ਅਰਥਾਂ ਦਾ ਜੰਗਲ - ਅਮਰਦੀਪ ਗਿੱਲ

ਅਰਥਾਂ ਦਾ ਜੰਗਲ
- ਅਮਰਦੀਪ ਗਿੱਲ
************
ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ
ਪਰ ਮੇਰੇ ਲਈ ਧਰਮ
ਮੇਰਾ ਉਹ ਨਿੱਕਾ ਜਿਹਾ ਕੁੜਤਾ ਹੈ
ਜਿਸ ਨੂੰ ਮੈਂ ਨਿੱਕੇ ਹੁੰਦੇ ਪਾਉਂਦਾ ਹੁੰਦਾ ਸੀ
ਹੁਣ ਇਹ ਕਿਸੇ ਵੀ ਤਰਾਂ
ਮੇਰੇ ਮੇਚ ਦਾ ਨਹੀ ਰਿਹਾ

ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ
ਪਰ ਕੰਮੀਆ ਦੇ ਜਵਾਕਾ ਲਈ ਧਰਮ
ਬੇਹੇ ਕੜਾਹ ਦੀਆਂ ਭਰੀਆਂ ਬਾਟੀਆਂ ਹਨ
ਫੁਟਪਾਥਾਂ ਦੇ ਵਾਸੀਆਂ ਲਈ ਧਰਮ ਦੇ ਅਰਥ
ਸੂਦਖੋਰ ਸੇਠਾਂ-ਸਰਦਾਰਾਂ ਦੁਆਰਾ ਚਲਾਏ ਅਤੁਟ ਲੰਗਰ ਹਨ

ਤੁਸੀਂ ਇਸ ਨੂੰ ਕਿੰਨੀ ਵੀ ਸ਼ਰਧਾ ਨਾਲ ਸੋਚੋ
ਪਰ ਪਾਠੀ ਲਈ ਧਰਮ
ਗੁਰਦੁਆਰਾ ਕਮੇਟੀ ਵੱਲੋਂ ਮਿਲਦੀ ਤਨਖਾਹ ਹੈ
ਜਿਸ ਨਾਲ ਪਾਲਦਾ ਹੈ ਉਹ ਆਪਣਾ ਟੱਬਰ
ਧਰਮ, ਮੱਥਾ ਟੇਕਨ ਲਈ ਝੁਕੀ ਔਰਤ ਦੇ
ਗਲਮੇ ਦੇ ਅੰਦਰ ਤੱਕ ਗਈ
ਪੰਡਤ ਜੀ ਮਹਾਰਾਜ ਦੀ ਤਿਰਛੀ ਨਜਰ ਹੈ
ਧਰਮ ਪਾਦਰੀਆਂ ਦੇ ਹੱਥ ਵਿੱਚ ਫੜੀ ਤਲਵਾਰ ਹੈ
ਜਿਸ ਨਾਲ ਉਹ ਵੱਢ ਸਕਦੇ ਹਨ
ਕਿਸੇ ਦੀ ਵੀ ਗਰਦਨ
ਵਿਗਿਆਨ ਦੀ ਖੋਜ ਕਰਨ ਦੇ ਜੁਰਮ ਵਿੱਚ

ਧਰਮ ਹਾਕਮਾ ਦੇ ਤਖਤੇ ਦਾ ਪਾਵਾ ਹੈ
ਧਰਮ "ਪਾੜੋ ਤੇ ਰਾਜ ਕਰੋ"
ਦੀ ਨੀਤੀ ਦਾ ਮੂਲ ਮੰਤਰ ਹੈ
ਧਰਮ ਇਬਾਦਤਗਾਹਾਂ ਨੂੰ
ਕਤਲਗਾਹਾਂ ਬਨਾਉਣ ਵਾਲਿਆਂ ਦੀ ਰਖੇਲ ਹੈ
ਧਰਮ, ਦਿਖ ਅਤੇ ਪੁਸ਼ਾਕ ਦੇ ਨਾ ਹੇਠ
ਇਨਸਾਨਾ ਨਾਲ ਕੀਤਾ ਸਾਜਿਸ਼ੀ ਮਖੌਲ ਹੈ

ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ
ਪਰ ਦਿੱਲੀ ਚ ਟੈਕਸੀ ਚਲਾਉਂਦੇ ਹਰਨਾਮ ਸਿੰਘ ਲਈ
ਧਰਮ ਗਲੇ ਚ ਪਾਇਆ ਮੱਚਦਾ ਟਾਇਰ ਹੈ
ਧਰਮ ਚਾਂਦਨੀ ਚੌਕ ਚ ਰੁਲਦੀ
ਬਾਬੇ ਕਿਸ਼ਨੇ ਦੀ ਪੱਗ ਹੈ

