ਘਰਰ ਘਰਰ

BaBBu

Prime VIP
ਮੈਂ ਛਤਰੀ ਕੁ ਜਿੱਡਾ ਆਕਾਸ਼ ਹਾਂ ਗੂੰਜਦਾ ਹੋਇਆ
ਹਵਾ ਦੀ ਸਾਂ ਸਾਂ ਦਾ ਪੰਜਾਬੀ ਵਿਚ ਅਨੁਵਾਦ ਕਰਦਾ
ਅਜੀਬੋ ਗਰੀਬ ਦਰਖ਼ਤ ਹਾਂ
ਹਜ਼ਾਰਾਂ ਰੰਗ ਬਰੰਗੇ ਫਿਕਰਿਆਂ ਨਾਲ ਵਿੰਨ੍ਹਿਆਂ
ਨਿੱਕਾ ਜਿਹਾ ਭੀਸ਼ਮ ਪਿਤਾਮਾ ਹਾਂ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ?

ਮਹਾਤਮਾ ਬੁੱਧ ਤੇ ਗੁਰੂ ਗੋਬਿੰਦ ਸਿੰਘ
ਪਰਮੋ ਧਰਮ ਅਹਿੰਸਾ ਅਤੇ ਬੇਦਾਗ਼ ਲਿਸ਼ਕਦੀ ਸ਼ਮਸ਼ੀਰ ਦੀ
ਮੁਲਾਕਾਤ ਦੇ ਵੈਨਿਊ ਲਈ ਮੈਂ ਬਹੁਤ ਗ਼ਲਤ ਸ਼ਹਿਰ ਹਾਂ

ਮੇਰੇ ਲਈ ਤਾਂ ਬੀਵੀ ਦੀ ਗਲਵੱਕੜੀ ਵੀ ਕਟਹਿਰਾ ਹੈ
ਕਲਾਸ ਰੂਮ ਦਾ ਲੈਕਚਰ-ਸਟੈਂਡ ਵੀ
ਤੇ ਚੌਰਾਹੇ ਦੀ ਰੇਲਿੰਗ ਵੀ
ਮੈਂ ਤੁਹਾਡੇ ਪ੍ਰਸ਼ਨਾਂ ਦਾ ਕੀ ਉੱਤਰ ਦਿਆਂ ?

ਮੇਰੇ 'ਚੋਂ ਨਹਿਰੂ ਵੀ ਬੋਲਦਾ ਹੈ, ਮਾਓ ਵੀ
ਕ੍ਰਿਸ਼ਨ ਵੀ ਬੋਲਦਾ ਹੈ ਕਾਮੂ ਵੀ
ਵਾਇਸ ਆਫ਼ ਅਮੈਰਿਕਾ ਵੀ, ਬੀ.ਬੀ.ਸੀ. ਵੀ
ਮੇਰੇ 'ਚੋਂ ਬਹੁਤ ਕੁਝ ਬੋਲਦਾ ਹੈ
ਨਹੀਂ ਬੋਲਦਾ ਤਾਂ ਬੱਸ ਮੈਂ ਹੀ ਨਹੀਂ ਬੋਲਦਾ

ਮੈਂ ੮ ਬੈਂਡ ਦਾ ਸ਼ਕਤੀਸ਼ਾਲੀ ਬੁੱਧੀਜੀਵੀ
ਮੇਰੀਆਂ ਨਾੜਾਂ ਦੀ ਘਰਰ ਘਰਰ ਸ਼ਾਇਦ ਮੇਰੀ ਹੈ
ਮੇਰੀਆਂ ਹੱਡੀਆਂ ਦਾ ਤਾਪ ਸੰਤਾਪ ਸ਼ਾਇਦ ਮੌਲਿਕ ਹੈ
ਮੇਰਾ ਇਤਿਹਾਸ ਵਰ੍ਹਿਆਂ 'ਚ ਬਹੁਤ ਲੰਮਾ ਹੈ
ਕਾਰਜਾਂ 'ਚ ਬਹੁਤ ਨਿੱਕਾ:

ਜਦੋਂ ਮਾਂ ਨੂੰ ਖ਼ੂਨ ਦੀ ਲੋੜ ਸੀ
ਮੈਂ ਕਿਤਾਬ ਬਣ ਗਿਆ
ਜਦੋਂ ਪਿਉ ਨੂੰ ਡੰਗੋਰੀ ਚਾਹੀਦੀ ਸੀ
ਮੈਂ ਬਿਜਲੀ ਦੀ ਲੀਕ ਵਾਂਗ ਲਿਸ਼ਕਿਆ ਤੇ ਬੋਲਿਆ:

