ਦਿੱਲੀਏ ਦਿਆਲਾ ਵੇਖ

BaBBu

Prime VIP
ਦਿੱਲੀਏ ਦਿਆਲਾ ਵੇਖ ਦੇਗ਼ 'ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।

ਲੋਕਾਂ ਦੀਆਂ ਭੁੱਖਾਂ ਉੱਤੇ ਫ਼ਤਹਿ ਸਾਡੀ ਦੇਗ਼ ਦੀ ।
ਲੋਕਾਂ ਦਿਆਂ ਦੁੱਖਾਂ ਉੱਤੇ ਫ਼ਤਹਿ ਸਾਡੀ ਤੇਗ਼ ਦੀ ।
ਅਸੀਂ ਤਾਂ ਆ ਮੌਤ ਦੇ ਚਬੂਤਰੇ 'ਤੇ ਆਣ ਖੜ੍ਹੇ ।
ਇਹ ਤਾਂ ਭਾਵੇਂ ਖੜ੍ਹੇ ਨਾ ਖੜ੍ਹੇ ।

ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ ।
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ ।
ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀਂ,
ਸੌਂਦੇ ਨੇ ਘਰੋੜੇ ਤੇ ਰੜੇ ।

ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ ।
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀਂ ਕਰੋੜ ਨੀ ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ,
ਸਿੰਘ ਤੈਥੋਂ ਜਾਣੇ ਨਾ ਫੜੇ ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ ।
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ।
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜ੍ਹੇ ।

ਦਿੱਲੀਏ ਦਿਆਲਾ ਵੇਖ ਦੇਗ਼ 'ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।
 
Top