਨ। ਪ੍ਰਤਾਪ ਉਨ੍ਹਾਂ ਦੇ ਇਸ ਵਰਤਾਰੇ ਤੋਂ ਦੁਖੀ ਸੀ। ਅਕਬਰ ਨੇ ਰਾਣਾ ਪ੍ਰਤਾਪ ਨਾਲ ਸ਼ਾਂਤੀ ਸਮਝੌਤਾ ਕਰਨ ਲਈ ਛੇ ਰਾਜਨੀਤਕ ਮਿਸ਼ਨ ਮੇਵਾੜ ਭੇਜੇ ਪਰ ਗੱਲ ਸਿਰੇ ਨਾ ਚੜ੍ਹੀ। ਇਸ ਪਿੱਛੋਂ ਮੁਗ਼ਲਾਂ ਅਤੇ ਰਾਜਪੂਤਾਂ ਵਿੱਚ ਜੰਗ ਅਟੱਲ ਹੋ ਗਈ।
1576 ਵਿੱਚ ਛੇ ਹਜ਼ਾਰ ਮੁਗ਼ਲ ਸੈਨਾ ਰਾਜਾ ਮਾਨ ਸਿੰਘ (ਰਾਜਪੂਤ) ਤੇ ਆਸਫ ਖ਼ਾਨ ਦੀ ਅਗਵਾਈ ਹੇਠ ਮੇਵਾੜ ਪੁੱਜੀ। ਰਾਣਾ ਪ੍ਰਤਾਪ ਦੀ ਸੈਨਾ ਮੁਗ਼ਲਾਂ ਤੋਂ ਅੱਧੀ ਸੀ। ਉਸ ਦੀ ਫ਼ੌਜ ਦੇ ਕਮਾਂਡਰ ਰਾਮਸ਼ਾਹ ਤੰਵਰ, ਰਾਵਤ ਕ੍ਰਿਸ਼ਨ ਦਾਸ ਚੂੜਾਵਤ, ਮਾਨ ਸਿੰਘ ਝਾਲਾ ਤੇ ਚੰਦਰ ਸੇਨ ਰਾਠੌਰ ਸਨ। ਇਸ ਜੰਗ ਵਿੱਚ ਅਫ਼ਗਾਨ ਫ਼ੌਜ ਤੇ ਭੀਲ ਸੈਨਾ ਨੇ ਵੀ ਮਹਾਰਾਣਾ ਪ੍ਰਤਾਪ ਦਾ ਸਾਥ ਦਿੱਤਾ। ਇਸ ਯੁੱਧ ਵਿੱਚ ਅਕਬਰ ਨੂੰ ਭਾਰੀ ਸੈਨਾ ਹੋਣ ਦੇ ਬਾਵਜੂਦ ਹਾਰ ਦਾ ਮੂੰਹ ਦੇਖਣਾ ਪਿਆ। ਇਸ ਪਿੱਛੋਂ 18 ਜੂਨ 1576 ਨੂੰ ਹਲਦੀ ਘਾਟੀ ਦੀ ਜੰਗ ਹੋਈ। ਇਸ ਜੰਗ ਵਿੱਚ ਵੀ ਰਾਜਪੂਤਾਂ ਦਾ ਪੱਲੜਾ ਭਾਰੀ ਰਿਹਾ ਤੇ ਮੁਗ਼ਲਾਂ ਦਾ ਭਾਰੀ ਨੁਕਸਾਨ ਹੋਇਆ। ਫਿਰ ਅਕਬਰ ਨੇ ਇੱਕ ਲੱਖ ਸੈਨਿਕ ਹੋਰ ਭੇਜ ਦਿੱਤੇ, ਜੋ ਪ੍ਰਤਾਪ ਦੀ ਸੈਨਾ ਉੱਤੇ ਭਾਰੀ ਪਏ। ਰਾਣਾ ਪ੍ਰਤਾਪ ਨੂੰ ਮੈਦਾਨ ਛੱਡ ਕੇ ਅਰਾਵਲੀ ਪਹਾੜਾਂ ਵਿੱਚ ਸ਼ਰਨ ਲੈਣੀ ਪਈ। ਛਾਪਾਮਾਰ ਯੁੱਧ ਦੇ ਡਰ ਕਾਰਨ ਮੁਗ਼ਲ ਫ਼ੌਜ ਨੇ ਰਾਣਾ ਪ੍ਰਤਾਪ ਦਾ ਪਿੱਛਾ ਨਾ ਕੀਤਾ ਪਰ ਮੇਵਾੜ ਦੇ ਵਧੇਰੇ ਇਲਾਕੇ ’ਤੇ ਕਬਜ਼ਾ ਕਰ ਲਿਆ।
ਰਾਣਾ ਪ੍ਰਤਾਪ ਫਿਰ ਵੀ ਡਟਿਆ ਰਿਹਾ। ਉਸ ਨੇ ਕੁੰਭਲਗੜ੍ਹ ਨੂੰ ਆਪਣੀ ਰਾਜਧਾਨੀ ਬਣਾ ਲਿਆ ਤੇ ਜੰਗ ਜਾਰੀ ਰੱਖੀ। ਅਕਬਰ ਨੇ ਖ਼ੁਦ ਜੰਗ ਦੀ ਕਮਾਨ ਸੰਭਾਲ ਲਈ। ਮੁਗ਼ਲ ਫ਼ੌਜ ਨੇ ਉਦੈਪੁਰ, ਕੁੰਭਲਗੜ੍ਹ ਤੇ ਸਾਰੇ ਮੇਵਾੜ ਉੱਤੇ ਕਬਜ਼ਾ ਕਰ ਲਿਆ ਤੇ ਰਾਣਾ ਪ੍ਰਤਾਪ ਨੂੰ ਮੁੜ ਅਰਾਵਲੀ ਪਹਾੜਾਂ ਵੱਲ ਸ਼ਰਨ ਲੈਣੀ ਪਈ। ਅਕਬਰ ਨੇ ਰਾਣਾ ਪ੍ਰਤਾਪ ਦੀ ਮਦਦ ਕਰਨ ਵਾਲੀਆਂ ਜਲੌਰ, ਸਿਰੋਰੀ, ਬਾਂਸਵਾੜਾ, ਡੂੰਗਰਪੁਰ ਤੇ ਬੂੰਦੀ ਆਦਿ ਰਿਆਸਤਾਂ ਉੱਤੇ ਵੀ ਕਬਜ਼ਾ ਕਰ ਲਿਆ। ਇਨ੍ਹਾਂ ਰਾਜਿਆਂ ਨੇ ਅਕਬਰ ਦੀ ਅਧੀਨਤਾ ਸਵੀਕਾਰ ਕਰ ਲਈ। ਅਕਬਰ ਨੂੰ ਰਾਜਪੂਤਾਨੇ ਵਿੱਚ ਰੁੱਝਿਆ ਵੇਖ ਕੇ 1579 ਵਿੱਚ ਬੰਗਾਲ ਤੇ ਬਿਹਾਰ ਦੇ ਸੂਬੇਦਾਰਾਂ ਨੇ ਬਗ਼ਾਵਤ ਕਰ ਦਿੱਤੀ ਤੇ ਅਕਬਰ ਦੇ ਮਤਰੇਏ ਭਰਾ ਤੇ ਕਾਬਲ ਦੇ ਸੂਬੇਦਾਰ ਮਿਰਜ਼ਾ ਹਕੀਮ ਨੇ ਪੰਜਾਬ ਵਿੱਚ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਮੁਗ਼ਲ ਕਮਾਂਡਰ ਇਹ ਬਗ਼ਾਵਤਾਂ ਨਾ ਦਬਾ ਸਕੇ ਤਾਂ ਅਕਬਰ ਨੂੰ ਖ਼ੁਦ ਉਸ ਪਾਸੇ ਜਾਣਾ ਪਿਆ। ਉਹ ਅਗਲੇ 12 ਸਾਲ ਲਾਹੌਰ, ਸੂਬਾ ਸਰਹੱਦ ਤੇ ਹੋਰ ਮਸਲਿਆਂ ਵਿੱਚ ਉਲਝਿਆ ਰਿਹਾ ਤੇ ਰਾਣਾ ਪ੍ਰਤਾਪ ਵੱਲ ਧਿਆਨ ਨਾ ਦੇ ਸਕਿਆ। ਇਸ ਦਾ ਫਾਇਦਾ ਉਠਾ ਕੇ ਰਾਣਾ ਪ੍ਰਤਾਪ ਨੇ ਮੁਗ਼ਲ ਫ਼ੌਜ ਨੂੰ ਮਾਰ ਭਜਾਇਆ ਤੇ ਚਿਤੌੜ ਨੂੰ ਛੱਡ ਕੇ ਉਦੈਪੁਰ ਤੇ ਕੁੰਭਲਗੜ੍ਹ ਸਮੇਤ ਸਾਰੇ ਮੇਵਾੜ ਉਤੇ ਮੁੜ ਕਬਜ਼ਾ ਕਰ ਲਿਆ। ਉਸ ਨੇ ਡੂੰਗਰਪੁਰ ਦੇ ਨਜ਼ਦੀਕ ਨਵੀਂ ਰਾਜਧਾਨੀ ਚਾਵੰਡ ਬਣਾ ਲਈ ਪਰ ਉਸ ਨੂੰ ਜ਼ਿਆਦਾ ਸਮਾਂ ਰਾਜ ਭੋਗਣਾ ਨਸੀਬ ਨਾ ਹੋਇਆ। ਉਹ ਸ਼ਿਕਾਰ ਖੇਡਦੇ ਸਮੇਂ ਘੋੜੇ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਇਸ ਕਾਰਨ 28 ਜਨਵਰੀ, 1597 ਨੂੰ 57 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।
ਰਾਣਾ ਪ੍ਰਤਾਪ ਦੀ ਮੌਤ ’ਤੇ ਅਕਬਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਚਾਵੰਡ ਵਿੱਚ ਉਸ ਦੇ ਅੰਤਿਮ ਸਸਕਾਰ ਵਾਲੀ ਜਗ੍ਹਾ ’ਤੇ ਸਮਾਰਕ ਵਜੋਂ ਛਤਰੀ ਬਣੀ ਹੋਈ ਹੈ। ਪੂਰੇ ਵਿਸ਼ਵ ਵਿੱਚ ਮਹਾਰਾਣਾ ਪ੍ਰਤਾਪ ਨੂੰ ਭਾਰਤ ਦੇਸ਼ ਦੇ ਮਹਾਨ ਸੂਰਬੀਰ ਤੇ ਅਣਖੀ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ।
 
Top