ਕਪਲ ਵਸਤੂ ਦੇ ਸ਼ੁਧੋਧਨ ਦਾ ਧਿਆਨ ਧਰੋ
ਮਾਛੀਵਾੜੇ ਵੱਲ ਨਜ਼ਰ ਕਰੋ
ਗੀਤਾ ਪੜ੍ਹੀ ਹੈ ਤਾਂ ਵਿਚਾਰੋ ਵੀ :
ਕੁਰੂ ਕਰਮਾਣੀ ਸੰਗਮ ਤਿਕਤਵਾ
ਇਹੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋਂ ਬਾਹਰ ਸੀ

ਰਾਹ ਵਿਚ ਰੂਪੋਸ਼ ਯਾਰ ਮਿਲੇ
ਉਨ੍ਹਾਂ ਪੁੱਛਿਆ:
ਸਾਡੇ ਨਾਲ ਸਲੀਬ ਤੱਕ ਚੱਲੇਂਗਾ–
ਕਾਤਲਾਂ ਦੇ ਕਤਲ ਨੂੰ ਅਹਿੰਸਾ ਸਮਝੇਂਗਾ ?
ਗੁਮਨਾਮ ਬਿਰਖ ਨਾਲ ਪੁੱਠਾ ਲਟਕ ਕੇ
ਮਸੀਹੀ ਅੰਦਾਜ਼ ਵਿਚ
ਸਰਕੜੇ ਨੂੰ ਭਾਸ਼ਨ ਦਵੇਂਗਾ ?

ਉੱਤਰ ਵਜੋਂ ਮੇਰੇ ਅੰਦਰ
ਅਨੇਕਾਂ ਤਸਵੀਰਾਂ ਉਲਝ ਗਈਆਂ
ਮੈਂ ਕਈ ਫ਼ਲਸਫ਼ਿਆਂ ਦਾ ਕੋਲਾਜ ਜਿਹਾ ਬਣ ਗਿਆ
ਤੇ ਅਜਕਲ੍ਹ ਕਹਿੰਦਾ ਫਿਰਦਾ ਹਾਂ:
ਸਹੀ ਦੁਸ਼ਮਣ ਦੀ ਤਲਾਸ਼ ਕਰੋ
ਹਰੇਕ ਆਲਮਗੀਰ ਔਰੰਗਜ਼ੇਬ ਨਹੀਂ ਹੁੰਦਾ
ਜੰਗਲ ਸੁੱਕੇ ਰਹੇ ਨੇ
ਬੰਸਰੀ 'ਤੇ ਮਲਹਾਰ ਵਜਾਓ

ਪ੍ਰੇਤ ਬੰਦੂਕਾਂ ਨਾਲ ਨਹੀਂ ਮਰਦੇ
ਮੇਰੀ ਹਰ ਕਵਿਤਾ ਪ੍ਰੇਤਾਂ ਨੂੰ ਮਾਰਨ ਦਾ ਮੰਤਰ ਹੈ
ਮਸਲਨ ਉਹ ਵੀ
ਜਿਸ ਵਿਚ ਮੁਹੱਬਤ ਆਖਦੀ ਹੈ:

ਮੈਂ ਘਟਨਾ-ਘਿਰੀ ਗੱਡੀ ਦਾ ਅਗਲਾ ਸਟੇਸ਼ਨ ਹਾਂ
ਮੈਂ ਰੇਗਿਸਤਾਨ 'ਤੇ ਬਣਿਆ ਪੁਲ ਹਾਂ
ਮੈਂ ਮਰ ਚੁੱਕੇ ਬੱਚੇ ਦੀ ਤੋਤਲੀ ਤਲੀ 'ਤੇ
ਲੰਮੀ ਉਮਰ ਦੀ ਰੇਖਾ ਹਾਂ
ਮੈਂ ਮੋਈ ਔਰਤ ਦੀ ਰਿਕਾਰਡ ਕੀਤੀ ਹੱਸਦੀ
ਆਵਾਜ਼ ਹਾਂ:
ਆਪਾਂ ਹੁਣ ਕੱਲ੍ਹ ਮਿਲਾਂਗੇ।
 
Top