ਮੇਰੇ ਦੁਖ ਦਾ ਦੁਖ ਨਾ ਕਰ ਤੂੰ

BaBBu

Prime VIP
ਮੇਰੇ ਦੁਖ ਦਾ ਦੁਖ ਨਾ ਕਰ ਤੂੰ, ਹਸ ਕੇ ਹਰ ਦੁਖ ਸਹਿ ਜਾਵਾਂਗਾ ।
ਮੈਂ ਤੇ ਹਾਂ ਇਕ ਵਗਦਾ-ਦਰਿਆ, ਉੱਚਾ-ਨੀਵਾਂ ਵਹਿ ਜਾਵਾਂਗਾ ।

ਕੱਲਮ-ਕੱਲਾ ਟੱਪ ਜਾਵਾਂਗਾ, ਮਾਰੂ ਪਰਬਤ ਜੀਵਨ ਦਾ,
ਪਰ ਕੀ ਇੰਜੇ ਚੁੱਪ-ਚੁਪੀਤਾ, ਧਰਤ ਦੇ ਸੀਨੇ ਲਹਿ ਜਾਵਾਂਗਾ ?

ਜੀ ਸਕਨਾਵਾਂ ਆਢ੍ਹਾ ਲਾ ਕੇ, ਨਾਲ ਮੁਕੱਦਰ ਜੇਕਰ ਯਾਰੋ,
ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ, ਮੌਤ ਦੇ ਨਾਲ ਵੀ ਖਹਿ ਜਾਵਾਂਗਾ ।

ਸੋਚ ਦੀ ਸੂਲੀ ਟੰਗਿਆ ਹੋਇਆ, ਪੀੜਾਂ ਦਾ ਭੰਡਾਰਾ ਵੰਡਾਂ,
ਦਰਦ ਖ਼ਜ਼ਾਨਾ ਮੁੱਕਿਆ ਜਿਸ ਦਿਨ, ਸੂਲੀ ਉੱਤੋਂ ਢਹਿ ਜਾਵਾਂਗਾ ।

ਕਿਹੜੀ ਕਿਹੜੀ ਗੱਲ 'ਤੇ ਮੈਨੂੰ ਤੁਸੀਂ ਸਜ਼ਾਵਾਂ ਦੇਸੋ ਲੋਕੋ !
ਮੈਂ ਝੱਲਾ ਤੇ ਝੱਲ-ਵਲੱਲਾ, ਜਾਣੇ ਕੀ ਕੁਝ ਕਹਿ ਜਾਵਾਂਗਾ ।
 
Top