ਪਿਤਾ ਦੀ ਅਰਦਾਸ

BaBBu

Prime VIP
ਪ੍ਰਭੂ ਜੀ, ਉਹ ਕਦ ਖੁਲ੍ਹਣਾ ਏ ਦੁਆਰਾ
ਆਪੇ ਸਾਜ਼ ਜਿੱਥੇ ਹਰ ਬੂਟਾ
ਆਪੇ ਵਾਵਨਹਾਰਾ

ਰਾਤ ਪਿਤਾ ਉਸ ਦੁਆਰੇ ਲਾਗੇ
ਥੱਕ ਹਾਰ ਕੇ ਬਹਿ ਗਏ
ਬੋਲ ਬੁਲ੍ਹਾਂ 'ਚੋਂ ਮੁਕ ਗਏ ਸਾਰੇ
ਬੁੱਲ੍ਹ ਫਰਕਦੇ ਰਹਿ ਗਏ

ਸਾਗਰ ਦੇ ਵਿਚ ਕਦ ਰਲਣਾ ਏਂ
ਹੋਂਦ ਦਾ ਹੰਝੂ ਖਾਰਾ

ਖੋਲ੍ਹ ਸਮੁੰਦਰ ਪੌਣ ਦੇ
ਮੇਰੇ ਸਾਹਾਂ ਦੇ ਲਈ ਬੂਹੇ
ਬੇਹੀ ਦੇਹੀ ਖ਼ਾਕ 'ਚ ਰਲ ਕੇ
ਫੁੱਲ ਖਿੜੇ ਬਣ ਸੂਹੇ

ਮੈਲਾ ਪਾਣੀ ਬਲ ਕੇ ਹੋਵੇ
ਕਣੀਆਂ ਵਾਂਗ ਕੁਆਰਾ

ਹੁਣ ਨਾ ਹੱਥਾਂ ਪਲੰਘ ਬਣਾਉਣੇ
ਨਾ ਰੰਗਲੇ ਪੰਘੂੜੇ
ਨਾ ਉਹ ਫੱਟੀਆਂ ਜਿਨ੍ਹਾਂ 'ਤੇ ਲਿਖਣੇ
ਬਾਲਾਂ ਪਹਿਲੇ ਊੜੇ

ਹੁਣ ਤਾਂ ਅਪਣੀ ਦੇਹੀ ਰੁੱਖ ਹੈ
ਤੇ ਸਾਹਾਂ ਦਾ ਆਰਾ

ਇਕ ਜੰਗਲ ਹੈ ਜਿਸ ਦੇ ਹਰ ਇਕ
ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ 'ਤੇ ਨਾਮ ਕਿਸੇ ਦਾ
ਇਕ ਬੂਟਾ ਜੀ ਪਰਤੀ

ਉਸ ਜੰਗਲ ਵਿਚ ਚਲਦਾ ਰਹਿੰਦਾ
ਸਾਰੀ ਰਾਤ ਕੁਹਾੜਾ

ਪ੍ਰਭੂ ਜੀ, ਉਹ ਕਦ ਖੁੱਲ੍ਹਣਾ ਏ ਦੁਆਰਾ
ਜਿੱਥੇ ਸਾਜ਼ ਆਪੇ ਹਰ ਬੂਟਾ
ਆਪੇ ਵਾਵਨਹਾਰਾ
 
Top