ਵਾਹ ਵਾਹ ਰਮਜ਼ ਸਜਣ ਦੀ ਹੋਰ

BaBBu

Prime VIP
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਬਿਨਾਂ ਨਾ ਸਮਝੇ ਕੋਰ ।

ਕੋਠੇ ਤੇ ਚੜ੍ਹ ਦੇਵਾਂ ਹੋਕਾ, ਇਸ਼ਕ ਵਿਹਾਜਿਉ ਕੋਈ ਨਾ ਲੋਕਾ,
ਇਸ ਦਾ ਮੂਲ ਨਾ ਖਾਣਾ ਧੋਖਾ, ਜੰਗਲ ਬਸਤੀ ਮਿਲੇ ਨਾ ਠੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਆਸ਼ਕ ਦੋਹੀਂ ਜਹਾਨੀਂ ਮੁੱਠੇ, ਨਾਜ਼ ਮਸ਼ੂਕਾਂ ਦੇ ਉਹ ਕੁੱਠੇ,
ਇਸ਼ਕ ਦਾ ਫੱਟਿਆ ਕੋਈ ਨਾ ਛੁੱਟੇ, ਕੀਤੋ ਸੂ ਬਾਂਦਾ ਫੱਟ ਫਲੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਦੇ ਦੀਦਾਰ ਹੋਇਆ ਜਦ ਰਾਹੀ, ਅਚਣਚੇਤ ਪਈ ਗਲ ਫਾਹੀ,
ਡਾਢੀ ਕੀਤੀ ਲਾਪਰਵਾਹੀ, ਮੈਨੂੰ ਮਿਲ ਗਿਆ ਠੱਗ ਲਾਹੌਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਸ਼ੀਰੀਂ ਹੈ ਬਿਰਹੋਂ ਦਾ ਖਾਣਾ, ਕੋਹ ਚੋਟੀ ਫਰਹਾਦ ਨਿਮਾਣਾ,
ਯੂਸਫ਼ ਮਿਸਰ ਬਜ਼ਾਰ ਵਿਕਾਣਾ, ਉਸ ਨੂੰ ਨਾਹੀਂ ਵੇਖਣ ਕੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਲੈਲਾ ਮਜਨੂੰ ਦੋਵੇਂ ਬਰਦੇ, ਸੋਹਣੀ ਡੁੱਬੀ ਵਿਚ ਬਹਿਰ ਦੇ,
ਹੀਰ ਵੰਝਾਏ ਸੱਭੇ ਘਰ ਦੇ, ਇਸ ਦੀ ਖਿੱਚੀ ਮਾਹੀ ਡੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਆਸ਼ਕ ਫਿਰਦੇ ਚੁੱਪ ਚੁਪਾਤੇ, ਜੈਸੇ ਮਸਤ ਸਦਾ ਮਧ ਮਾਤੇ,
ਦਾਮ ਜ਼ੁਲਫ ਦੇ ਅੰਦਰ ਫਾਥੇ, ਓਥੇ ਚੱਲੇ ਵੱਸ ਨਾ ਜ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਜੇ ਉਹ ਆਣ ਮਿਲੇ ਦਿਲਜਾਨੀ, ਉਸ ਤੋਂ ਜਾਨ ਕਰਾਂ ਕੁਰਬਾਨੀ,
ਸੂਰਤ ਦੇ ਵਿਚ ਯੂਸਫ਼ ਸਾਨੀ, ਆਲਮ ਦੇ ਵਿਚ ਜਿਸ ਦਾ ਸ਼ੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।

ਬੁੱਲ੍ਹਾ ਸ਼ਹੁ ਕੋਈ ਨਾ ਵੇਖੇ, ਜੋ ਵੇਖੇ ਸੋ ਕਿਸੇ ਨਾ ਲੇਖੇ,
ਉਸ ਦਾ ਰੰਗ ਰੂਪ ਨਾ ਰੇਖੇ, ਉਹ ਈ ਹੋਵੇ ਹੋ ਕੇ ਚੋਰ ।
ਵਾਹ ਵਾਹ ਰਮਜ਼ ਸਜਣ ਦੀ ਹੋਰ ।
ਆਸ਼ਕ ਬਿਨਾਂ ਨਾ ਸਮਝੇ ਕੋਰ । ਵਾਹ ਵਾਹ ਰਮਜ਼ ਸਜਣ ਦੀ ਹੋਰ ।
 
Top