ਐ ਹੁਸਨ ਹਕੀਕੀ ਨੂਰ ਅਜ਼ਲ

BaBBu

Prime VIP
ਐ ਹੁਸਨ ਹਕੀਕੀ ਨੂਰ ਅਜ਼ਲ ।ਤੈਨੂੰ ਵਾਜਬ ਤੇ ਅਮਕਾਨ ਕਹੂੰ ।
ਤੈਨੂੰ ਖਾਲਕ ਜ਼ਾਤ ਕਦੀਮ ਕਹੂੰ ।ਤੈਨੂੰ ਹਾਦਸ ਖ਼ਲਕ ਜਹਾਨ ਕਹੂੰ ।
ਤੈਨੂੰ ਮੁਤਲਕ ਮਹਜ਼ ਵਜੂਦ ਕਹੂੰ ।ਤੈਨੂੰ ਇਲਮੀਆ ਅਯਾਨ ਕਹੂੰ ।
ਅਰਵਾਹ ਨਫੂਸ ਅਕੂਲ ਮਿਸਾਲ ।ਅਸ਼ਬਾਹ ਅਯਾਨ ਨਿਹਾਂ ਕਹੂੰ ।
ਤੈਨੂੰ ਐਨ ਹਕੀਕਤ ਮਾਹੀਅਤ ।ਤੈਨੂੰ ਅਰਜ ਸਿਫ਼ਤ ਤੇ ਸ਼ਾਨ ਕਹੂੰ ।
ਅਨਵਾਅ ਕਹੂੰ ਔਜ਼ਾਅ ਕਹੂੰ ।ਇਤਵਾਰ ਕਹੂੰ ਔਜ਼ਾਅ ਕਹੂੰ ।
ਤੈਨੂੰ ਅਰਸ਼ ਕਹੂੰ ਅਫ਼ਲਾਕ ਕਹੂੰ ।ਤੈਨੂੰ ਨਾਜ਼ ਨਈਮ ਜਿਨਾਂ ਕਹੂੰ ।
ਤੈਨੂੰ ਤਤ ਜਮਾਦ ਨਬਾਤ ਕਹੂੰ ।ਹੈਵਾਨ ਕਹੂੰ ਇਨਸਾਨ ਕਹੂੰ ।
ਤੈਨੂੰ ਮਸਜਦ ਮੰਦਰ ਦੈਰ ਕਹੂੰ ।ਤੈਨੂੰ ਪੋਥੀ ਤੇ ਕੁਰਾਨ ਕਹੂੰ ।
ਤਸਬੀਹ ਕਹੂੰ ਜ਼ੱਨਾਰ ਕਹੂੰ ।ਤੈਨੂੰ ਕੁਫ਼ਰ ਕਹੂੰ ਈਮਾਨ ਕਹੂੰ ।
ਤੈਨੂੰ ਬਾਦਲ ਬਰਖਾ ਗਾਜ ਕਹੂੰ ।ਤੈਨੂੰ ਬਿਜਲੀ ਤੇ ਬਾਰਾਨ ਕਹੂੰ ।
ਤੈਨੂੰ ਆਬ ਕਹੂੰ ਤੇ ਖ਼ਾਕ ਕਹੂੰ ।ਤੈਨੂੰ ਬਾਦ ਕਹੂੰ ਨੀਰਾਨ ਕਹੂੰ ।
ਤੈਨੂੰ ਦਸਰਤ ਲਛਮਨ ਰਾਮ ਕਹੂੰ ।ਤੈਨੂੰ ਸੀਤਾ ਜੀ ਜਾਨਾਨ ਕਹੂੰ ।
ਬਲਦੇਵ ਜਸੋਦਾ ਨੰਦ ਕਹੂੰ ।ਤੈਨੂੰ ਕਿਸਨ ਕਨ੍ਹੀਆ ਕਾਨ ਕਹੂੰ ।
ਤੈਨੂੰ ਬਰਮਾ ਬਿਸ਼ਨ ਗਨੇਸ਼ ਕਹੂੰ ।ਮਹਾਂਦੇਵ ਕਹੂੰ ਭਗਵਾਨ ਕਹੂੰ ।
ਤੈਨੂੰ ਗੀਤ ਗ੍ਰੰਥ ਤੇ ਬੇਦ ਕਹੂੰ ।ਤੈਨੂੰ ਗਿਆਨ ਕਹੂੰ ਅਗਿਆਨ ਕਹੂੰ ।
ਤੈਨੂੰ ਆਦਮ ਹੱਵਾ ਸ਼ੈਸ ਕਹੂੰ ।ਤੈਨੂੰ ਨੂਹ ਕਹੂੰ ਤੂਫ਼ਾਨ ਕਹੂੰ ।
ਤੈਨੂੰ ਇਬਰਾਹੀਯ ਖ਼ਲੀਲ ਕਹੂੰ ।ਤੈਨੂੰ ਮੂਸਾ ਬਿਨ ਇਮਰਾਨ ਕਹੂੰ ।
