ਭਗਤ ਰਵਿਦਾਸ ਨੂੰ ਸ਼ਰਧਾਂਜਲੀ

BaBBu

Prime VIP
ਚੋਜਾਂ ਵਾਲਿਆ ਗੁਰੂ ਰਵਿਦਾਸ ਜੀਓ,
ਤੈਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਾਂ ।
ਤੇਰੀ ਯਾਦ ਵਿਚ ਬੈਠਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਾਂ ।
ਤੇਰੀ ਸੋਹਣੀ ਤਸਵੀਰ 'ਤੇ ਨੀਝ ਲਾ ਕੇ,
ਦਰਸ਼ਨ ਰੱਜ ਕੇ ਪਾਉਣ ਨੂੰ ਜੀਅ ਕਰਦਾ ।
ਤੇਰੀ ਦਰੇ-ਦਹਿਲੀਜ਼ 'ਤੇ ਰਗੜ ਮੱਥਾ,
ਮੁੜਕੇ ਕਿਸਮਤ ਬਣਾਉਣ ਨੂੰ ਜੀਅ ਕਰਦਾ ।
ਤੇਰੀ ਰੰਬੀ ਨੇ ਜ਼ੁਲਮ ਦੀ ਖੱਲ ਲਾਹੀ,
ਤੇਰੀ ਸੂਈ ਨੇ ਦੁੱਖਾਂ ਦੇ ਫੱਟ ਸੀਤੇ ।
ਤੇਰੇ ਟਾਂਕਣੇ ਨੇ ਲਾਇਆ ਅਜਬ ਟਾਂਕਾ,
ਸਾਕਤ ਮੋਮ ਦੇ ਵਾਂਗਰਾ ਲੱਟ ਕੀਤੇ ।
ਜਿਹੜੀ ਗੰਗਾ ਦੇ ਦਰਸ਼ਨ ਨੂੰ ਜਾਣ ਲੋਕੀਂ,
ਤੇਰੇ ਕੋਲੋਂ ਉਹ ਕੌਡੀਆਂ ਮੰਗਦੀ ਸੀ ।
ਜਿਥੇ ਲੋਕ ਮਸਾਂ ਮਰ ਮਰ ਕੇ ਅੱਪੜਦੇ ਨੇ,
ਤੇਰੇ ਪੱਥਰ ਦੇ ਹੇਠਾਂ ਦੀ ਲੰਘਦੀ ਸੀ ।
ਮੈਨੂੰ ਜਾਪਦਾ ਏ ਤੇਰੀ ਜੋਤ ਸਦਕਾ,
ਅਛੂਤ ਜਾਤੀਆਂ ਦੀ ਜੋਤ ਜਗਦੀ ਏ ।
ਤੇਰੀ ਜੋਤ 'ਚੋਂ ਨਿਕਲਕੇ ਲਾਟ ਤੱਤੀ,
ਸਿਧੀ ਜ਼ੁਲਮ ਦੇ ਸੀਨੇ ਨੂੰ ਲੱਗਦੀ ਏ ।
ਮੈਨੂੰ ਜਾਪਦਾ ਏ ਜ਼ੁਲਮ ਦੀ ਅੱਗ ਅੰਦਰ,
ਅੰਮ੍ਰਿਤ ਸੀ ਤਾਂ ਤੇਰੀ ਤਾਸੀਰ ਦਾ ਸੀ ।
ਝਗੜਾ ਨਹੀਂ ਸੀ ਛੂਤ-ਅਛੂਤ ਵਾਲਾ,
ਸਾਰਾ ਝਗੜਾ ਗਰੀਬ ਅਮੀਰ ਦਾ ਸੀ ।
ਮੇਰੇ ਦਾਤਿਆ ਤੇਰੇ ਹੀ ਦੇਸ ਅੰਦਰ,
ਤੇਰੇ ਬੰਦਿਆਂ ਦਾ ਕੌਡੀ ਮੁੱਲ ਨਹੀਓਂ ।
ਪੈਸੇ ਵਾਲੜੇ ਦੇ ਹੱਥੀਂ ਰੱਬ ਵਿਕਿਆ,
ਜੀਵਨ ਬੰਦੇ ਦਾ ਪੈਸੇ ਦੇ ਤੁੱਲ ਨਹੀਓਂ ।
ਸੀਨਾ ਜੋਰੀ ਤੇ ਚੋਰ ਬਲੈਕੀਆਂ ਦਾ,
ਲੋਹਾ ਚੱਲਦਾ ਏਸ ਜਹਾਨ ਅੰਦਰ ।
ਦਸਾਂ ਨਹੁੰਆਂ ਦੀ ਕਿਰਤ ਦੇ ਕਾਮਿਆਂ ਦਾ,
ਕੌਡੀ ਮੁੱਲ ਨਹੀਂ ਹਿੰਦੁਸਤਾਨ ਅੰਦਰ ।
ਏਥੇ ਧਰਮਾਂ ਤੇ ਮਜ਼ਬਾਂ ਨੇ ਪਾਏ ਪਾੜੇ,
ਇਹਨਾਂ ਬੰਦੇ ਨੂੰ ਬੰਦੇ ਤੋਂ ਵੰਡਿਆ ਏ ।
ਜੇ ਤੂੰ ਨੀਚਾਂ ਤੇ ਊਚਾਂ ਦਾ ਮੇਲ ਕੀਤਾ,
ਇਹਨਾਂ ਧਰਮਾਂ ਨੇ ਏਸ ਨੂੰ ਖੰਡਿਆ ਏ ।
ਤੈਨੂੰ ਤਰਸ ਮਜ਼ਦੂਰ ਮਜ਼ਲੂਮ ਦਾ ਸੀ,
ਨਾਲ ਨੀਵਿਆਂ ਤੇਰੀਆਂ ਯਾਰੀਆਂ ਸੀ ।
ਗੋਹੜੇ ਰੂੰ ਦੇ ਡੁੱਬਦੇ ਪੰਡਤਾਂ ਦੇ,
ਤੇਰੀ ਪਥਰੀ ਵੀ ਲਾਉਂਦੀ ਤਾਰੀਆਂ ਸੀ ।
ਅੱਜ ਫੇਰ ਤੂੰ ਆਪਣੀ ਰੂਹ ਘੱਲਦੇ,
ਨਸ਼ਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ ।
ਊਚ ਨੀਚ ਦਾ ਰੇੜਕਾ ਮੁੱਕ ਜਾਵੇ,
ਪਾਣੀ ਦੁੱਖਾਂ ਤੇ ਜ਼ੁਲਮਾਂ ਦਾ ਸੁੱਕ ਜਾਵੇ ।
 
Top