ਉਮਰ ਦੇ ਸੁੰਨੇ ਹੋਣਗੇ ਰਸਤੇ

BaBBu

Prime VIP
ਉਮਰ ਦੇ ਸੁੰਨੇ ਹੋਣਗੇ ਰਸਤੇ,
ਰਿਸ਼ਤਿਆਂ ਦਾ ਸਿਆਲ ਹੋਵੇਗਾ
ਕੋਈ ਕਵਿਤਾ ਦੀ ਸਤਰ ਹੋਵੇਗੀ,
ਜੇ ਨ ਕੋਈ ਹੋਰ ਨਾਲ ਹੋਵੇਗਾ

ਉਮਰ ਦੀ ਰਾਤ ਅੱਧੀਓਂ ਬੀਤ ਗਈ,
ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ
ਕੌਣ ਹੋਣਾ ਹੈ ਯਾਰ ਇਸ ਵੇਲੇ,
ਐਵੇਂ ਤੇਰਾ ਖ਼ਿਆਲ ਹੋਵੇਗਾ

ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ,
ਜਾਪਦਾ ਉਹ ਵੀ ਸ਼ਾਮ ਆਵੇਗੀ
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ,
ਤੇ ਚਿਰਾਗਾਂ ਦਾ ਥਾਲ ਹੋਵੇਗਾ

ਜ਼ੱਰਾ ਜ਼ੱਰਾ ਜੋ ਆਤਮਾ 'ਤੇ ਕਿਰੇ,
ਨਾਲ ਦੀ ਨਾਲ ਇਸ ਨੂੰ ਸਾਂਭੀ ਚਲ
ਵਰਨਾ ਮਿੱਟੀ ਅਤੁੱਲਵੀਂ ਹੇਠੋਂ,
ਤੈਥੋਂ ਸਿਰ ਨਾ ਉਠਾਲ ਹੋਵੇਗਾ

ਸਭ ਦੀ ਹੀ ਛਾਂ ਹੈ ਆਪਣੇ ਜੋਗੀ,
ਰੁੱਖ ਵੀ ਹੋਏ ਬੰਦਿਆਂ ਵਰਗੇ
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ,
ਇਹ ਦੁਪਿਹਰਾਂ ਨੂੰ ਹਾਲ ਹੋਵੇਗਾ

ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ,
ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ
ਮੈਨੂੰ ਤੂੰ ਅਚਨਚੇਤ ਮਾਰੇਂਗਾ,
ਐਵੇਂ ਤੇਰਾ ਖ਼ਿਆਲ ਹੋਵੇਗਾ

ਨਾ ਸਹੀ ਇਨਕਲਾਬ ਨਾ ਹੀ ਸਹੀ,
ਸਭ ਗ਼ਮਾਂ ਦਾ ਇਲਾਜ ਨਾ ਹੀ ਸਹੀ
ਪਰ ਕੋਈ ਹਲ ਜਨਾਬ ਕੋਈ ਜਵਾਬ,
ਕਿ ਸਦਾ ਹੀ ਸਵਾਲ ਹੋਵੇਗਾ
 
Top