ਸਰਦਾਰ ਭਗਤ ਸਿੰਘ ਦੀ ਘੋੜੀ

BaBBu

Prime VIP
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਬਾਬਲ ਧਰਮੀ ਗਾਂਧੀ ਕਾਜ ਰਚਾਇਆ ਸ਼ੁਭ ਮਹੂਰਤ ਸੋਹਣੇ ਵਾਰ ਵੇ ਹਾਂ ।
ਮੌਤ ਕੁੜੀ ਨੂੰ ਵਿਆਹੁਣ ਚੱਲਿਆ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਹੱਥਕੜੀ ਦਾ ਗਾਨਾ ਫ਼ਰੰਗੀਆਂ ਬੱਧਾ ਲਾੜੇ ਨੂੰ ਸ਼ਿੰਗਾਰ ਵੇ ਹਾਂ ।
ਘੋੜੀ ਤੇ ਮਹਿੰਦੀ ਤੈਨੂੰ ਲਾਈ ਫ਼ਰੰਗੀਆਂ ਗਲ ਫਾਂਸੀ ਦਾ ਸੋਹਣਾ ਹਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਮਾਤਾ ਪਿਆਰੀ ਅੱਜ ਹੰਝੂਆਂ ਦਾ ਪਾਣੀ ਪੀਤਾ ਤੇਰੇ ਉੱਤੋਂ ਵਾਰ ਵੇ ਹਾਂ ।
ਭੈਣ ਪਿਆਰੀ ਦੀਆਂ ਭਰੀਆਂ ਨੇ ਅੱਖਾਂ ਡੁੱਲ੍ਹ ਡੁੱਲ੍ਹ ਪੈਂਦਾ ਵਿੱਚੋਂ ਨੀਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਰਾਜਗੁਰੂ ਸੁਖਦੇਵ ਵੀ ਤੁਰ ਪਏ ਯਾਰਾਂ ਦੇ ਜਿਹੜੇ ਯਾਰ ਵੇ ਹਾਂ ।
ਸ਼ਮਾ ਵਤਨ ਦੇ ਤਿੰਨ ਪ੍ਰਵਾਨੇ ਚੱਲੇ ਸੱਦਣ ਡੋਲਾ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਸਤਲੁਜ ਦੇ ਕੰਢੇ ਤੇਰੀ ਵੇਦੀ ਬਣਾਈ ਲਹਿਰਾਂ ਨੇ ਕੀਤਾ ਹੈ ਸ਼ਿੰਗਾਰ ਵੇ ਹਾਂ ।
ਚਾਲੀ ਕਰੋੜ ਤੇਰੀ ਜੰਞ ਵੇ ਲਾੜਿਆ ਕਈ ਪੈਦਲ ਤੇ ਕਈ ਅਸਵਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਖੜ੍ਹ ਖੜ੍ਹ ਸੋਂਹਦੇ ਗਮ ਨਾ ਕੋਈ ਮੱਥੇ ਤੇ ਲਾਲੀ ਬੇਸ਼ੁਮਾਰ ਵੇ ਹਾਂ ।
ਕੌਮ ਲਈ ਮਿਟਣ ਦਾ ਸ਼ੌਕ ਦਿਲ ਵਿੱਚ ਰਿਹਾ ਰੂਹਾਂ ਤੇ ਠਾਠਾਂ ਮਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਜਦ ਤੱਕ ਚਮਕਣ ਚੰਨ ਤੇ ਤਾਰੇ ਜਦ ਤੱਕ ਰਹੇ ਸੰਸਾਰ ਵੇ ਹਾਂ ।
ਇਸ ਸ਼ਹੀਦ ਦਾ ਨਾਮ ਚਮਕੇ ਸੂਰਜ ਦੀ ਮਾਰੇ ਚਮਕਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।

ਰੱਸੀ ਫਾਂਸੀ ਦੀ ਸ਼ੇਰ ਨੇ ਚੁੰਮਕੇ ਦਿੱਤਾ ਸੂਲੀ ਨੂੰ ਸ਼ਿੰਗਾਰ ਵੇ ਹਾਂ ।
ਬਲਕਾਰੀ ਅਮਰ ਹੋਇਆ ਦੇਸ਼ ਤੇ ਮਿਟਕੇ ਭਗਤ ਸਿੰਘ ਸਰਦਾਰ ਵੇ ਹਾਂ ।
ਆਵੋ ਨੀ ਸਈਓ ਰਲ ਗਾਵੋ ਘੋੜੀਆਂ ਜੰਞ ਤੇ ਹੋਈ ਹੈ ਤਿਆਰ ਵੇ ਹਾਂ ।
 
Top