ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ

BaBBu

Prime VIP
ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ,
ਖਿੜਿਆ ਰਹੇ ਤੇਰਾ ਬਾਗ ਬਗੀਚਾ,
ਜਾਗਦੇ ਨੈਣ ਪਰਾਣ

ਤੈਨੂੰ ਕੀ ਦੱਸੀਏ ਨੀ ਕੱਲ੍ਹ ਦੀਏ ਖਿੜੀਏ,
ਉਮਰਾਂ ਦਾ ਇਤਿਹਾਸ,
ਕਿਹੜੇ ਜਨਮ ਦੇ ਅਸੀਂ ਗੁਨਾਹੀ
ਸਾਨੂੰ ਕੌਣ ਵੇਲੇ ਦੀ ਪਿਆਸ
ਘਰੋਂ ਤੁਰੇ ਸੀ ਅਸੀਂ ਸੂਹੇ 'ਤੇ ਸਾਵੇ
ਰਾਹਾਂ ਨੇ ਕੀਤੇ ਵਰਾਨ

ਮਾਵਾਂ ਨੇ ਤੋਰੇ ਸੀ ਚੁੰਮ ਕੇ ਮੱਥੇ
ਦੁੱਧ ਧੋਤੇ ਸੁਰਖ਼ਾਬ
ਦੇਸ ਬੇਗਾਨੇ ਜੋਬਨ ਫੁੱਟਿਆ
ਮੱਥੇ ਤੇ ਫੁੱਟ ਪਏ ਦਾਗ਼
ਹੁਣ ਤਾਂ ਤਨ ਮਨ ਵੇਸ ਵਟਾਏ
ਸਾਨੂੰ ਮਾਂ ਵੀ ਨਾ ਸਕੇ ਪਛਾਣ

ਘਰੋਂ ਤੁਰੇ ਸੀ ਅਸੀਂ ਤੇਰੇ ਵਰਗੇ
ਕਲੀਆਂ ਦੀ ਮੁਸਕਾਣ
ਨਿੱਕੇ ਨਿੱਕੇ ਹਾਸੇ ਤੇ ਨਿੱਕੇ ਨਿੱਕੇ ਰੋਸੇ
ਸਾਡੇ ਬੁੱਲ੍ਹੀਆਂ 'ਚੋਂ ਡੁੱਲ ਡੁੱਲ੍ਹ ਜਾਣ
ਤੇਰੇ ਤੀਕ ਅਪੜਦੇ ਬੁਝ ਗਏ
ਅਸੀਂ ਰਹੇ ਨਾ ਤੇਰੇ ਹਾਣ
ਜਿੰਦੇ ਨੀ ਅਸੀਂ ਅੱਜ ਤੇਰੇ ਮਹਿਮਾਨ,
ਖਿੜਿਆ ਰਹੇ ਤੇਰਾ ਬਾਗ ਬਗੀਚਾ,
ਜਾਗਦੇ ਨੈਣ ਪਰਾਣ।
 
Top