ਮਸਤਕ ‘ਚੋਂ ਨ੍ਹੇਰਿਆਂ ਨੂੰ ਹਟਾਉਂਦਾ ਕੋਈ-ਕੋਈ

ਗਜ਼ਲ
ਮਸਤਕ ‘ਚੋਂ ਨ੍ਹੇਰਿਆਂ ਨੂੰ ਹਟਾਉਂਦਾ ਕੋਈ-ਕੋਈ i
ਦਿਲ ਨੂੰ ਗਮਾਂ ਦੇ ਘੁਣ ਤੋਂ ਬਚਾਉਂਦਾ ਕੋਈ-ਕੋਈ i

ਧੁੰਦਲਾ ਗਿਆ ਹੈ ਚਿਹਰਾ ਤੇ ਸ਼ੀਸ਼ੇ ਨੂੰ ਕੋਸਦੇ,
ਪਰ ਧੂੜ ਚਿਹਰਿਆਂ ਤੋਂ ਹਟਾਉਂਦਾ ਕੋਈ-ਕੋਈ i

ਦੁੱਖ, ਦਰਦ, ਕਤਲ ਕੰਨੀ ਹੀ ਪੈਂਦੇ ਨੇ ਦਿਨ ਚੜੇ,
ਸ਼ੁਭ ਖਬਰ ਪਰ ਸਵੇਰੇ ਸੁਣਾਉਂਦਾ ਕੋਈ-ਕੋਈ i

ਬੁੱਲੇ ਤੇ ਸ਼ਾਹ ਇਨਾਅਤ ਨੂੰ ਲੋਕੀਂ ਭੁਲਾ ਰਹੇ,
ਦਿਲਬਰ ਨੂੰ ਬਣਕੇ ਕੰਜਰੀ ਮਨਾਉਂਦਾ ਕੋਈ-ਕੋਈ i

ਮੱਖੀਆਂ ਦੇ ਡੂਮਣੇ ਨੂੰ ਉਹ ਮੌਜਾਂ ‘ਚ ਛੇੜਦੇ,
ਪਰ ਹੁਣ ਉਨ੍ਹਾਂ ਦੇ ਡੰਗ ਤੋਂ ਬਚਾਉਂਦਾ ਕੋਈ-ਕੋਈ i

ਮਿਲਦੇ ਨੇ ਰੋਜ ਤਗਮੇ ਵੀ ਪੈਸੇ ਦੇ ਜੋਰ ਤੇ,
ਆਪਣੇ ਨੂੰ ਯੋਗ ਇਸਦੇ ਬਣਾਉਂਦਾ ਕੋਈ-ਕੋਈ i

ਪੱਥਰਾਂ ਨੂੰ ਵੇਖ ਕੇ ਉਹ ਵੀ ਪੱਥਰਾਂ ਦੇ ਹੋ ਗਏ,
ਪੱਥਰਾਂ ਨੂੰ ਮੋਮ ਬਣਨਾ ਸਿਖਾਉਂਦਾ ਕੋਈ-ਕੋਈ i

ਰੰਗ ਬੇਵਫਾਈ ਵਾਲੇ ਹੀ ਮਹਿੰਦੀ ‘ਚ ਘੁਲ ਗਏ,
ਹੁਣ ਪਰ ਵਫ਼ਾ ਦੀ ਮਹਿੰਦੀ ਲਗਾਉਂਦਾ ਕੋਈ-ਕੋਈ i

ਦਿਲ ਵਿਚ ਨੇ ਜੋ ਅੰਗਾਰੇ ਉਹ ਨੈਣਾਂ ‘ਚੋਂ ਚਮਕਦੇ,
ਨਜ਼ਰਾਂ ਦੇ ਨਾਲ ਨਜ਼ਰਾਂ ਮਿਲਾਉਂਦਾ ਕੋਈ-ਕੋਈ i
ਆਰ.ਬੀ.ਸੋਹਲ​
 
Top