ਤੁਸੀਂ ਜੋ ਮਰਜੀ ਸਮਝੀ ਜਾਉ
ਪਰ ਇਸ ਦੇ ਅਰਥ
ਬੱਸ ਵਿਚੋਂ ਲਾਹ ਕੇ ਮਾਰੇ ਗਏ
ਸੋਹਣ ਦੇ ਮਾਪਿਆਂ ਲਈ ਸਿਰਫ
ਸਟੇਨਗੰਨਾ ਵਾਲੇ ਅੱਤਵਾਦੀਆਂ ਤੱਕ ਸੀਮਤ ਨੇ
ਧਰਮ ਲਾਸ਼ਾਂ ਦਾ ਭਰਿਆ ਚਨਾਬ ਹੈ
ਧਰਮ, ਲਹੂ -ਲੁਹਾਣ ਸਤਲੁਜ ਹੈ
ਧਰਮ, ਪੰਜਾਬ ਦੀ ਧਰਤੀ ਦੇ
47 ਵਿਚ ਹੋਏ ਦੋ ਟੋਟਿਆਂ ਦਾ ਕਾਰਨ ਹੈ
ਧਰਮ, ਮਨੁਖਤਾ ਦੇ ਗਲ ਤੇ ਲਟਕਾਈ ਤਲਵਾਰ ਹੈ

ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ
ਧਰਮ "ਅੱਲਾ ਹੂ ਅਕਬਰ" ਦੀ ਆਵਾਜ ਤੋਂ ਡਰਦੇ
ਰਫਿਊਜੀਆਂ ਦੇ ਕਾਫਲੇ ਹਨ
ਧਰਮ "ਬੋਲੇ ਸੋ ਨਿਹਾਲ" ਤੋਂ ਭੈਭੀਤ
ਹਿੰਦੂ ਵੀਰਾਂ ਦਾ ਟਰੱਕ ਚ ਲੱਦਿਆ ਸਾਮਾਨ ਹੈ
ਧਰਮ "ਹਰ ਹਰ ਮਹਾਂਦੇਵ ਦੇ ਜੈਕਾਰਿਆਂ" ਤੋਂ ਡਰਕੇ
ਕਾਨਪੁਰ ਚ ਰਹਿੰਦੇ ਸਤਨਾਮੇ ਦੇ ਕਟਵਾਏ ਵਾਲ ਹਨ

ਤੁਸੀਂ ਗਰੰਥ ਪੜੋ ਜਾਂ ਟੱਲ ਖੜਕਾੳ
ਕਲਮਾ ਪੜੋ ਜਾਂ ਵੁਜੂ ਕਰੋ
ਪਰ ਅਸੀਂ ਜਾਣਦੇ ਹਾਂ
ਥੋਡੇ ਲਈ ਧਰਮ ਸ਼ਤਰੰਜ ਹੈ
ਤੇ ਅਸੀਂ ਸਿਰਫ ਮੋਹਰੇ ਹਾਂ
ਚਾਲਾਂ ਤੁਸੀਂ ਚਲਦੇ ਹੋ
ਮਰਦੇ ਅਸੀਂ ਹਾਂ
ਸ਼ਹਿ ਤੁਸੀਂ ਦਿੰਦੇ ਹੋ ਇਕ ਦੂਜੇ ਨੂੰ
ਤਰਹਿ ਅਸੀਂ ਜਾਂਦੇ ਹਾਂ
ਧਰਮ ਥੋਡੇ ਲਈ ਮਨ ਚਾਹੇ ਫੁਲਾਂ ਦਾ ਬਾਗ ਹੈ
ਪਰ ਸਾਡੇ ਲਈ ਮਹਿਜ ਅਰਥਾਂ ਦਾ ਜੰਗਲ
ਜਿਸ ਵਿਚ ਉਲਝ ਕੇ ਰਹਿ ਜਾਂਦੀ ਹੈ
ਸਾਡੀ ਬਹੁਗਿਣਤੀ ਦੀ ਸੋਚ
ਤੁਸੀਂ ਇਸ ਦੇ ਅਰਥ ਕੁਝ ਵੀ ਲੈ ਸਕਦੇ ਹੋ
 
Top