ਕੀ ਖਬਰ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਇਗਾ

BaBBu

Prime VIP
ਕੀ ਖਬਰ ਸੀ ਜੱਗ ਤੈਨੂੰ ਇਸ ਤਰਾਂ ਭੁੱਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਇਗਾ

ਤੂੰ ਉਸੇ ਨੂੰ ਚੁੱਕ ਲਵੇਂਗਾ ਤੇ ਪੜ੍ਹੇਂਗਾ ਖਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ

ਰੰਗ ਕੱਚੇ ਸੁਰਖੀਆਂ ਹੋਵਣਗੀਆਂ ਅਖਬਾਰ ਦੀਆਂ
ਤੇਰੇ ਡੁੱਲ੍ਹੇ ਖੂਨ ਦੀ ਕੋਈ ਖਬਰ ਤਕ ਨਾ ਲਾਇਗਾ

ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ

ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜਿਕਰ ਤਕ ਨਾ ਆਇਗਾ

ਇਸ ਤਰਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖਾਬ ਤਕ ਨਾ ਆਇਗਾ

ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇੱਕ ਆਏਗਾ, ਉਹ ਵੀ ਪਲਕ ਤੇ ਸੁਕ ਜਾਇਗਾ

ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ, ਯਾਦ ਕੁਛ ਕੁਛ ਆਇਗਾ
 
Top