ਕਦੀ ਜੰਗਲਾਂ ਦੇ ਅੰਦਰ

BaBBu

Prime VIP
ਕਦੀ ਜੰਗਲਾਂ ਦੇ ਅੰਦਰ,
ਕਦੀ ਪਰਬਤਾਂ ਦੇ ਦੁਆਰੇ
ਸਦੀਆਂ ਤੋਂ ਵਾ ਦੇ ਬੁੱਲੇ,
ਫਿਰਦੇ ਨੇ ਮਾਰੇ ਮਾਰੇ

ਤਪਦਾ ਏ ਤਪਿਆ ਸੂਰਜ,
ਸਾਗਰ ਚ ਡੁੱਬ ਨਾ ਸਕਿਆ
ਪਾਣੀ ਸਮੁੰਦਰਾਂ ਦਾ,
ਤਪ ਕੇ ਮਿਲਣ ਨੂੰ ਉਡਿਆ

ਡਿਗਿਆ ਪਹਾੜਾਂ ਉਤੇ,
ਬਣ ਕੇ ਬਰਫ਼ ਦੇ ਤੂੰਬੇ
ਕਿੰਜ ਸ਼ਾਂਤ ਹੋ ਰਹੇ ਨੇ,
ਉਹਦੇ ਕਾਲਜੇ ਦੇ ਲੂੰਬੇ

ਧਰਤੀ ਹਜ਼ਾਰ ਦੁਖੜੇ,
ਸੀਨੇ ਦੇ ਵਿਚ ਲੁਕੋਂਦੀ
ਅੰਦਰ ਲੁਕੇ ਜਲਾਂ ਵਿਚ,
ਅੱਖੀਆਂ ਡੁਬੋ ਕੇ ਰੋਂਦੀ

ਕਦੀ ਪਾੜ ਕੇ ਕਲੇਜਾ,
ਫੁਟਦੀ ਏ ਤੇਜ਼ ਜੁਆਲਾ
ਟੁਟਦੇ ਨੇ ਕੜ ਸਬਰ ਦੇ,
ਖਾਂਦਾ ਏ ਦਿਲ ਉਛਾਲਾ

ਜੋ ਸਹਿ ਲਿਆ ਏ ਸਦੀਆਂ,
ਇਕ ਦਿਵਸ ਨਾ ਸਹੇਗਾ
ਸਦੀਆਂ ਦੀ ਅਣਕਹੀ ਨੂੰ,
ਇਕ ਹਾਦਸਾ ਕਹੇਗਾ

ਇਹ ਨੇੜਤਾ ਦੀ ਸੱਧਰ,
ਤੇ ਦੂਰੀਆਂ ਦਾ ਮਸਲਾ
ਸੰਯੋਗ ਦਾ ਇਹ ਸੁਪਨਾ,
ਤੇ ਵਿਯੋਗ ਦਾ ਇਹ ਅਸਲਾ

ਅਟਕੇ ਨੇ ਰੂਪ ਸਾਰੇ,
ਇਕ ਦੂਸਰੇ ਸਹਾਰੇ
ਜੇ ਕੋਸ਼ਿਸ਼ ਨਹੀਂ ਤਾਂ ਕੀ ਨੇ,
ਇਹ ਜਹਾਨ ਦੇ ਖਲਾਰੇ
 
Top