ਤੈਨੂੰ ਹਰ ਦਿਲ ਦਾ ਦਿਲਦਾਰ ਕਹੂੰ ।ਤੈਨੂੰ ਅਹਿਮਦ ਆਲੀ ਸ਼ਾਨ ਕਹੂੰ ।
ਤੈਨੂੰ ਸ਼ਾਹਦ ਮੁਲਕ ਹਜਾਜ਼ ਕਹੂੰ ।ਤੈਨੂੰ ਬਾਇਸ ਕੋਨ ਮਕਾਨ ਕਹੂੰ ।
ਤੈਨੂੰ ਨਾਜ਼ ਕਹੂੰ ਅੰਦਾਜ਼ ਕਹੂੰ ।ਤੈਨੂੰ ਹੂਰ ਪਰੀ ਗੁਲਮਾਨ ਕਹੂੰ ।
ਤੈਨੂੰ ਨੋਕ ਕਹੂੰ ਤੈਨੂੰ ਟੋਕ ਕਹੂੰ ।ਤੈਨੂੰ ਸੁਰਖੀ ਬੀੜਾ ਪਾਨ ਕਹੂੰ ।
ਤੈਨੂੰ ਤਬਲਾ ਤੇ ਤੰਬੂਰ ਕਹੂੰ ।ਤੈਨੂੰ ਢੋਲਕ ਤੇ ਸੁਰਬਾਨ ਕਹੂੰ ।
ਤੈਨੂੰ ਹੁਸਨ ਤੇ ਹਾਰ ਸ਼ਿੰਗਾਰ ਕਹੂੰ ।ਤੈਨੂੰ ਵਿਸ਼ਵਾ ਗ਼ਮਜ਼ਾ ਆਨ ਕਹੂੰ ।
ਤੈਨੂੰ ਇਸ਼ਕ ਕਹੂੰ ਤੈਨੂੰ ਇਲਮ ਕਹੂੰ ।ਤੈਨੂੰ ਵਹਿਮ ਯਕੀਨ ਗੁਮਾਨ ਕਹੂੰ ।
ਤੈਨੂੰ ਹੁਸਨ ਕੱਵੀ ਇਦਰਾਕ ਕਹੂੰ ।ਤੈਨੂੰ ਜ਼ੌਕ ਕਹੂੰ ਵਜਦਾਨ ਕਹੂੰ ।
ਤੈਨੂੰ ਸਕਰ ਕਹੂੰ ਸਕਰਾਨ ਕਹੂੰ ।ਤੈਨੂੰ ਹੈਰਤ ਤੇ ਹੈਰਾਨ ਕਹੂੰ ।
ਤਸਲੀਮ ਕਹੂੰ ਤਲਵੀਨ ਕਹੂੰ ।ਤਮਕੀਨ ਕਹੂੰ ਅਰਫਾਨ ਕਹੂੰ ।
ਤੈਨੂੰ ਸੁੰਬਲ ਸੋਸਨ ਸਰਵ ਕਹੂੰ ।ਤੈਨੂੰ ਨਰਗਸ ਨਾਫੁਰਮਾਨ ਕਹੂੰ ।
ਤੈਨੂੰ ਲਾਲ ਦਾਗ਼ ਤੇ ਬਾਗ਼ ਕਹੂੰ ।ਗੁਲਜ਼ਾਰ ਕਹੂੰ ਬੁਸਤਾਨ ਕਹੂੰ ।
ਤੈਨੂੰ ਖੰਜਰ ਤੀਰ ਤਫ਼ੰਗ ਕਹੂੰ ।ਤੈਨੂੰ ਬਰਛਾ ਬਾਂਕ ਸਨਾਨ ਕਹੂੰ ।
ਤੈਨੂੰ ਤੀਰ ਖਦੰਗ ਕਮਾਨ ਕਹੂੰ ।ਸੁਫਾਰ ਕਹੂੰ ਪੈਕਾਨ ਕਹੂੰ ।
ਬੇਰੰਗ ਕਹੂੰ ਬੇਮਿਸਲ ਕਹੂੰ ।ਬੇ ਸੂਰਤ ਹਰ ਹਰ ਆਨ ਕਹੂੰ ।
ਸਬੂਹ ਕਹੂੰ ਕਦੂਸ ਕਹੂੰ ।ਰਹਿਮਾਨ ਕਹੂੰ ਸੁਬਹਾਨ ਕਹੂੰ ।
ਕਰ ਤੋਬਾ ਤੁਰਤ ਫ਼ਰੀਦ ਸਦਾ ।ਹਰ ਸ਼ੈ ਨੂੰ ਪੁਰ ਨੁਕਸਾਨ ਕਹੂੰ ।
ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ ।
 
Top