ਕੱਲ੍ਹ ਦੀ ਗੱਲ ਬੁਖਾਰੀ ਪਿਆ ਜਿਊਂਦਾ ਸੀ

BaBBu

Prime VIP
ਕੱਲ੍ਹ ਦੀ ਗੱਲ ਬੁਖਾਰੀ ਪਿਆ ਜਿਊਂਦਾ ਸੀ,
ਜਿਹਦੀ ਅੱਜ ਪਏ ਬਰਸੀ ਮਨਾਉਂਦੇ ਨੇ ।
ਟੁਕੜੇ ਚੁਣ ਚੁਣ ਉਹਦੀ ਤਕਰੀਰ ਵਾਲੇ,
ਝੂਮ ਝੂਮ ਕੇ ਸਾਰੇ ਸੁਣਾਉਂਦੇ ਨੇ ।

ਬਾਪੂ ਸਹਿਕ ਮੋਇਆ ਬਾਸੀ ਟੁਕੜਿਆਂ ਨੂੰ,
ਪੁੱਤਰ ਪੂੜੀਆਂ ਦਾਨ ਕਰਾਉਂਦੇ ਨੇ ।
ਜਿਊਂਦੀ ਜਾਨ ਰਹੀਆਂ ਲੀਰਾਂ ਤਨ ਉੱਤੇ,
ਮੋਇਆਂ ਬਾਅਦ ਪਏ ਚਾਦਰ ਚੜ੍ਹਾਉਂਦੇ ਨੇ ।

ਜਿਊਂਦੀ ਜਾਨ ਨਾ ਕੋਠੜੀ ਰਹਿਣ ਲਈ ਸੀ,
ਹੁਣ ਮਕਬਰੇ ਪਏ ਬਣਾਉਂਦੇ ਨੇ ।
ਜਿਊਂਦੀ ਜਾਨ ਸੁਖ-ਚੈਨ ਨਾ ਲੈਣ ਦਿੱਤਾ,
ਮੋਇਆਂ ਬਾਅਦ ਦਰੂਦ ਪੁਚਾਉਂਦੇ ਨੇ ।

ਦਾਨਿਸ਼ਵਰਾਂ ਨੂੰ ਸਦਾ ਖ਼ਵਾਰ ਕਰਦੇ,
ਭੁੱਖਾ ਮਾਰਦੇ ਸੂਲੀ ਚੜ੍ਹਾਉਂਦੇ ਨੇ ।
ਆਪਣੇ ਕੀਤੇ 'ਤੇ ਕਦੇ ਨਾ ਸ਼ਰਮ ਆਈ,
ਡੁੱਬ ਮਰਨ 'ਤੇ ਪਛਤਾਉਂਦੇ ਨੇ ।
 
Top