ਤਮੰਨਾਂ ਹੈ ਦਿਲੋਂ ਮੇਰੀ

ਤਮੰਨਾਂ ਹੈ ਦਿਲੋਂ ਮੇਰੀ
ਜੋ ਕਾਲੀ ਰਾਤ ਹੈ ਉਸਦੀ, ਦੀਵਾਲੀ ਰਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i
ਲਿਆਵੇ ਹੁਸਨ ਜੋ ਮੁੱਖ ਤੇ, ਕੋਈ ਪਰਭਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਬਹਾਨਾ ਧਰਤ ਨੂੰ ਲਾ ਕੇ, ਸਦਾ ਸਾਗਰ ਤੇ ਵਰ੍ਹ ਜਾਣਾ,ਕਰੇਂ ਤੂੰ ਸਿਤਮ ਕਿਓਂ ਐਸਾ,
ਕਿ ਦਿਲ ਦੀ ਔੜ ਧਰਤੀ ਤੇ,ਤੇਰੀ ਬਰਸਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਖਤਾ ਮੇਰੀ ਨਹੀਂ ਦੱਸਦੇ, ਨਾ ਐਪਰ ਬਖਸ਼ਦੇ ਮੈਨੂੰ, ਤੇ ਰਹਿੰਦੇ ਬੇਰੁਖੀ ਕਰਦੇ,
ਦਵੇ ਕੋਈ ਸਜਾ ਭਾਵੇਂ, ਉਦ੍ਹੀ ਪਰ ਝਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਗਜ਼ਲ ਮੇਰੀ ਸੁਣਾ ਜਾਂਦੇ,ਉਹ ਆ ਕੇ ਮਹਿਫਲਾਂ ਅੰਦਰ,ਇਵੇਂ ਪਰ ਹੋ ਨਹੀਂ ਸਕਿਆ,
ਗਜ਼ਲ ਦੀ ਸਤਰ ਹੀ ਕੋਈ, ਉਦ੍ਹੀ ਸੌਗਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਕਿ ਜਿੱਥੇ ਖਿੜਣ ਸਭ ਕਲੀਆਂ,ਅਤੇ ਫੁੱਲ ਮਹਿਕਦੇ ਹੋਵਣ,ਹਿਫ਼ਾਜ਼ਤ ਵੀ ਕਰੇ ਕਾਦਰ,
ਖ਼ੁਦਾ ਹਰ ਬਸ਼ਰ ਦੀ ਐਸੀ, ਹਮੇਸ਼ਾਂ ਜ਼ਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਹਮੇਸ਼ਾਂ ਫ਼ਰਜ਼ ਦੇ ਆਰੇ, ਸੀ ਰਹਿੰਦੇ ਚੀਰਦੇ ਮੈਨੂੰ, ਮੇਰਾ ਵਜੂਦ ਹੀ ਮਿਟਿਆ,
ਜਿਦ੍ਹੇ ਵਿੱਚ ਪਾ ਲਵਾਂ ਖੁਦ ਨੂੰ, ਕੋਈ ਹਾਲਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਦਬਾ ਕੇ ਦਿਲ ‘ਚ ਹੀ ਰੱਖਿਆ,ਸਦਾ ਰੀਝਾਂ ਤੇ ਸੱਧਰਾਂ ਨੂੰ,ਤੂੰ ਹੋਂਠੀ ਆਉਣ ਨਈ ਦਿੱਤਾ,
ਜੋ ਸਮਝੇਂ ਦਿਲ ਦੀਆਂ ਰਮਜ਼ਾਂ , ਖ਼ੁਦਾ ਦੀ ਦਾਤ ਹੋ ਜਾਵੇ, ਤਮੰਨਾਂ ਹੈ ਦਿਲੋਂ ਮੇਰੀ i

ਸਮੁੰਦਰ ਦਿਲ ਦਾ ਹੈ ਡੂੰਗਾ, ਸਤ੍ਹਾ ਤੇ ਠਹਿਰਿਆ ਲੱਗਦਾ,ਤੂਫਾਨੀ ਹੈ ਬੜਾ ਅੰਦਰੋਂ,
ਤਬਾਹੀ ਕਰਨ ਤੋਂ ਪਹਿਲਾਂ, ਕਿਤੇ ਇਹ ਸ਼ਾਂਤ ਹੋ ਜਾਵੇ , ਤਮੰਨਾਂ ਹੈ ਦਿਲੋਂ ਮੇਰੀ i
ਆਰ.ਬੀ.ਸੋਹਲ​
 
Top