ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ

BaBBu

Prime VIP
ਸਜਣਾ ਦੀ ਚਾਨਣੀ ਅਤੇ ਯਾਰਾਂ ਦੀ ਚਾਨਣੀ ।
ਖਿੱਲਰੀ ਏ ਮੇਰੇ ਚਾਰ ਸੂ ਪਿਆਰਾਂ ਦੀ ਚਾਨਣੀ ।

ਪੂੰਜੀ ਏ ਮੇਰੇ ਕੋਲ ਇਹ ਜੀਵਨ ਦੇ ਰਾਹ ਦੀ,
ਉਲਫ਼ਤ ਦੇ ਢੇਰਾਂ ਫੁੱਲ, ਇਤਬਾਰਾਂ ਦੀ ਚਾਨਣੀ ।

ਮੁੜਕੇ ਨਾ ਦਿਲ ਨੂੰ ਭਾਅ ਸਕੀ ਸ਼ਹਿਰਾਂ ਦੀ ਰੌਸ਼ਨੀ,
ਮਾਣੀ ਕਿਤੇ ਇਕ ਸਾਲ ਸੀ ਬਾਰਾਂ ਦੀ ਚਾਨਣੀ ।

ਮਾਰੂ ਥਲਾਂ ਦੇ ਪੰਧ 'ਚ ਯਾਦਾਂ ਦੇ ਜਿਉਂ ਸ਼ਰੀਂਹ,
ਇੰਜੇ ਬਿਰ੍ਹੋਂ ਦੀ ਰਾਤ ਹੈ ਇਕਰਾਰਾਂ ਦੀ ਚਾਨਣੀ ।

ਲੁਟਿਆ ਹੈ ਚੈਨ ਦਿਲ ਦਾ, ਮੁਰੱਵਤ ਬੇ-ਮਿਹਰ ਨੇ,
ਜੁੱਸੇ ਨੂੰ ਜਿਉਂਕਰ ਲੂਸਦੀ ਅੰਗਾਰਾਂ ਦੀ ਚਾਨਣੀ ।

ਘਿਰਿਆ ਜਦੋਂ ਹਾਂ ਦੋਸਤਾ ਗੁੰਝਲਾਂ ਦੇ ਨ੍ਹੇਰ ਵਿਚ,
ਰਸਤੇ ਸੁਝਾ ਗਈ ਹੈ ਵਿਚਾਰਾਂ ਦੀ ਚਾਨਣੀ ।
 
Top