ਬੀਤੇ ਲਮਹੇ ਜੋ ਗੌਲਦੇ ਪਏ ਹਾਂ

BaBBu

Prime VIP
ਬੀਤੇ ਲਮਹੇ ਜੋ ਗੌਲਦੇ ਪਏ ਹਾਂ ।
ਜਿੰਦ ਖੰਡਰਾਂ 'ਚ ਰੋਲਦੇ ਪਏ ਹਾਂ ।

ਕਿਰਚੀ ਕਿਰਚੀ ਹੈ ਖਿਲਰੀਆਂ ਸਧਰਾਂ,
ਵਾਂਗ ਝੱਲਿਆਂ ਦੇ ਟੋਲਦੇ ਪਏ ਹਾਂ ।

ਸੂਲੀ ਟੰਗੀ ਇਹ ਲੋਥ ਕਿਸਦੀ ਹੈ,
ਕਫ਼ਨ ਕਿਸਦਾ ਮਧੋਲਦੇ ਪਏ ਹਾਂ ।

ਅਪਣੇ ਕੰਨੀਂ ਵੀ ਨਹੀਂ ਸਦਾ ਪੈਂਦੀ,
ਐਸੇ ਖੂਹ 'ਚੋਂ ਅਸੀਂ ਬੋਲਦੇ ਪਏ ਹਾਂ ।

ਵੇਲਾ ਸਾਨੂੰ ਲਤਾੜ ਲੰਘ ਜਾਸੀ,
ਸੁੱਕੇ ਪੱਤਰ ਹਾਂ ਡੋਲਦੇ ਪਏ ਹਾਂ ।
 
Top