ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ

BaBBu

Prime VIP
ਅੰਨ੍ਹੀਆਂ, ਬੋਲੀਆਂ, ਗੁੰਗੀਆਂ ਰਾਤਾਂ, ਨਾ ਜਿਉਂਦਾ ਨਾ ਮਰਦਾ ਕੋਈ ।
ਪਲ-ਪਲ ਜੁੱਸਾ ਖੋਰੀ ਜਾਵੇ, ਗੁੱਝਾ ਰੋਗ ਅੰਦਰ ਦਾ ਕੋਈ ।

ਪੱਥਰਾਂ ਦੇ ਸੰਗ ਪੱਥਰ ਹੋ ਗਏ, ਸ਼ੀਸ਼ੇ ਦੇ ਦਿਲ ਵਾਲੇ ਲੋਕ,
ਸੰਗ-ਦਿਲਾਂ ਦੇ ਆਖ਼ਰ ਕਦ ਤੱਕ ਤਰਲੇ ਮਿੰਨਤਾਂ ਕਰਦਾ ਕੋਈ ?

ਮੁੱਦਤ ਪਿੱਛੋਂ ਤੇਰੀਆਂ ਯਾਦਾਂ, ਸੱਜਣਾ ! ਇੰਜ ਅੱਜ ਆਈਆਂ ਨੇ,
ਗ਼ੈਰਾਂ ਵਾਂਗੂੰ ਜਿਉਂ ਖੜਕਾਵੇ, ਕੁੰਡਾ ਅਪਣੇ ਘਰ ਦਾ ਕੋਈ ।

ਅੱਖਾਂ ਠੰਢੀਆਂ ਕਰਦੀ ਭਾਵੇਂ, ਚੜ੍ਹਦੇ ਦਿਨ ਦੀ ਨਿੰਮ੍ਹੀ ਲੋਅ,
ਹਾੜ੍ਹ ਦੀ ਰੁੱਤੇ, ਸਿਖ਼ਰ-ਦੁਪਹਿਰੇ, ਕਹਿਰ ਨਾ ਉਸਦਾ ਜਰਦਾ ਕੋਈ ।

ਦਿਲ ਦਾ ਦੀਵਾ ਜੇ ਬੁਝ ਜਾਂਦਾ, ਕਦੀ ਨਾ ਹੁੰਦਾ ਜੱਗ 'ਤੇ ਚਾਨਣ,
ਲੱਖਾਂ ਨਾਲ ਬਹਾਰਾਂ ਲੈ ਕੇ, ਭਾਵੇਂ ਨਿੱਤ ਸੰਵਰਦਾ ਕੋਈ ।

ਇਸ਼ਕ-ਝਨਾਂ ਦੀਆਂ ਛੱਲਾਂ ਦੇ ਵਿਚ, ਠਿੱਲ੍ਹਣ ਨੂੰ ਦਿਲ ਸਭ ਦਾ ਕਰਦਾ,
ਠਿੱਲ੍ਹ ਵੀ ਪੈਂਦਾ ਜਣਾ-ਖਣਾ, ਪਰ ਟਾਂਵਾਂ ਟਾਂਵਾਂ ਤਰਦਾ ਕੋਈ ।
 
Top