ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ

BaBBu

Prime VIP
ਲਹੂ ਲੁਹਾਣ ਹਾਂ ਮੈਨੂੰ ਸੰਭਾਲਣਾ ਸ਼ਬਦੋ
ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ

ਮੇਰੇ 'ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ,
ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ

ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ,
ਹਰੇਕ ਦੀਪ ਮੇਰੇ ਮਨ 'ਚ ਬਾਲਣਾ ਸ਼ਬਦੋ

ਵਿਦਾ ਦਾ ਵਕਤ, ਬੜੀ ਦੂਰ ਘਰ, ਉਤਰਦੀ ਰਾਤ,
ਵਿਰਾਨ ਰਾਹਾਂ 'ਤੇ ਮੈਨੂੰ ਸੰਭਾਲਣਾ ਸ਼ਬਦੋ

ਜਦੋਂ ਉਹ ਦੂਰ ਮੇਰਾ ਚੰਨ ਗਿਆ ਤਾਂ ਜਗਣਾ ਤੁਸੀਂ,
ਅਖ਼ੀਰੀ ਰਾਤ 'ਚ ਰਸਤਾ ਦਿਖਾਲਣਾ ਸ਼ਬਦੋ

ਉਦਾਸ ਹੋਂਦ 'ਚ ਟਿੰਡਾਂ ਦੇ ਵਾਂਗ ਗਿੜਦੇ ਰਿਹੇ,
ਮੈਂ ਆਪਣੇ ਸੀਨੇ 'ਚੋਂ ਅੱਜ ਦੁਖ ਨਿਕਾਲਣਾ ਸ਼ਬਦੋ
 
Top